ਡਾ. ਅੰਬੇਦਕਰ ਦੇ ਸੁਪਨਿਆਂ ਦਾ ਭਾਰਤ

Ambedkar Jayanti Sachkahoon

ਅੰਬੇਦਕਰ ਜਯੰਤੀ ’ਤੇ ਵਿਸ਼ੇਸ਼

ਬੇਸ਼ੱਕ ਭਾਰਤ ਸਨ 1947 ’ਚ ਹੀ ਅੰਗਰੇਜ਼ਾਂ ਤੋਂ ਅਜ਼ਾਦੀ ਹਾਸਲ ਕਰਕੇ ਦੁਨੀਆਂ ਦੇ ਨਕਸ਼ੇ ’ਤੇ ਆਪਣੀ ਸੁਤੰਤਰ ਹੋਂਦ ਸਥਾਪਤ ਕਰ ਚੁੱਕਾ ਹੈ, ਪਰ ਭਾਰਤੀ ਸਮਾਜ ’ਚ ਅਜੇ ਵੀ ਏਕਤਾ, ਬਰਾਬਰਤਾ ਤੇ ਭਾਈਚਾਰੇ ਦੀ ਭਾਵਨਾ ਦੀ ਬਹੁਤ ਕਮੀ ਹੈ, ਜਿਸ ਨੂੰ ਹਾਸਲ ਕਰਨ ਵਿਚ ਡਾ. ਭੀਮ ਰਾਓ ਅੰਬੇਦਕਰ ਦੇ ਮਾਨਸਿਕ ਅਤੇ ਸਮਾਜਕ ਅਜਾਦੀ ਸੰਬੰਧੀ ਵਿਚਾਰ ਅਹਿਮ ਰੋਲ ਅਦਾ ਕਰ ਸਕਦੇ ਹਨ। ਡਾ. ਅੰਬੇਦਕਰ ਦਾ ਜਨਮ 14 ਅਪਰੈਲ 1891 ਨੂੰ ਮੱਧ ਪ੍ਰਦੇਸ਼ ਦੀ ਮਹੂ ਛਾਉਣੀ ’ਚ ਹੋਇਆ।

ਤੇਜ਼ ਦਿਮਾਗ ਹੋਣ ਕਾਰਨ, ਉਹ ਹਰ ਪਾਸਿਉਂ ਗਿਆਨ ਅਤੇ ਜਾਣਕਾਰੀ ਇਕੱਠੀ ਕਰਨ ’ਚ ਮਸ਼ਗੂਲ ਰਹਿੰਦੇ ਸਨ। 1907 ’ਚ ਉਨ੍ਹਾਂ ਨੇ ਮੈਟਿ੍ਰਕ ਦੀ ਪ੍ਰੀਖਿਆ ਪਾਸ ਕੀਤੀ। 1908 ’ਚ 17 ਸਾਲ ਦੀ ਉਮਰ ’ਚ ਡਾ. ਅੰਬੇਦਕਰ ਦਾ ਵਿਆਹ ਰਮਾਬਾਈ ਦੇ ਨਾਲ ਹੋਇਆ। ਉਨ੍ਹਾਂ ਨੇ ਬੜੋਦਾ ਦੇ ਮਹਾਰਾਜ ਵੱਲੋਂ ਦਿੱਤੇ ਜਾਣ ਵਾਲੇ ਵਜੀਫੇ ਵਾਲੀ 25 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਦੇ ਬਲਬੂਤੇ ’ਤੇ 1912 ’ਚ ਬੀ. ਏ. ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ। ਫਿਰ ਉਹ ਉਚੇਰੀ ਸਿੱਖਿਆ ਲਈ ਵਿਦੇਸ਼ ਚਲੇ ਗਏ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਐਮ ਏ ਤੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਪਰ ਅਚਾਨਕ ਵਜੀਫਾ ਬੰਦ ਕੀਤੇ ਜਾਣ ’ਤੇ ਉਹ ਭਾਰਤ ਵਾਪਸ ਆਏ ਅਤੇ ਬੜੌਦਾ ਦੀ ਅਛੂਤ ਯਾਨੀ ਦਲਿਤ ਫੌਜ ਵਿਚ ਸਕੱਤਰ ਦੇ ਅਹੁਦੇ ’ਤੇ ਕੰਮ ਕਰਨ ਲੱਗੇ।

ਪਰ ਰਿਆਸਤ ਦੀ ਸੇਵਾ ’ਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ ’ਚ ਉਹ ਮੁੰਬਈ ਦੇ ਸਿਡਨੇਮ ਕਾਲਜ ਆਫ ਕਾਮਰਸ ਐਂਡ ਇਕਨੋਮਿਕਸ ’ਚ ਪ੍ਰੋਫੈਸਰ ਲੱਗ ਗਏ। 1920 ’ਚ ਕੋਲ੍ਹਾਪੁਰ ਦੇ ਮਹਾਰਾਜ ਵੱਲੋਂ ਵਜੀਫਾ ਹਾਸਲ ਕਰਕੇ, ਉਹ ਆਪਣੀ ਅਧੂਰੀ ਪੜ੍ਹਾਈ ਪੂਰੀ ਕਰਨ ਲਈ ਲੰਦਨ ਚਲੇ ਗਏ। 1923 ’ਚ ਉਨ੍ਹਾਂ ਨੂੰ ਡਾਕਟਰ ਆਫ ਸਾਇੰਸ (ਡੀਐਸਸੀ) ਦੀ ਪਦਵੀ ਹਾਸਲ ਹੋਈ। ਲੰਦਨ ’ਚ ਬੈਰਿਸਟਰੀ ਪਾਸ ਕਰਕੇ, ਉਹ ਵਾਪਸ ਭਾਰਤ ਪਰਤ ਆਏ। ਫਿਰ ਉਹ ਮੁੰਬਈ ਹਾਈ ਕੋਰਟ ’ਚ ਵਕਾਲਤ ਕਰਨ ਲੱਗ ਗਏ ਅਤੇ ਮੁੰਬਈ ਵਿਧਾਨ-ਪ੍ਰੀਸ਼ਦ ਦੇ ਮੈਂਬਰ ਚੁਣੇ ਗਏ।

ਡਾ. ਅੰਬੇਦਕਰ ਨੇ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ। ਉਨ੍ਹਾਂ ਦੇ ਪੇਰਣਾਸੋ੍ਰਤ ਕਬੀਰ, ਮਹਾਤਮਾ ਫੂਲੇ ਤੇ ਮਹਾਤਮਾ ਬੁੱਧ ਸਨ। ਉਨ੍ਹਾਂ ਨੇ ਆਪਣੀ ਪ੍ਰਸਿੱਧ ਕਿਤਾਬ ‘ਸ਼ੂਦਰ ਕੌਣ ਸਨ?’ ਨੂੰ ਮਹਾਤਮਾ ਫੂਲੇ ਨੂੰ ਭੇਂਟ ਕੀਤਾ। ਉਨ੍ਹਾਂ ਨੇ ਅਛੂਤਾਂ, ਗਰੀਬ ਕਿਸਾਨਾਂ, ਔਰਤਾਂ ਤੇ ਮਜ਼ਦੂਰਾਂ, ਸਾਰਿਆਂ ਦੇ ਸਮਾਜਿਕ, ਰਾਜਨੀਤਿਕ ਤੇ ਆਰਥਿਕ ਮੁੱਦਿਆਂ ਨੂੰ ਚੁੱਕਿਆ। ਭਾਰਤੀ ਸਮਾਜ ’ਚ ਅਛੂਤਾਂ ਦੀ ਮਾੜੀ ਹਾਲਤ ਨੂੰ ਉਨ੍ਹਾਂ ਨੇ ਖੁਦ ਨੇ ਵੀ ਭੋਗਿਆ। ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਤੇ ਸ਼ੋਸ਼ਣ ਖਿਲਾਫ ਕਈ ਅੰਦੋਲਨ ਕੀਤੇ। ਉਨ੍ਹਾਂ ਨੇ ਅਛੂਤਾਂ ਤੇ ਦਲਿਤਾਂ ਦੇ ਕਲਿਆਣ ਲਈ 1917 ਤੋਂ ਹੀ ਅੰਦੋਲਨ ਸ਼ੁੁਰੂ ਕਰ ਦਿੱਤੇ ਸਨ, ਪਰ 1927 ਤੋਂ ਉਨ੍ਹਾਂ ਦੇ ਅੰਦੋਲਨਾਂ ਨੇ ਦਬਦਬਾ ਬਣਾਉਣਾ ਸ਼ੁਰੂ ਕੀਤਾ।

ਭੀਮ ਰਾਓ ਅੰਬੇਦਕਰ ਜਾਤ-ਪਾਤ ਦੀਆ ਜੰਜੀਰਾਂ ਤੋੜ ਕੇ ਇੱਕ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕੋਈ ਵੀ ਦੇਸ਼ ਉਦੋਂ ਤਰੱਕੀ ਕਰ ਸਕਦਾ ਹੈ, ਜਦੋਂ ਉੱਥੋਂ ਦੀਆਂ ਔਰਤਾਂ ਤੇ ਬੱਚਿਆਂ ਦੀ ਦਸ਼ਾ ਚੰਗੀ ਹੋਵੇ। ਉਨ੍ਹਾਂ ਨੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਸਿੱਖਿਆ ਵੱਲ ਵੀ ਸਮਾਜ ਦਾ ਧਿਆਨ ਕਰਵਾਇਆ। ਉਨ੍ਹਾਂ ਨੇ ਬਾਲ-ਵਿਆਹ ਦਾ ਵੀ ਵਿਰੋਧ ਕੀਤਾ। ਨਾਲ ਹੀ ਹਿੰਦੂ-ਕੋਡ ਬਿੱਲ (ਜਿਸ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਗਏ ਸਨ) ਨੂੰ ਪਾਸ ਕਰਵਾਉਣ ਲਈ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਹੀ ਸੰਵਿਧਾਨ ’ਚ ਬਰਾਬਰਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ।

ਭਾਰਤ ਨੂੰ ਅਜਾਦ ਹੋਏ ਸੱਤ 7 ਦਹਾਕੇ ਹੋ ਗਏ ਹਨ, ਪਰ ਮੌਜੂਦਾ ਸਮੇਂ ’ਚ ਅਸੀਂ ਲੋਕ ਇੱਕ-ਦੂਜੇ ਦੇ ਨੇੜੇ ਆਉਣ ਦੀ ਬਜਾਏ ਇੱਕ-ਦੂਜੇ ਤੋਂ ਦੂਰ ਜਾ ਰਹੇ ਹਾਂ। ਆਵਾਜਾਈ ਦੇ ਅਨੇਕਾਂ ਸਾਧਨ ਵਿਕਸਿਤ ਹੋਣ ਕਾਰਨ ਸਾਡੀਆਂ ਸਥਾਨਕ ਦੂਰੀਆਂ ਤਾਂ ਜਰੂਰ ਘੱਟ ਗਈਆਂ ਹਨ, ਪਰ ਧਰਮ, ਜਾਤੀ, ਭਾਸ਼ਾ, ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਵਾਰਥਾਂ ਦੇ ਚੱਲਦਿਆਂ ਅਸੀਂ ਕਿਤੇ ਨਾ ਕਿਤੇ ਅੱਜ ਵੀ ਮਾਨਸਿਕ ਅਤੇ ਸਮਾਜਿਕ ਗੁਲਾਮੀ ਦੇ ਸ਼ਿਕਾਰ ਹਾਂ। ਬਾਬਾ ਸਾਹਿਬ ਅੰਬੇਦਕਰ ਲਈ ਆਪਣਾ ਦੇਸ਼ ਸਭ ਤੋਂ ਜਿਆਦਾ ਅਹਿਮ ਸੀ। ਸਭ ਤੋਂ ਪਹਿਲਾਂ ਉਹ ਆਪਣੇ-ਆਪ ਨੂੰ ਭਾਰਤਵਾਸੀ ਮੰਨਦੇ ਸਨ ਤੇ ਬਾਅਦ ’ਚ ਹੋਰ ਕੁਝ। ਉਨ੍ਹਾਂ ਲਈ ਦੇਸ਼ ਹਿੱਤ ਸਭ ਤੋਂ ਉੱਪਰ ਸੀ। ਉਨ੍ਹਾਂ ਨੇ ਕਈ ਮੌਕਿਆਂ ’ਤੇ ਕਿਹਾ ਕਿ ਇੱਕ ਚੰਗਾ ਸਮਾਜ ਅਜ਼ਾਦੀ, ਸਮਾਨਤਾ ਤੇ ਭਾਈਚਾਰੇ ’ਤੇ ਅਧਾਰਿਤ ਹੁੰਦਾ ਹੈ, ਇਨ੍ਹਾਂ ਤਿੰਨੇ ਤੱਤਾਂ ਨੂੰ ਇੱਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਹ ਤਿੰਨੋਂ ਤੱਤ ਮਿਲ ਕੇ ਹੀ ਸਮਾਜ ’ਚ ਇੱਕਜੁਟਤਾ ਸਥਾਪਿਤ ਕਰਦੇ ਹਨ। ਭਾਰਤ ’ਚ ਅਨੇਕਾਂ ਧਰਮ ਤੇ ਜਾਤਾਂ ਹਨ। ਇਨ੍ਹਾਂ ਦੀ ਆੜ ਲੈ ਕੇ ਕੁਝ ਲੋਕ ਸਮਾਜਿਕ ਜੀਵਨ ’ਚ ਵਖਰੇਵੇਂ ਪੈਦਾ ਕਰ ਸਕਦੇ ਹਨ, ਜਿਸ ਨਾਲ ਦੇਸ਼ ਦੀ ਬੁਨਿਆਦ ਲਈ ਖਤਰਾ ਪੈਦਾ ਹੋ ਸਕਦਾ ਹੈ। ਅੰਗਰੇਜ਼ਾਂ ਤੋਂ ਅਜਾਦ ਹੋਏ ਤਾਂ ਸਾਨੂੰ ਐਨੇ ਸਾਲ ਬੀਤ ਗਏ ਹਨ ਪਰ ਅਸੀਂ ਅਜੇ ਵੀ ਮਾਨਸਿਕ ਅਜਾਦੀ ਹਾਸਲ ਨਹੀਂ ਕਰ ਪਾਏ ਹਾਂ। ਆਏ ਦਿਨ ਹੋਣ ਵਾਲੇ ਦੰਗੇ-ਫਸਾਦ ਕਿਤੇ ਨਾ ਕਿਤੇ ਇਸੇ ਵੱਲ ਇਸ਼ਾਰਾ ਕਰਦੇ ਹਨ।

ਡਾ ਅੰਬੇਦਕਰ ਕਹਿੰਦੇ ਸਨ ਕਿ ਜਿਸ ਧਰਮ ਦਾ ਮੂਲ ਮਨੁੱਖ-ਮਨੱੁਖ ’ਚ ਫਰਕ ਪੈਦਾ ਕਰਨਾ ਹੈ, ਉਹ ਧਰਮ ਸੱਚਾ ਧਰਮ ਕਹਾਉਣ ਦੇ ਲਾਇਕ ਨਹੀਂ ਹੈ। ਦਰਅਸਲ ਨੈਤਿਕਤਾ ’ਤੇ ਅਧਾਰਿਤ ਧਰਮ ਹੀ ਸਮਾਜ ਲਈ ਲਾਹੇਵੰਦ ਹੈ। ਨਾਲ ਹੀ ਡਾ. ਅੰਬੇਦਕਰ ਨੂੰ ਸਭ ਤੋਂ ਜ਼ਿਆਦਾ ਗੁੱਸਾ ਜਾਤੀ-ਪ੍ਰਥਾ ਅਤੇ ਇਸ ਤੋਂ ਪੈਦਾ ਹੋਏ ਛੂਤਛਾਤ ’ਤੇ ਸੀ। ਕਿਸੇ ਵੀ ਵਿਅਕਤੀ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਲਈ ਆਪਣੀ ਸਮਰੱਥਾ ਦੇ ਮੁਤਾਬਿਕ ਆਪਣਾ ਰਸਤਾ ਚੁਣਨ ਦੀ ਅਜਾਦੀ ਹੋਣੀ ਚਾਹੀਦੀ ਹੈ ਪਰ ਜਾਤੀ-ਪ੍ਰਥਾ ਇਸ ਸਿਧਾਂਤ ਦਾ ਵਿਰੋਧ ਕਰਦੀ ਹੈ।

ਅਜਾਦੀ ਤੋਂ ਬਾਅਦ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਸਨ 1951 ’ਚ ਲਗਭਗ 84 ਫੀਸਦ ਅਬਾਦੀ ਅਨਪੜ੍ਹ ਸੀ। ਔਰਤਾਂ ’ਚ ਤਾਂ ਇਹ ਫੀਸਦ ਲਗਭਗ 92 ਪ੍ਰਤੀਸ਼ਤ ਸੀ। ਮੌਜੂਦਾ ਸਮੇਂ ’ਚ ਸਿੱਖਿਅਕ ਅਬਾਦੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਾਨੂੰ ਅੱਜ ਵੀ ਆਰਥਿਕ ਅਸਮਾਨਤਾ, ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਕਿ ਸਾਰੇ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਸਿੱਖਿਆ ਨਾਲ ਹੀ ਸੰਭਵ ਹੈ, ਪਰ ਸਿਰਫ ਸਿੱਖਿਆ ਨਾਲ ਹੀ ਕੰਮ ਨਹੀਂ ਚੱਲੇਗਾ, ਜਦੋਂ ਤੱਕ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹਾਸਲ ਨਹੀਂ ਕੀਤੀ ਜਾਂਦੀ, ਉਸ ਦੇ ਸਬਕਾਂ ’ਤੇ ਅਮਲ ਕਰਨ ਲਈ ਡੂੰਘਾਈ ਨਾਲ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਉਸ ਤੋਂ ਚੰਗਿਆਈ ਗ੍ਰਹਿਣ ਕਰਨ ਲਈ ਉਪਾਅ ਨਹੀਂ ਕੀਤੇ ਜਾਂਦੇ, ਉਸ ਦਾ ਇਸਤੇਮਾਲ ਕਲਿਆਣਕਾਰੀ ਕੰਮਾਂ ਲਈ ਨਹੀਂ ਕੀਤਾ ਜਾਂਦਾ। ਪਿੰਡਾਂ ਸ਼ਹਿਰਾਂ ’ਚ ਬਰਾਬਰੀ ਨਾਲ 100 ਫੀਸਦ ਸਾਖਰਤਾ ਦਾ ਮਿਸ਼ਨ ਪੂਰਾ ਨਹੀਂ ਕੀਤਾ ਜਾਂਦਾ।

ਅਸਲ ਵਿਚ ਅੰਗਰੇੇਜਾਂ ਤੋਂ ਭਾਰਤ ਨੂੰ ਜੋ ਅਜਾਦੀ ਪ੍ਰਾਪਤ ਹੋਈ, ਉਹ ਇਤਹਾਸਕ ਹੰੁਦੇ ਹੋਏ ਵੀ ਮੌਜੂਦਾ ਸਮੇਂ ’ਚ ਅਧੂਰੀ ਹੈ। ਜਦੋਂ ਤੱਕ ਰਾਜਨੀਤਿਕ ਪਾਰਟੀਆਂ ਵੱਲੋਂ ਹਕੂਮਤ ਦਾ ਗਲਤ ਇਸਤੇਮਾਲ, ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਿਕ ਅਸਮਾਨਤਾ, ਰਾਜਨੀਤਿਕ ਅਤੇ ਆਰਥਿਕ ਸਵਾਰਥ, ਭਿ੍ਰਸ਼ਟਾਚਾਰ, ਭੁੱਖ, ਬੇਰੁਜ਼ਗਾਰੀ, ਭੇਦਭਾਵ, ਛੂਤਛਾਤ ਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ. ਅੰਬੇਦਕਰ ਵੱਲੋਂ ਦੇਖਿਆ ਗਿਆ ਅਜਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸ ਲਈ ਨਾ ਸਿਰਫ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿੱਤ ਲਈ ਵਧ-ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਇਨਿਆਂ ’ਚ ਤੇ ਹਕੀਕੀ ਰੂਪ ’ਚ ਅਸੀਂ ਉਦੋਂ ਹੀ ਅਜਾਦ ਹੋ ਸਕਾਂਗੇ ਤੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦੇ ਸੁਪਨੇ ਨੂੰ ਸਾਕਾਰ ਕਰ ਸਕਾਂਗੇ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ