ਮਰਹੂਮ ਧੀ ਦੇ ਜਨਮ ਦਿਨ ’ਤੇ ਪੌਦੇ ਲਾ ਕੇ ਪਿਤਾ ਨੇ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੱਦਾ

ਵਾਤਾਵਰਨ ਦੀ ਸੁਚੱਜੀ ਤੇ ਸਮਾਂ ਰਹਿੰਦੇ ਸੰਭਾਲ ਨਾ ਕਰਨਾ ਮਨੁੱਖ ਲਈ ਬੇਹੱਦ ਖ਼ਤਰਨਾਕ: ਸ਼ਰਮਾ

ਬਰਨਾਲਾ, (ਜਸਵੀਰ ਸਿੰਘ ਗਹਿਲ)| ਵਾਤਾਵਰਨ ਪ੍ਰਤੀ ਚਿੰਤਤ ਇੱਕ ਪਿਤਾ ਨੇ ਆਪਣੀ ਮਰਹੂਮ ਧੀ ਦੇ ਜਨਮ ਦਿਨ ’ਤੇ ਪੌਦੇ ਲਾਉਣ ਦੀ ਸ਼ੁਰੂਆਤ ਕਰਕੇ ਵਾਤਾਵਰਨ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਦਿਨੋਂ-ਦਿਨ ਹੋਰ ਵਧੇਰੇ ਗੰਧਲੇ ਹੁੰਦੇ ਜਾ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਹਰ ਇਨਸਾਨ ਦਾ ਮੁੱਢਲਾ ਫ਼ਰਜ ਬਣਦਾ ਹੈ ਜਿਸ ਨੂੰ ਕੋਈ-ਕੋਈ ਹੀ ਸਮਝਦਾ ਤੇ ਨਿਭਾਉਂਦਾ ਹੈ। ਪਿੰਡ ਰਾਏਸਰ ਦੇ ਰਜਿੰਦਰ ਸ਼ਰਮਾ ਆਪਣੀ ਮਰਹੂਮ ਬੇਟੀ ਕਿਰਨਦੀਪ ਸ਼ਰਮਾ ਦੇ ਜਨਮ ਦਿਨ ਨੂੰ ਹਰ ਸਾਲ ਪੌਦੇ ਲਾ ਕੇ ਮਨਾਉਂਦੇ ਹਨ।

ਵਣ ਵਿਭਾਗ ’ਚੋਂ ਸੇਵਾ ਮੁਕਤ ਰਜਿੰਦਰ ਸ਼ਰਮਾ ਰਾਏਸਰ ਨੇ ਇਸ ਵਾਰ ਵੀ ਪੌਦੇ ਲਾਉਣ ਦਾ ਹੀ ਫੈਸਲਾ ਲਿਆ ਹੈ ਤਾਂ ਜੋ ਹਰਿਆਲੀ ਨੂੰ ਬਰਕਰਾਰ ਰੱਖਿਆ ਜਾ ਸਕੇ। ਰਜਿੰਦਰ ਸ਼ਰਮਾ ਮੁਤਾਬਕ ਮਨੁੱਖ ਨੂੰ ਜਿਉਣ ਲਈ ਤੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਣੇ ਬੇਹੱਦ ਜਰੂਰੀ ਹਨ ਕਿਉਂਕਿ ਪੌਦੇ ਜਿੱਥੇ ਮਨੁੱਖ ਦੀ ਜਿਉਣ ਦੀ ਮੁੱਢਲੀ ਜਰੂਰਤ ਹਨ, ਉੱਥੇ ਹੀ ਹਰਿਆਲੀ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵੀ ਬੇਹੱਦ ਜ਼ਰੂਰੀ ਹਨ।

ਪਰ ਸਵਾਰਥੀ ਹੋਇਆ ਮਨੁੱਖ ਪੌਦੇ ਲਾਉਣ ਦੀ ਬਜਾਇ ਪਹਿਲਾਂ ਤੋਂ ਹੀ ਲੱਗੇ ਰੁੱਖਾਂ ’ਤੇ ਵੀ ਕੁਹਾੜਾ ਚਲਾ ਕੇ ਵਾਤਾਵਰਨ ਨੂੰ ਉਜਾੜਨ ’ਤੇ ਲੱਗਾ ਹੋਇਆ ਹੈ। ਰਜਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਮਰਹੂਮ ਧੀ ਦੇ ਜਨਮ ਦਿਨ ’ਤੇ ਫਜੂਲ ਖ਼ਰਚੀ ਕਰਨ ਦੀ ਬਜਾਇ ਹਰ ਵਾਰ ਹੀ ਪੌਦੇ ਲਾਏ ਜਾਂਦੇ ਹਨ, ਜਿੰਨ੍ਹਾਂ ਦੀ ਬਾਅਦ ’ਚ ਸਾਂਭ-ਸੰਭਾਲ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੌਦੇ ਲਾਉਣ ਦੀ ਮੁਹਿੰਮ ਤਹਿਤ ਉਨ੍ਹਾਂ ਨੇ ਤਿੰਨ ਹਜ਼ਾਰ ਪੌਦੇ ਵੱਖ-ਵੱਖ ਖਾਲੀ ਪਈਆਂ ਥਾਵਾਂ ’ਤੇ ਲਾਉਣੇ ਹਨ ਜਿਸ ’ਚ ਵਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਅਮਲਤਾਸ ਦਾ ਪੌਦਾ ਲਾ ਕੇ ਪਿੰਡ ਵਿਖੇ ਆਪਣੇ ਪੁੱਤਰ ਅਮਨਦੀਪ ਸ਼ਰਮਾ ਤੇ ਪੋਤਰੇ ਰਵਨੀਤ ਸ਼ਰਮਾ ਤੋਂ ਇਲਾਵਾ ਵਿਭਾਗੀ ਕਰਮਚਾਰੀਆਂ ਨਾਲ ਮਿਲ ਕੇ ਕਰ ਦਿੱਤੀ ਹੈ। ਰਜਿੰਦਰ ਸ਼ਰਮਾ ਮੁਤਾਬਿਕ ਇਸ ਨੇਕ ਕਾਰਜ ’ਚ ਜਗਸੀਰ ਸਿੰਘ ਰੇਂਜ ਅਫਸਰ ਬਰਨਾਲਾ, ਗੁਰਮੇਲ ਸਿੰਘ ਬਲਾਕ ਅਫਸਰ ਤੇ ਗੁਰਮੀਤ ਸਿੰਘ ਵਣ ਗਾਰਡ ਆਦਿ ਨੇ ਵੀ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਅਮਨਦੀਪ ਸ਼ਰਮਾ, ਉਰਮਿਲਾ ਰਾਣੀ, ਸੋਨੀਆ ਰਾਣੀ, ਰਵਨੀਤ ਸ਼ਰਮਾ, ਅਭਿਜੀਤ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ, ਮਲਾਗਰ ਸਿੰਘ, ਅਰਜੁਨ ਸਿੰਘ, ਭਜਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਪ੍ਰੇਮ ਸਿੰਘ ਆਦਿ ਵੀ ਹਾਜ਼ਰ ਸਨ।

ਰਜਿੰਦਰ ਸ਼ਰਮਾ ਨੇ ਕਿਹਾ ਕਿ ਅਜੋਕੇ ਮਸ਼ੀਨੀ ਯੁੱਗ ’ਚ ਮਨੁੱਖ ਨੂੰ ਵਾਤਾਵਰਨ ਦੀ ਸੰਭਾਲ ਦਾ ਉੱਕਾ ਹੀ ਧਿਆਨ ਨਹੀਂ ਹੈ ਜੋ ਇਸ ਲਈ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਵਾਤਾਵਰਨ ਦੀ ਸੰਭਾਲ ਲਈ ਉਚੇਚੇ ਯਤਨ ਨਾ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਨੂੰ ਜਿਉਣ ਲਈ ਮੁੱਲ ਦੀ ਆਕਸੀਜ਼ਨ ਕੋਲ ਰੱਖਣੀ ਪਿਆ ਕਰੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਘਰ ਆਉਣ ਵਾਲੀ ਹਰ ਖੁਸ਼ੀ/ਗਮੀ ਦੇ ਮੌਕੇ ’ਤੇ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੱਦਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ