ਲੈਬ ਤਕਨੀਸ਼ੀਅਨ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ
ਫਿਰੋਜ਼ਪੁਰ, ਸਤਪਾਲ ਥਿੰਦ
ਕਹਿੰਦੇ ਹਨ, ਜਿਸ ਘਰ ‘ਚ ਨਸ਼ਾ ਵੜ ਜਾਂਦਾ ਹੈ ਉਸ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਪਰ ਉਸ ਪਰਿਵਾਰ ਦਾ ਕੀ ਬਣੂੰ ਜਿਸ ਵਿੱਚ ਪਿਓ ਖੁਦ ਹੀ ਆਪਣਾ ਘਰ ਉਜਾੜਣ ਲਈ ਆਪਣੇ ਲਾਲ ਨੂੰ ਨਸ਼ੇ ਸਪਲਾਈ ਕਰਦਾ ਹੋਵੇ ਉਹ ਵੀ ਜ਼ੇਲ੍ਹ ‘ਚ, ਜਿੱਥੋਂ ਕਿਸੇ ਮੁਜ਼ਰਮ ਦੇ ਸੁਧਰਨ ਦੀ ਆਸ ਹੁੰਦੀ ਹੈ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਇੱਕ ਹਵਾਲਾਤੀ ਦਾ ਹੈ, ਜਿਸ ਦਾ ਪਿਓ ਉਸ ਨੂੰ ਹੈਰੋਇਨ ਸਪਲਾਈ ਕਰਨ ਲਈ ਕੇਂਦਰੀ ਜ਼ੇਲ੍ਹ ‘ਚ ਡਿਊਟੀ ਕਰ ਰਹੇ ਲੈਬ ਤਕਨੀਸ਼ੀਅਨ ਦਾ ਸਾਹਰਾ ਲੈ ਰਿਹਾ ਸੀ ਇਸ ਦਾ ਖੁਲਾਸਾ ਉਸ ਵਕਤ ਹੋਇਆ ਜਦ ਜ਼ੇਲ੍ਹ ਕਰਮਚਾਰੀਆਂ ਵੱਲੋਂ ਬੀਤੇ ਦਿਨ ਜ਼ੇਲ੍ਹ ‘ਚ ਡਿਊਟੀ ਕਰਨ ਜਾਂਦੇ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 38 ਗ੍ਰਾਮ ਹੈਰੋਇਨ ਵਰਗੀ ਵਸਤੂ ਬਰਾਮਦ ਕੀਤੀ ਗਈ ਅਤੇ ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ।
ਪੁਲਿਸ ਦੀ ਪੁੱਛਗਿੱਛ ਦੌਰਾਨ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ ਨੇ ਮੰਨਿਆ ਕਿ ਇਹ ਸਮਾਨ ਉਸ ਵੱਲੋਂ ਜ਼ੇਲ੍ਹ ‘ਚ ਬੰਦ ਹਵਾਲਾਤੀ ਪਵਿੱਤਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਨੂੰ ਦੇਣਾ ਸੀ ਜੋ ਉਸਦਾ ਪਿਤਾ ਗੁਰਦਿੱਤ ਸਿੰਘ ਵਾਸੀ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਉਸ ਨੂੰ ਜ਼ੇਲ੍ਹ ਦੇ ਬਾਹਰ ਦੇ ਕੇ ਗਿਆ ਸੀ ਲੈਬ ਤਕਨੀਸ਼ੀਅਨ ਤੋਂ ਹੋਰ ਪੁੱਛਗਿੱਛ ਕਰਨ ਲਈ ਮਾਣਯੋਗ ਅਦਾਲਤ ਵੱਲੋਂ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਇਸ ਸਬੰਧੀ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ, ਪਵਿੱਤਰ ਸਿੰਘ ਅਤੇ ਗੁਰਦਿੱਤ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੁਰਦਿੱਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।