ਪਲਾਸਟਿਕ ਦੀ ਜਕੜ ’ਚ ਪੰਛੀਆਂ ਦਾ ਜੀਵਨ

Birds

ਹਾਲ ਹੀ ’ਚ ਕੀਤੇ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਲਾਸਟਿਕ ਕਾਰਨ ਸਮੁੰਦਰੀ ਪੰਛੀਆਂ ਦਾ ਪਾਚਨ ਤੰਤਰ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪਲਾਸਟਿਕ ਨਾਲ ਹੋਣ ਵਾਲੀ ਬਿਮਾਰੀ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਪਲਾਸਟਿਕੋਸਿਸ ਰੱਖਿਆ ਹੈ। ਫ਼ਿਲਹਾਲ ਇਹ ਬਿਮਾਰੀ ਸਮੁੰਦਰੀ ਪੰਛੀਆਂ ਨੂੰ ਹੋ ਰਹੀ ਹੈ। ਪਰ ਭਵਿੱਖ ’ਚ ਇਹ ਕਈ ਪ੍ਰਜਾਤੀਆਂ ਦੇ ਜੀਵਾਂ ’ਚ ਫੈਲ ਸਕਦੀ ਹੈ। ਇਸ ਗੱਲ ਦਾ ਅੰਦਾਜ਼ਾ ਵਿਗਿਆਨੀਆਂ ਨੇ ਲਾਇਆ ਹੈ। ਪਲਾਸਟਿਕੋਸਿਸ ਉਨ੍ਹਾਂ ਪੰਛੀਆਂ ਨੂੰ ਹੋ ਰਿਹਾ ਹੈ ਜੋ ਸਮੁੰਦਰ ’ਚ ਆਪਣਾ ਸ਼ਿਕਾਰ ਭਾਲਦੇ ਹਨ। ਸ਼ਿਕਾਰ ਦੇ ਨਾਲ ਹੀ ਉਨ੍ਹਾਂ ਦੇ ਸਰੀਰ ’ਚ ਛੋਟੇ ਅਤੇ ਵੱਡੇ ਅਕਾਰ ਦੇ ਪਲਾਸਟਿਕ ਦੇ ਟੁਕੜੇ ਚਲੇ ਜਾਂਦੇ ਹਨ। ਜਿਨ੍ਹਾਂ ਨਾਲ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੋਣ ਲੱਗਦਾ ਹੈ। ਹੌਲੀ-ਹੌਲੀ ਉਹ ਬਿਮਾਰ ਹੋ ਕੇ ਮਰ ਜਾਂਦੇ ਹਨ। ਵਿਗਿਆਨੀਆਂ ਨੇ ਪਲਾਸਟਿਕੋਸਿਸ ਦੀ ਵਜ੍ਹਾ ਨਾਲ ਸਰੀਰ ’ਤੇ ਪੈਣ ਵਾਲੇ ਅਸਰ ਨੂੰ ਵੀ ਰਿਕਾਰਡ ਕੀਤਾ ਹੈ।

ਅਧਿਐਨ ਹੈਜਡਰਸ ਮੈਟੇਰੀਅਲਸ ਜਰਨਲ ’ਚ ਪ੍ਰਕਾਸ਼ਿਤ ਹੋਇਆ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਅਧਿਐਨ ਹੈਜਡਰਸ ਮੈਟੇਰੀਅਲਸ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਮੁਤਾਬਿਕ, ਪਲਾਸਟਿਕ ਪ੍ਰਦੂਸ਼ਣ ਐਨਾ ਵਧ ਗਿਆ ਹੈ ਕਿ ਵੱਖ-ਵੱਖ ਉਮਰ ਦੇ ਪੰਛੀਆਂ ’ਚ ਪਲਾਸਟਿਕ ਦੇ ਨਿਸ਼ਾਨ ਮਿਲੇ ਹਨ। ਅਧਿਐਨਕਰਤਾਵਾਂ ਨੇ ਅਸਟਰੇਲੀਆ ’ਚ ਸ਼ਿਅਰਵਾਟਰਸ ਪੰਛੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ। ਅਧਿਐਨ ’ਚ ਦੱਸਿਆ ਗਿਆ ਹੈ ਕਿ ਪ੍ਰੋਵੈਟਿ੍ਰਕੁਲਸ ’ਚ ਟਿਊਬਲਰ ਗ੍ਰੰਥੀਆਂ ਦੇ ਕ੍ਰਮਿਕ ਟੁੱਟਣ ਕਾਰਨ ਇਹ ਰੋਗ ਹੁੰਦਾ ਹੈ। ਇਨ੍ਹਾਂ ਗ਼੍ਰੰਥੀਆਂ ਦੀ ਘਾਟ ਨਾਲ ਪੰਛੀ ਸੰਕ੍ਰਮਣ ਅਤੇ ਪਰਜੀਵੀਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹਨ। ਇਹ ਭੋਜਨ ਨੂੰ ਪਚਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਅੱਜ ਹਕੀਕਤ ਇਹੀ ਹੈ ਕਿ ਪਲਾਸਟਿਕ ਨਾਲ ਹੋਣ ਵਾਲਾ ਪ੍ਰਦੂਸ਼ਣ ਪੂਰੀ ਦੁਨੀਆ ਲਈ ਬਹੁਤ ਵੱਡਾ ਨਾਸੂਰ ਬਣ ਗਿਆ ਹੈ। ਪਲਾਸਟਿਕ ਨਾਲ ਹੋਣ ਵਾਲਾ ਪ੍ਰਦੂਸ਼ਣ ਸਮੁੱਚੇ ਈਕੋਲਾਜੀ ਤੰਤਰ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਅੱਜ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਵਰਤੇ ਜਾਣ ਵਾਲੇ ਪਲਾਸਟਿਕ ਬੈਗਾਂ, ਭਾਂਡਿਆਂ ਅਤੇ ਹੋਰ ਪਲਾਸਟਿਕ ਨਾਲ ਬਣੀਆਂ ਵਸਤੂਆਂ ਨੇ ਸਾਡੇ ਸਵੱਛ ਵਾਤਾਵਰਨ ਨੂੰ ਵਿਗਾੜਨ ਦਾ ਕੰਮ ਕੀਤਾ ਹੈ।

ਪਲਾਸਟਿਕ ਦੀ ਵਧਦੀ ਵਰਤੋਂ ਦੀ ਵਜ੍ਹਾ ਨਾਲ ਇਸ ਦੇ ਕਚਰੇ ’ਚ ਭਾਰੀ ਮਾਤਰਾ ’ਚ ਵਾਧਾ ਹੋਇਆ ਹੈ। ਜਿਸ ਦੇ ਚੱਲਦਿਆਂ ਪਲਾਸਟਿਕ ਪ੍ਰਦੂਸ਼ਣ ਵਰਗੀ ਭਿਆਨਕ ਸੰਸਾਰਕ ਸਮੱਸਿਆ ਪੈਦਾ ਹੋ ਗਈ ਹੈ। ਦਿਨੋ-ਦਿਨ ਪਲਾਸਟਿਕ ਨਾਲ ਪੈਦਾ ਹੋਣ ਵਾਲਾ ਕਚਰਾ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਪਲਾਸਟਿਕ ਇੱਕ ਅਜਿਹਾ ਨਾਨ-ਬਾਇਓਡੀਗ੍ਰੇਡੇਬਲ ਪਦਾਰਥ ਹੈ ਜੋ ਪਾਣੀ ਅਤੇ ਜ਼ਮੀਨ ’ਚ ਨਸ਼ਟ ਨਹੀਂ ਹੁੰਦਾ ਹੈ। ਇਹ ਵਾਤਾਵਰਨ ’ਚ ਕਚਰੇ ਦੇ ਢੇਰ ਦੇ ਰੂਪ ’ਚ ਲਗਾਤਾਰ ਵਧਦਾ ਚਲਿਆ ਜਾਂਦਾ ਹੈ। ਇਸ ਕਾਰਨ ਇਹ ਜ਼ਮੀਨ, ਪਾਣੀ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।

ਜੀਵਨਸ਼ੈਲੀ ਬਦਲੀ

ਪਲਾਸਟਿਕ ਨੇ ਸਾਡੀ ਜੀਵਨਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪਲਾਸਟਿਕ ਨੇ ਸਾਡੇ ਜੀਵਨ ’ਚ ਜੋਖ਼ਿਮ ਨੂੰ ਵਧਾਉਣ ਦਾ ਵੀ ਕੰਮ ਕੀਤਾ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਲਾਸਟਿਕ ਇੱਕ ਨਾਨ-ਬਾਇਓਡੀਗ੍ਰੇਡੇਬਲ ਅਪਸ਼ਿਸ਼ਟ ਪਦਾਰਥ ਹੈ ਜੋ ਲੰਮੇ ਸਮੇਂ ਤੱਕ ਹਵਾ, ਮਿੱਟੀ ਅਤੇ ਪਾਣੀ ਦੇ ਸੰਪਰਕ ’ਚ ਰਹਿਣ ’ਤੇ ਹਾਨੀਕਾਰਕ ਜ਼ਹਿਰੀਲਾ ਪਦਾਰਥ ਪੈਦਾ ਕਰਨ ਲੱਗਦਾ ਹੈ। ਅੱਜ ਪਲਾਸਟਿਕ ਕਚਰਾ ਮਨੱੁਖ ਤੋਂ ਲੈ ਕੇ ਪਸ਼ੂ-ਪੰਛੀਆਂ ਲਈ ਬੇਹੱਦ ਖਤਰਨਾਕ ਸਿੱਧ ਹੋ ਰਿਹਾ ਹੈ। ਅਸਲ ’ਚ ਪਲਾਸਟਿਕ ਪੈਟਰੋਲੀਅਮ ਆਧਾਰਿਤ ਉਤਪਾਦ ਮੰਨਿਆ ਜਾਂਦਾ ਹੈ, ਇਸ ਨਾਲ ਹਾਨੀਕਾਰਕ ਜ਼ਹਿਰੀਲੇ ਪਦਾਰਥ ਘੁਲ ਕੇ ਪਾਣੀ ਸਰੋਤਾਂ ਤੱਕ ਪਹੁੰਚ ਜਾਂਦੇ ਹਨ। ਅਜਿਹੇ ’ਚ ਇਹ ਲੋਕਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਦਾ ਕੰਮ ਕਰਦਾ ਹੈ।

ਪਲਾਸਟਿਕ ਕਚਰਾ ਨਾ ਸਿਰਫ਼ ਪਾਣੀ ਨੂੰ ਦੂਸ਼ਿਤ ਕਰਦਾ ਹੈ ਸਗੋਂ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਘੱਟ ਕਰਦਾ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਲਾਸਟਿਕ ਦੇ ਜ਼ਿਆਦਾ ਸੰਪਰਕ ’ਚ ਰਹਿਣ ਨਾਲ ਖੂਨ ’ਚ ਥੇਲੇਟਸ ਦੀ ਮਾਤਰਾ ਵਧ ਜਾਂਦੀ ਹੈ ਇਸ ਨਾਲ ਗਰਭਵਤੀ ਔਰਤਾਂ ਦੇ ਸ਼ਿਸ਼ੂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਜਣੇਪਾ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਪਲਾਸਟਿਕ ਉਤਪਾਦਾਂ ’ਚ ਵਰਤੋਂ ਹੋਣ ਵਾਲਾ ਬਿਸਫੇਨਾਲ ਰਸਾਇਣ ਸਰੀਰ ’ਚ ਸ਼ੂਗਰ ਅਤੇ ਲੀਵਰ ਐਂਜਾਈਮ ਨੂੰ ਅੰਸਤੁਲਿਤ ਕਰ ਦਿੰਦਾ ਹੈ। ਇਸ ਦੇ ਨਾਲ-ਨਾਲ ਪਲਾਸਟਿਕ ਕਚਰਾ ਸਾੜਨ ਨਾਲ ਕਾਰਬਨ-ਡਾਇ ਆਕਸਾਈਡ, ਕਾਰਬਨ ਮੋਨੋ-ਆਕਸਾਈਡ ਅਤੇ ਡਾਈ-ਆਕਸੀਂਸ ਵਰਗੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੰੁਦੀਆਂ ਹਨ। ਇਨ੍ਹਾਂ ਨਾਲ ਸਾਹ, ਚਮੜੀ ਅਤੇ ਅੱਖਾਂ ਆਦਿ ਨਾਲ ਸਬੰਧਿਤ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਧਰਤੀ ਨੂੰ ਬਚਾਉਣਾ ਸਮੇਂ ਦੀ ਮੰਗ | Birds

ਅਜਿਹੇ ’ਚ ਵੱਡਾ ਸਵਾਲ ਹੈ ਕਿ ਆਖ਼ਰ ਪਲਾਸਟਿਕ ਪ੍ਰਦੂਸ਼ਣ ਦੀ ਰੋਕਥਾਮ ਕਿਵੇਂ ਸੰਭਵ ਹੈ? ਦਰਅਸਲ ਪਲਾਸਟਿਕ ਪ੍ਰਦੂਸ਼ਣ ਤੋਂ ਇਸ ਧਰਤੀ ਨੂੰ ਬਚਾਇਆ ਜਾਣਾ ਸਮੇਂ ਦੀ ਮੰਗ ਹੈ। ਅੱਜ ਜ਼ਰੂਰਤ ਪਲਾਸਟਿਕ ਦੇ ਖਤਰਿਆਂ ਪ੍ਰਤੀ ਆਮ ਆਦਮੀ ’ਚ ਜਾਗਰੂਕਤਾ ਅਤੇ ਚੇਤਨਾ ਪੈਦਾ ਕਰਨ ਦੀ ਹੈ। ਇਸ ਦੇ ਨਾਲ ਹੀ ਸਰਕਾਰੀ ਯਤਨਾਂ ਨੂੰ ਤੇਜ਼ੀ ਦੇਣ ਦੀ ਜ਼ਰੂਰਤ ਹੈ। ਇਸ ’ਚ ਆਮ ਆਦਮੀ ਦੀ ਭਾਈਵਾਲੀ ਨੂੰ ਯਕੀਨੀ ਕੀਤਾ ਜਾਣਾ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਪਲਾਸਟਿਕ ਪ੍ਰਦੂਸ਼ਣ ’ਤੇ ਕੰਟਰੋਲ ਸੰਭਵ ਨਹੀਂ ਹੋ ਸਕੇਗਾ। ਸਾਨੂੰ ਜਨ-ਜਾਗਰੂਕਤਾ ਦੀ ਦਿਸ਼ਾ ’ਚ ਅਭਿਆਨਾਂ ਨੂੰ ਪੁਰਜ਼ੋਰ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਹੈ। ਸਿੰਗਲ ਯੂਜ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਪਲਾਸਟਿਕ ਦੀ ਵਰਤੋਂ ਜਿੱਥੋਂ ਤੱਕ ਸੰਭਵ ਹੋਵੇ ਘੱਟੋ-ਘੱਟ ਕਰਨ ਦੀਆਂ ਕੋਸ਼ਿਸ਼ਾਂ ਵਧਾਉਣੀਆਂ ਹੋਣਗੀਆਂ।

ਅਲੀ ਖਾਨ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।