ਦੋਹਰੇ ਕਿਰਦਾਰ ਦਾ ਮਨੁੱਖੀ ਰਿਸ਼ਤਿਆਂ ’ਤੇ ਪ੍ਰਭਾਵ

Relationships

ਬੰਦਾ ਇੱਕ ਤੇ ਕਿਰਦਾਰ ਦੂਹਰਾ, ਇਹ ਇੱਕ ਗੁੰਝਲਦਾਰ ਮਨੁੱਖ ਦੀ ਪੇਸ਼ਕਾਰੀ ਹੈ। ਦੋ ਕਿਰਦਾਰਾਂ ਦਾ ਅਰਥ ਮਨੁੱਖ ਦਾ ਖਿੰਡਾਅ ਹੈ ਜਾਂ ਮਨੁੱਖ ਦਾ ਇੱਕ ਬਟਾ ਦੋ ਹੋਣਾ ਜਾਂ ਅੱਧਾ ਰਹਿ ਜਾਣਾ ਹੁੰਦਾ। ਅੱਧਾ ਭਲਾ ਪੂਰੇ ਦਾ ਮੁਕਾਬਲਾ ਕਿਵੇਂ ਕਰੂ? ਅੱਧਾ ਪੂਰੇ ਦਾ ਭਾਗ ਹੋ ਸਕਦਾ ਜਾਂ ਪੂਰੇ ’ਚ ਜ਼ਜ਼ਬ ਹੋ ਸਕਦਾ। ਫਿਰ ਮਨੁੱਖ ਦਾ ਖਿੰਡਾਅ ਕਿਉਂ, ਦੋਹਰੇ ਕਿਰਦਾਰ ਕਿਉਂ, ਬਗਲ ’ਚ ਛੁਰੀ ਤੇ ਮੂੰਹ ’ਚ ਰਾਮ ਰਾਮ ਕਿਉਂ? ਸ਼ਾਨ ਜਾਂ ਖੂਬਸੂਰਤੀ ਇੱਕਮਿੱਕ ਹੋਣ ਵਿੱਚ ਹੈ ਨਾ ਕਿ ਖਿੰਡਣ ਵਿੱਚ। ਦੋ ਮੂੰਹਾ ਸੱਪ ਅਤੇ ਦੋਹਰੇ ਕਿਰਦਾਰ ਦਾ ਮਾਲਕ ਦੋਵੇਂ ਸਮਾਜ ਲਈ ਖਤਰਨਾਕ ਹਨ। ਦੋਹਰਾ ਕਿਰਦਾਰ ਜਾਣੀ ਬੇ-ਜੁਬਾਨ ਹੋਣਾ। ਪਹਿਲਾਂ ਜੁਬਾਨਾਂ ਦੇ ਸੌਦੇ ਹੁੰਦੇ ਸਨ। ਘਰ ਕੱਚੇ ਜੁਬਾਨਾਂ ਪੱਕੀਆਂ। ਸਮਾਂ ਬਦਲਿਆ। ਹੁਣ ਜ਼ੁਬਾਨ ਦੀ ਜਗ੍ਹਾ ਅਸਟਾਮਾਂ ਨੇ ਲੈ ਲਈ। (Relationships)

ਨਤੀਜਾ ਇਹ ਨਿੱਕਲਿਆ ਕਿ ਬੇ-ਜੁਬਾਨੇ ਲੋਕਾਂ ਦੀ ਤਾਦਾਦ ਵਧਣ ਨਾਲ ਸਮਾਜ ਵਿੱਚ ਅਸਥਿਰਤਾ ਫੈਲ ਗਈ। ਸਮਾਜ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਤੌਰ ’ਤੇ ਪੂਰੀ ਤਰ੍ਹਾਂ ਤਬਦੀਲ ਹੋ ਚੁੱਕਿਆ। ਰਿਸ਼ਤਿਆਂ ਦਾ ਚਿਹਰਾ-ਮੋਹਰਾ ਹੀ ਬਦਲ ਗਿਆ। ਰਿਸ਼ਤੇ ਤੜੱਕ ਕਰਕੇ ਟੁੱਟਣ ਲੱਗੇ ਜਾਂ ਕੁੜੱਤਣ ਨਾਲ ਭਰ ਗਏ। ਦੋਹਰੇ ਕਿਰਦਾਰਾਂ ਨੇ ਸਮਾਜ ਦਾ ਤਵਾਜਨ ਵਿਗਾੜ ਦਿੱਤਾ ਹੈ। ਲੋਕਾਂ ਵਿੱਚ ਭਾਈਚਾਰਾ ਤੇ ਸਾਂਝ ਸੁੰਗੜ ਕੇ ਰਹਿ ਗਏ ਹਨ। ਹੁਣ ਤਿਉਹਾਰਾਂ ਦੀ ਉਡੀਕ ਨਹੀਂ ਕੀਤੀ ਜਾਂਦੀ। ਇਹ ਤਿਉਹਾਰ ਸਮੂਹ ਦੀ ਜਗ੍ਹਾ ਇੱਕ ਪਰਿਵਾਰ ਤੱਕ ਸੀਮਤ ਹੋ ਗਏ ਹਨ। ਲੋਹੜੀ ਦੀ ਧੂਣੀ ਹੁਣ ਸਾਂਝੀ ਨਹੀਂ ਰਹੀ। ਬੇਵਿਸ਼ਵਾਸ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ। ਕਿਰਦਾਰ ਦੋਹਰੇ ਅਤੇ ਬੌਣੇ ਹੋਏ ਹਨ। (Relationships)

ਇਹ ਵੀ ਪੜ੍ਹੋ : ਭਾਰਤ ’ਚ ਭਾਸ਼ਾਵਾਂ ਦੇ ਅੰਤਰ ਸੰਵਾਦ ਦਾ ਸੰਕਟ

ਹਰ ਮਨੁੱਖ ਦੂਹਰੇ ਕਿਰਦਾਰ ਦੀ ਲਪੇਟ ਵਿੱਚ ਹੈ। ਜੋ ਮਨੁੱਖ ਦਿਸਦਾ ਉਹ ਨਹੀਂ ਹੈ। ਮਨੁੱਖ ਦੇ ਪਿੱਛੇ ਇੱਕ ਹੋਰ ਮਨੁੱਖ ਛੁਪਿਆ ਹੈ। ਹੁਣ ਮਨੁੱਖ ਇੱਕ ਗੁੰਝਲਦਾਰ ਬੁਝਾਰਤ ਬਣ ਗਿਆ। ਕਥਨ ਹੈ ਕਿ ਭਾਰਤੀ ਮਨੁੱਖ ਨੂੰ ਸਮਝਣ ਲਈ ਕਈ ਵਾਰ ਪੜ੍ਹਨਾ ਪੈਂਦਾ ਕਿਉਂਕਿ ਉਹਦੇ ਚਿਹਰੇ ’ਤੇ ਪਰਦਾ ਅਤੇ ਮੁਲੰਮਾ ਹੈ। ਬਹੁਤੇ ਕਿਰਦਾਰ ਮਨੁੱਖ ਦੀ ਕਿਰਦਾਰਕੁਸ਼ੀ ਕਰ ਦਿੰਦੇ ਹਨ। ਰਾਜਨੀਤੀ ਵਿੱਚ ਕਿਰਦਾਰ ਖਤਮ ਹੀ ਹੋ ਚੁੱਕਿਆ। ਇੱਕ ਲੀਡਰ ਅਨੇਕਾਂ ਕਿਰਦਾਰ ਨਿਭਾ ਰਿਹਾ। ਸਟੈਂਡ ਤਾਂ ਖ਼ਤਮ ਹੀ ਸਮਝੋ। ਘਰ ਇੱਕ ਤੇ ਉਸ ਘਰ ’ਤੇ ਅਨੇਕਾਂ ਪਾਰਟੀਆਂ ਦੇ ਝੰਡੇ ਕਿਰਦਾਰ ਦੀ ਸਭ ਤੋਂ ਭੱਦੀ ਪੇਸ਼ਕਾਰੀ ਹੈ।

Relationships

ਕਿਰਦਾਰਕੁਸ਼ੀ ਨੇ ਰਾਜਨੀਤੀ ਵਿੱਚੋਂ ਆਦਰਸ਼ ਖਤਮ ਕਰ ਦਿੱਤਾ ਹੈ। ਰੋਲ ਮਾਡਲ ਦੀ ਘਾਟ ਕਾਰਨ ਰਾਜਨੀਤੀ ਸਮੂਹ ਤੋਂ ਸਵੈ-ਹਿੱਤ ਤੱਕ ਸਿਮਟ ਗਈ ਹੈ। ਪੱਕੀਆਂ ਜੁਬਾਨਾਂ ਅਤੇ ਚੰਗੇ ਕਿਰਦਾਰ ਦੇ ਸਿਰ ’ਤੇ ਸਮਾਜ ਚੱਲਦੇ ਹਨ। ਰਾਜਨੀਤੀ ਸਿਸਟਮ ਦੀ ਓਪਰੇਟਰ ਹੁੰਦੀ ਹੈ। ਬਾਕੀ ਸਿਸਟਮ ਨੂੰ ਸੱਤਾ ਨੇ ਆਕਾਰ ਦੇਣਾ ਹੁੰਦਾ। ਚੌਰਸ ਗੱਪ ਰੋੜ੍ਹ ਦੇਣੇ ਅੱਜ ਦੀ ਰਾਜਨੀਤੀ ਦਾ ਧੰਦਾ ਬਣ ਗਿਆ। ਫੇਂਕੂ, ਗੱਪੀ, ਲਫੱਦੇ ਅਤੇ ਝੂਠ ਦਾ ਰਾਜਨੀਤੀ ਵਿੱਚ ਪਾਸਾਰ ਹੋ ਚੁੱਕਿਆ ਅਤੇ ਵਿਸਥਾਰ ਹੋ ਰਿਹਾ। ਵਿਕਾਸ ਮੂੰਹ ਜ਼ੁਬਾਨੀ ਹੋ ਰਿਹਾ। ਜਿੰਨਾ ਵੱਡਾ ਗੱਪ ਓਨਾ ਵੱਡਾ ਲੀਡਰ।

ਰਿਸ਼ਤੇ ਸੁਲਘ ਰਹੇ ਹਨ ਅਤੇ ਤਲਾਕ ਵਧ ਰਹੇ ਹਨ। ਕਾਰਨ ਰਿਸ਼ਤਿਆਂ ’ਚ ਸਪੱਸ਼ਟਤਾ ਘਟੀ ਹੈ। ਵਿਚੋਲਾ ਸਿਰਫ ਓਹਲਾ ਬਣ ਗਿਆ ਹੈ। ਪਹਿਲਾਂ ਕਿਰਦਾਰਾਂ ਵਾਲੇ ਲੋਕ ਹੀ ਰਿਸ਼ਤਾ ਤੈਅ ਕਰ ਆਉਂਦੇ ਸਨ ਅਤੇ ਕਹਿ ਦਿੰਦੇ ਕਿ ਮੈਂ ਜ਼ੁਬਾਨ ਦੇ ਆਇਆਂ। ਰਿਸ਼ਤੇ ਤੋਂ ਮੁੱਕਰਨਾ ਅਤੇ ਰਿਸ਼ਤੇ ਦਾ ਟੁੱਟਣਾ ਸਮਾਜ ਵਿੱਚ ਸਭ ਤੋਂ ਵੱਡੀ ਹੱਤਕ ਮੰਨੀ ਜਾਂਦੀ ਸੀ। ਬੰਦਾ ਸਮਾਜ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਸੀ। ਕਿਰਦਾਰ ਸਮਾਜ ਵਿੱਚ ਸੰਤੁਲਨ ਪੈਦਾ ਕਰਦੇ ਹਨ। ਦੋਹਰੇ ਕਿਰਦਾਰਾਂ ਨੇ ਲੋਕਾਂ ਵਿਚਲੇ ਲੈਣ-ਦੇਣ ਨੂੰ ਪ੍ਰਭਾਵਿਤ ਕੀਤਾ ਹੈ। ਪੈਸੇ ਤੇ ਚੀਜਾਂ ਦਾ ਲੈਣ-ਦੇਣ ਪਹਿਲਾਂ ਆਮ ਗੱਲ ਸੀ। ਕਿਸੇ ਦੇ ਕੰਮ ਆਉਣਾ ਫਰਜ ਸਮਝਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ। ਸਮੇਂ ’ਤੇ ਪੈਸੇ ਵਾਪਸ ਨਾ ਕਰਨਾ ਜਾਂ ਮੁੱਕਰ ਜਾਣਾ ਆਮ ਗੱਲ ਹੋ ਗਈ। ਭਾਈਚਾਰਕ ਸਾਂਝ ਵੀ ਇਹਦੇ ਕਰਕੇ ਸਿਮਟ ਗਈ। ਪੈਸੇ ਉਧਾਰ ਦੇਣ ਦਾ ਅਰਥ ਹੁਣ ਰਿਸ਼ਤਾ ਖਤਮ ਕਰਨਾ ਬਣ ਗਿਆ ਹੈ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਦੋਗਲੇ ਬੰਦੇ ਤੋਂ ਸਮਾਜ ਬਚ ਕੇ ਰਹਿਣ ਦੀ ਚਿਤਾਵਨੀ ਦਿੰਦਾ। ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਂਗ ਦੋਗਲੇ ਬੰਦੇ ਦੀ ਨੀਅਤ ਵਿੱਚ ਹਮੇਸ਼ਾ ਖੋਟ ਹੀ ਹੁੰਦੈ। ਅਜਿਹੇ ਬੰਦੇ ਭਾਈਚਾਰੇ ਅਤੇ ਸਾਂਝ ਦਾ ਲੋੜੋਂ ਵੱਧ ਨੁਕਸਾਨ ਕਰਦੇ ਹਨ। ਇਹਨਾਂ ਦੇ ਪਾਏ ਪੂਰਨਿਆਂ ਨੂੰ ਦੇਖਦਿਆਂ ਕਈ ਵਾਰ ਚੰਗੇ ਬੰਦੇ ਦੀ ਪੜਤ ਮਾਰੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਟਾਵੇਂ ਬੰਦੇ ਹੀ ਦੋਹਰੇ ਕਿਰਦਾਰਾਂ ਵਾਲੇ ਹੁੰਦੇ ਸਨ। ਉਹਨਾਂ ਦੀ ਕੋਈ ਬਹੁਤੀ ਬੁੱਕਤ ਨਹੀਂ ਹੁੰਦੀ ਸੀ।

ਪਰ ਹੁਣ ਅਜਿਹੇ ਕਿਰਦਾਰਾਂ ਵਾਲੇ ਬੰਦਿਆਂ ਦੀ ਭਰਮਾਰ ਹੈ। ਇਹਨਾਂ ਦੀ ਬਹੁਤਾਤ ਕਰਕੇ ਇਹਨਾਂ ਵਰਗਾ ਸਮਾਜ ਬਣਦਾ ਜਾ ਰਿਹਾ। ਇਸ ਲਈ ਚਾਲਾਕ ਤੇ ਨਕਲੀ ਜੇ ਲੋਕ ਹੁਣ ਆਮ ਮਿਲਦੇ ਹਨ। ਦੋਹਰੇ ਕਿਰਦਾਰ ਕਦੇ ਵੀ ਚੰਗੇ ਸਮਾਜ ਦੀ ਸਿਰਜਣਾ ਨਹੀਂ ਕਰਦੇ। ਇਹਨਾਂ ਕਰਕੇ ਸਮਾਜ ਦਾ ਕੱਦ ਨੀਵਾਂ ਤੇ ਚੰਗੇ ਸਮਾਜਾਂ ਲਈ ਨਫਰਤ ਵਾਲਾ ਬਣ ਜਾਂਦਾ ਹੈ। ਸੋ ਆਓ! ਚੰਗੇ ਸਮਾਜ ਦੀ ਸਿਰਜਣਾ ਲਈ ਤੇ ਸਮਾਜ ਦਾ ਕੱਦ ਅਤੇ ਕਿਰਦਾਰ ਉੱਚਾ ਚੁੱਕਣ ਲਈ ਚੰਗੇ ਕਿਰਦਾਰਾਂ ਵਾਲੇ ਮਨੁੱਖਾਂ ਦੀ ਸਿਰਜਣਾ ਦਾ ਰਾਹ ਮੋਕਲਾ ਤੇ ਪੱਧਰਾ ਕਰੀਏ।

ਪਿਆਰਾ ਸਿੰਘ ਗੁਰਨੇ ਕਲਾਂ
ਗੁਰਨੇ ਕਲਾਂ, ਮਾਨਸਾ
ਮੋ. 99156-21188