ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ਼ ਸੀ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ

Punjabi, literature, GurdialSingh

ਪ੍ਰਮੋਦ ਧੀਰ

ਵਿਸ਼ਵ ਪ੍ਰਸਿੱਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਜੇਤੂ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਚ ਹੋਇਆ ਉਹਨਾਂ ਨੇ ਮੁੱਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਫਿਰ ਉੁਹਨਾਂ ਨੇ ਗਿਆਨੀ, ਬੀ.ਏ. ਅਤੇ ਐਮ.ਏ. (ਪੰਜਾਬੀ)  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਉਹ 1945 ਤੋਂ 1953 ਤੱਕ ਕਾਰਪੇਂਟਰ ਦਾ ਕੰਮ ਕਰਦੇ ਰਹੇ, ਫਿਰ 1954 ਤੋਂ 1962 ਤੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ, 1963 ਤੋਂ 1970 ਤੱਕ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਟੀਚਰ, 1970 ਤੋਂ 1986 ਤੱਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬੀ ਲੈਕਚਰਾਰ, 1987 ਤੋਂ 1992 ਤੱਕ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਵਿਖੇ ਰੀਡਰ, 1992 ਤੋਂ 1995 ਤੱਕ ਉੱਥੇ ਹੀ ਪੰਜਾਬੀ ਦੇ ਪ੍ਰੋਫੈਸਰ ਰਹੇ। ਇਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿੱਚ ਬਲਵੰਤ ਕੌਰ ਨਾਲ ਹੋਇਆ ।

ਉਹ ਭਾਰਤ ਦੇ ਮਹਾਨ ਲੇਖਕ ਸਨ, ਜਿਨ੍ਹਾਂ ਨੂੰ ਨਾਵਲ ਲਿਖਣ ‘ਤੇ ਭਾਰਤ ਦੇ ਪ੍ਰਸਿੱਧ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ ਜਵਾਹਰ ਲਾਲ ਨਹਿਰੂ ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸਨਮਾਨੇ ਮਾਂ-ਬੋਲੀ ਦੇ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨ੍ਹਾਂ ਚਿੱਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ੍ਹਾਂ ਗਾਇਕੀ ਸ਼ੁਰੂ ਕੀਤੀ ਅਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕਥਾ-ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨ੍ਹਾਂ ਦੀ ਤ੍ਰਿਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’। ਕਲਮ ਨਾਲ ਉਨ੍ਹਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ੍ਹਾਂ ਜੋ ਵੀ ਲਿਖਿਆ ਉਸਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ੍ਹਾਂ ਦੇ ਪਹਿਲੇ ਕਹਾਣੀ-ਸੰਗ੍ਰਿਹ ‘ਸੱਗੀ ਫ਼ੁੱਲ’ ਨਾਲ ਉਹ ਕਹਾਣੀਕਾਰ ਤੇ ‘ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਨ੍ਹਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਜਿਸਨੂੰ   ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਅਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ ‘ਟਰੈਂਡ ਸੈਟਰ’ ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ।

ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸਨੂੰ ਦਰਪੇਸ਼ ਦੀਰਘ ਮੁਸ਼ਕਲਾਂ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇੱਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇੱਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਿਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ ‘ਗਿਆਨਪੀਠ ਪੁਰਸਕਾਰ’ ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨ੍ਹਾਂ ਸੰਸਾਰ ਸਾਹਿਤ ਦੀਆਂ ਕਈ ਉੱਚਤਮ ਕ੍ਰਿਤਾਂ ਦੇ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਮੈਂ 2002 ਵਿੱਚ ਐੱਮਐਸਸੀ (ਆਈਟੀ) ਕਰਨ ਦੌਰਾਨ ਆਪਣਾ ਪ੍ਰੋਜੈਕਟ ਤਿਆਰ ਕਰਨਾ ਸੀ ਤਾਂ ਮੇਰੇ ਖਿਆਲ ਵਿੱਚ ਆਇਆ ਕਿ ਕਿਉਂ ਨਾ ਸਾਡੀ ਜੈਤੋ ਮੰਡੀ ਦਾ ਨਾਂਅ ਪੂਰੇ ਸੰਸਾਰ ਵਿੱਚ ਪ੍ਰਸਿੱਧ ਕਰਨ ਵਾਲੇ ਪ੍ਰੋ: ਗੁਰਦਿਆਲ ਸਿੰਘ ਜੀ ਦੀ ਜੀਵਣੀ ‘ਤੇ ਹੀ ਪ੍ਰੋਜੈਕਟ ਤਿਆਰ ਕੀਤਾ ਜਾਵੇ, ਤਾਂ ਮੈਂ ਆਪਣੇ ਇੱਕ ਸਾਥੀ ਨਾਲ ਰਲ ਕੇ ਇਹ ਪ੍ਰੋਜੈਕਟ ਤਿਆਰ ਕਰਨ ਸਬੰਧੀ ਪ੍ਰੋ. ਗੁਰਦਿਆਲ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਦੀ ਸਹਿਮਤੀ ਲਈ। ਉਨ੍ਹਾਂ ਸਾਨੂੰ ਆਪਣੀ ਪੂਰੀ ਜੀਵਣੀ, ਪ੍ਰਾਪਤੀਆਂ, ਲਿਟਰੇਚਰ ਵਰਕ ਆਦਿ ਸਬੰਧੀ ਭਰਪੂਰ ਜਾਣਕਾਰੀ, ਫੋਟੋ ਆਦਿ ਮੁਹੱਈਆ ਕਰਵਾਏ। ਅਸੀਂ ਜਦੋਂ ਵੀ ਉਹਨਾਂ ਨੂੰ ਮਿਲਣ ਜਾਣਾ ਤਾਂ ਉਹ ਹਰ ਵਕਤ ਆਪਣੇ ਘਰ ਦੇ Àੁੱਪਰ ਬਣੇ ਚੁਬਾਰੇ ਵਿੱਚ ਲਿਖ ਰਹੇ ਹੁੰਦੇ ਸਨ, ਜਿੱਥੇ ਕਿ ਅੱਜ-ਕੱਲ੍ਹ ਪ੍ਰੋ. ਗੁਰਦਿਆਲ ਸਿੰਘ ਮਿਊਜ਼ੀਅਮ ਖੋਲ੍ਹਿਆ ਹੋਇਆ ਹੈ।

ਉਹ ਬੜੇ ਹੀ ਪਿਆਰ ਨਾਲ ਹੌਲੀ-ਹੌਲੀ ਬੋਲ ਕੇ ਸਾਡੇ ਨਾਲ ਗੱਲਾਂ ਕਰਦੇ ਤੇ ਨਸੀਹਤ ਦਿੰਦੇ ਸਨ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਬਲਵੰਤ ਕੌਰ ਜੀ ਸਾਨੂੰ ਸਵਾਦ ਜਿਹੀ ਚਾਹ ਤੇ ਘਰ ਦੀ ਬਣੀ ਬਰਫੀ ਖਵਾਏ ਬਿਨਾ ਘਰੋਂ ਜਾਣ ਨਹੀਂ ਦਿੰਦੇ ਸਨ। ਜਦੋਂ ਸਾਡਾ ਇਹ ਪ੍ਰੋਜੈਕਟ ਬਾਇਓਗ੍ਰਾਫੀ ਆਫ ਪ੍ਰੋ. ਗੁਰਦਿਆਲ ਸਿੰਘ ਯੂਨੀਵਰਸਿਟੀ ਵਿੱਚ ਸਬਮਿਟ ਕਰਵਾਇਆ ਗਿਆ ਤਾਂ ਨਤੀਜਾ ਆਉਣ ‘ਤੇ ਇਸ ਪ੍ਰੋਜੈਕਟ ਵਿੱਚੋਂ ਅਸੀਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਵਜੋਂ ਅੱਜ ਅਸੀਂ ਦੋਨੋਂ ਸਾਥੀ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਹੇ ਹਾਂ।

ਇੱਕ ਘਟਨਾ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਇੱਕ ਵਾਰ ਅਸੀਂ ਕੁਝ ਸਾਥੀਆਂ ਨੇ ਰਲ ਕੇ 2006 ਵਿੱਚ ਇੱਕ ਸੈਮੀਨਾਰ ਕਰਵਾਇਆ ਜਿਸ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਪ੍ਰੋ. ਗੁਰਦਿਆਲ ਸਿੰਘ ਜੀ ਸਨ ਸਮਾਗਮ ਵਾਲੇ ਦਿਨ ਇਹਨਾਂ ਨੂੰ ਘਰੋਂ ਲੈ ਕੇ ਆਉਣ ਤੇ ਛੱਡਣ ਦੀ ਜਿੰਮੇਵਾਰੀ ਮੇਰੀ ਲਾਈ ਗਈ। ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਤੁਹਾਨੂੰ ਘਰੋਂ ਲੈਜਾਂ ਆ ਕੇ? ਉਹਨਾਂ ਕਿਹਾ, ਬੇਟਾ ਲੈਜੋ ਪਰ ਕੋਈ ਸਪੈਸ਼ਲ ਖੇਚਲ ਨਹੀਂ ਕਰਨੀ, ਜੋ ਤੁਹਾਡੇ ਕੋਲ ਆਪਣਾ ਸਾਧਨ ਹੈ ਉਸੇ ‘ਤੇ ਆ ਕੇ ਲੈ ਜਾਵੋ ਮੈਨੂੰ ਕੋਈ ਫਾਰਮੈਲਟੀ ਦੀ ਲੋੜ ਨਹੀਂ ਤਾਂ ਮੈਂ ਦੱਸਿਆ ਕਿ ਸਰ ਮੇਰੇ ਕੋਲ ਤਾਂ ਆਪਣਾ ਮੋਟਰ ਸਾਈਕਲ ਹੈ ਜੀ ਤਾਂ ਉਹ ਮੇਰੇ ਨਾਲ ਬੈਠ ਕੇ ਬਾਈਕ ‘ਤੇ ਹੀ ਚਲੇ ਗਏ ਤੇ ਵਾਪਸੀ ‘ਤੇ ਵੀ ਬਾਈਕ ‘ਤੇ ਹੀ ਆਏ ਗੱਲ ਏਨੀ ਸਾਦਗੀ ਭਰੀ ਸੀ ਉਨ੍ਹਾਂ ਦੀ ਜੀਵਨਸ਼ੈਲੀ। ਆਖ਼ਰ 16 ਅਗਸਤ, 2016 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ।

ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਜੈਤੋ ਮੰਡੀ ਦਾ ਨਾਂਅ ਪੂਰੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਜਿਸ ‘ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਾਣ ਹੈ। ਪ੍ਰੋਫੈਸਰ ਸਾਹਿਬ ਦੇ ਜੀਵਨ ‘ਤੇ ਹੋਰ ਚਾਨਣਾ ਪਾਉਣ ਲਈ ਜਦੋਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂਆਂ ਨਾਲ ਗੱਲ ਕੀਤੀ ਤਾਂ?ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲੇ ਇਸ ਸਾਹਿਤਕਾਰ ਦਾ ਜੀਵਨ ‘ਦਰਬਾਰੀ ਰਾਗ਼’ ਅਲਾਪਣ ਵਾਲੇ ਲੇਖਕਾਂ ਲਈ ਨਸੀਹਤ ਵੀ ਹੈ। ਉਨ੍ਹਾਂ ਗੁਰਦਿਆਲ ਸਿੰਘ ਨੂੰ ਊਣਿਆਂ, ਵਿਹੂਣਿਆਂ, ਅਣਗੌਲਿਆਂ ਦਾ ਸਾਹਿਤਕਾਰ ਕਹਿ ਕੇ ਤਾਰੀਫ਼ ਕੀਤੀ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਕ੍ਰਿਤਾਂ ਬਹੁਤ ਸਾਰੇ ਦੇਸ਼ਾਂ ‘ਚ ਅਨੁਵਾਦ ਹੋ ਕੇ ਛਪੀਆਂ। ਉਹਨਾਂ ਦੱਸਿਆ ਕਿ ਮਰਹੂਮ ਪ੍ਰੋ. ਗੁਰਦਿਆਲ ਸਿੰਘ ਜੀ ਦੇ ਜਨਮ ਦਿਨ ਮੌਕੇ 10 ਜਨਵਰੀ 2019 ਨੂੰ ਨਾਮਦੇਵ ਭਵਨ, ਬਠਿੰਡਾ ਰੋਡ ਜੈਤੋ ਵਿਖੇ ਸਵੇਰੇ 11 ਵਜੇ ਉਹਨਾਂ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿੱਥੇ ਉੱਚ ਕੋਟੀ ਦੇ ਵਿਦਵਾਨ ਲੇਖਕ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਰਚਾ ਕਰਨਗੇ।

ਜੈਤੋ ਮੰਡੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।