ਅੱਤਵਾਦ ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ

Terrorism

ਭਾਰਤ ਸਰਕਾਰ ਨੇ ਅੱਤਵਾਦ ਦੇ ਵਰਗੀਕਰਨ ਦਾ ਵਿਰੋਧ ਕੀਤਾ ਜੋ ਦਰੁਸਤ ਤੇ ਤਰਕ ਸੰਗਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰ ਕੰਬੋਜ਼ ਨੇ ਕਿਹਾ ਹੈ ਕਿ ਅੱਤਵਾਦ ਦਾ ਕਾਰਨਾਂ ਦੇ ਆਧਾਰ ’ਤੇ ਵਰਗੀਕਰਨ ਖਤਰਨਾਕ ਸਾਬਤ ਹੋਵੇਗਾ। ਅਸਲ ’ਚ ਕੁਝ ਦੇਸ਼ ਆਪਣੇ ਹਿੱਤਾਂ ਖਾਤਰ ਅੱਤਵਾਦ ਨੂੰ ਗੁਪਤ ਹਮਾਇਤ ਦੇਣ ਲਈ ਸ਼ਬਦਾਂ ਦੇ ਤਕਨੀਕੀ ਹੇਰ-ਫੇਰ ਜਾਂ ਸ਼ਬਦੀ ਜਾਲ ਬੁਣ ਕੇ ਅੱਤਵਾਦ ਖਿਲਾਫ ਪੈਦਾ ਹੋ ਰਹੀ ਵਿਸ਼ਵ ਲਹਿਰ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਅੱਤਵਾਦੀ ਅੱਤਵਾਦੀ ਹੀ ਹੁੰਦਾ ਹੈ। ਇੱਕ ਦੇਸ਼ ਦੇ ਅੱਤਵਾਦੀ ਨੂੰ ਦੂਜੇ ਦੇਸ਼ ’ਚ ਦੇਸ਼ਭਗਤ ਜਾਂ ਅਜ਼ਾਦੀ ਦੇ ਲੜਾਕੇ ਕਹਿਣਾ ਬਿਲਕੁਲ ਗਲਤ ਹੈ। ਇਸ ਤਰ੍ਹਾਂ ਹਿੰਸਾ ਨੂੰ ਮਾਨਤਾ ਦੇਣਾ ਹੈ ਜੋ ਮਾਨਵਤਾ ਦੇ ਖਿਲਾਫ਼ ਹੈ।

ਹਿੰਸਾ ਨੂੰ ਦੁਨੀਆ ਦਾ ਕੋਈ ਧਰਮ ਮਾਨਤਾ ਨਹੀਂ ਦਿੰਦਾ ਹੈ ਸਗੋਂ ਨਿਰਦੋਸ਼ਾਂ, ਨਿਹੱਥਿਆਂ ਦੀ ਰੱਖਿਆ ਕਰਨਾ ਮਨੁੱਖ ਦਾ ਧਰਮ ਦੱਸਿਆ ਗਿਆ ਹੈ। ਜੰਗ ਤੇ ਅੱਤਵਾਦੀ ਹਿੰਸਾ ਨੂੰ ਇੱਕ ਨਹੀਂ ਮੰਨਿਆ ਜਾ ਸਕਦਾ। ਜੰਗ ਦੌਰਾਨ ਵੀ ਆਮ ਨਾਗਰਿਕਾਂ ’ਤੇ ਹਮਲੇ ਨੂੰ ਗਲਤ ਕਰਾਰ ਦਿੱਤਾ ਗਿਆ ਹੈ। ਫੌਜਾਂ ਲੜਦੀਆਂ ਹਨ ਪਰ ਆਮ ਲੋਕਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣਾ ਫੌਜ ਦਾ ਕੰਮ ਨਹੀਂ ਹੋ ਸਕਦਾ। ਅਸਲ ’ਚ ਅੱਤਵਾਦ ਦੀ ਪਰਿਭਾਸ਼ਾ ਦੇ ਨਾਂਅ ’ਤੇ ਗੁੰਮਰਾਹ ਕਰਨ ਦੇ ਯਤਨ ਹੋ ਰਹੇ ਹਨ। ਜੰਮੂ ਕਸ਼ਮੀਰ ’ਚ ਅੱਤਵਾਦ ਨੂੰ ਪਾਕਿਸਤਾਨ ਅਜ਼ਾਦੀ ਦੀ ਲੜਾਈ ਕਰਾਰ ਦਿੰਦਾ ਹੈ ਪਰ ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ।

Terrorism ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ

ਜੰਮੂ ਕਸ਼ਮੀਰ ’ਚ ਇੱਕ ਸੰਪ੍ਰਦਾਇ ਵਿਸ਼ੇਸ਼ ਦੇ ਲੋਕਾਂ ਦੇ ਮਿਥ ਕੇ ਕਤਲ ਕੀਤੇ ਜਾ ਰਹੇ ਹਨ। ਅਜਿਹੀ ਹਿੰਸਾ ਨੂੰ ਕਿਸੇ ਸਿਧਾਂਤਕ ਜਾਂ ਵਿਚਾਰਧਾਰਾ ਦੀ ਲੜਾਈ ਦੇ ਦਾਇਰੇ ’ਚ ਨਹੀਂ ਰੱਖਿਆ ਜਾ ਸਕਦਾ। ਅਸਲ ’ਚ ਕੁਝ ਦੇਸ਼ ਆਪਣੇ ਸਵਾਰਥਾਂ ਲਈ ਹਿੰਸਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਅੱਤਵਾਦੀ ਕਰਾਰ ਦੇਣ ਦੇ ਰਸਤੇ ’ਚ ਰੁਕਾਵਟ ਬਣਦੇ ਆ ਰਹੇ ਹਨ। ਜਿਹੜਾ ਵਿਅਕਤੀ ਕਿਸੇ ਧਰਮ ਵਿਸ਼ੇਸ਼, ਖੇਤਰ, ਪੂਰੇ ਦੇ ਪੂਰੇ ਦੇਸ਼ ਵਿਸ਼ੇਸ਼ ਨੂੰ ਤਬਾਹ ਕਰਨ ਦੀਆਂ ਸ਼ਰੇ੍ਹਆਮ ਧਮਕੀਆਂ ਦੇ ਰਿਹਾ ਹੋਵੇ ਉਸ ਨੂੰ ਅੱਤਵਾਦੀ ਕਰਾਰ ਦੇਣ ’ਚ ਰੁਕਾਵਟ ਪਾਉਣੀ ਅਧਿਕਾਰਾਂ ਦੀ ਦੁਰਵਰਤੋਂ ਤੇ ਅਮਨ-ਅਮਾਨ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਅੱਤਵਾਦ ਦੇ ਖਾਤਮੇ ’ਚ ਦੇਰੀ ਇਨ੍ਹਾਂ ਰੁਕਾਵਟ ਕਾਰਨਾਂ ਹੀ ਹੋ ਰਹੀ ਹੈ।

ਆਧੁਨਿਕ ਵਿਸ਼ਵ ਅੰਦਰ ਹਿੰਸਾ ਲਈ ਕੋਈ ਥਾਂ ਨਹੀਂ। ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਚਾਹੀਦਾ ਹੈ। ਹਿੰਸਾ ਸੱਭਿਅਕ ਨਹੀਂ ਸਗੋਂ ਜਾਂਗਲੀਪੁਣੇ ਦੀ ਨਿਸ਼ਾਨੀ ਹੈ। ਜੇਕਰ ਅੱਤਵਾਦ ਦੇ ਮਾਮਲੇ ’ਚ ਸਵਾਰਥਾਂ ਦੀ ਖੇਡ ਇਸੇ ਤਰ੍ਹਾਂ ਖੇਡੀ ਗਈ ਤਾਂ ਇਹ ਕੌਮਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਬਰੇਕ ਲਾਏਗਾ। ਦੁਨੀਆ ਤੋਂ ਤੀਜੇ ਜੰਗ ਦਾ ਖਤਰਾ ਟਾਲਣ ਲਈ ਜ਼ਰੂਰੀ ਹੈ ਕਿ ਹਿੰਸਾ ਨੂੰ ਇੱਕ ਵੱਡੀ ਬੁਰਾਈ ਦੇ ਰੂਪ ’ਚ ਸਵੀਕਾਰ ਕੀਤਾ ਜਾਵੇ। ਤਾਕਤਵਰ ਮੁਲਕਾਂ ਦੇ ਅੱਤਵਾਦ ਬਾਰੇ ਮਾਪਦੰਡ ਦੂਹਰੇ ਨਹੀਂ ਹੋਣੇ ਚਾਹੀਦੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਅੱਤਵਾਦ ਦੀ ਰੋਕਥਾਮ ਲਈ ਇੱਕ ਮਜ਼ਬੂਤ ਸੰਸਥਾ ਦੇ ਰੂਪ ’ਚ ਕੰਮ ਕਰੇ ਤਾਂ ਸੁਧਾਰ ਦੀ ਆਸ ਰੱਖੀ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।