ਸੇਵਾ ਕੇਂਦਰ ਦੇ ਕੰਪਿਊਟਰ ਆਪਰੇਟਰ ਨੂੰ 4000 ਰੁਪਏ ਪਏ ਮਹਿੰਗੇ, ਵਿਜੀਲੈਂਸ ਵੱਲੋਂ ਕਾਬੂ

DIG Inderbir Singh

ਮਲੇਰਕੋਟਲਾ (ਗੁਰਤੇਜ ਜੋਸੀ)। ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਕੰਗਣਵਾਲ ਦੇ ਸੇਵਾ ਕੇਂਦਰ ਵਿਖੇ ਤਾਇਨਾਤ ਕੰਪਿਊਟਰ ਆਪਰੇਟਰ ਮੰਗਜੀਤ ਸਿੰਘ ਨੂੰ 4000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। (Malerkotla News)

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਸਰਦਾਰਾਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਾਸੀ ਉਕਤ ਦੋਸ਼ੀ ਮੰਗਜੀਤ ਸਿੰਘ ਨੂੰ ਸ਼ਿਕਾਇਤਕਰਤਾ ਸਿਕੰਦਰ ਖਾਨ ਵਾਸੀ ਪਿੰਡ ਕੰਗਣਵਾਲ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਮੈਰਿਜ ਸਰਟੀਫਿਕੇਟ ‘ਤੇ ਉਸਦੀ ਪਤਨੀ ਦੇ ਪਿਤਾ ਦਾ ਨਾਮ ਦਰੁਸਤ ਕਰਨ ਬਦਲੇ ਉਕਤ ਕੰਪਿਊਟਰ ਅਪਰੇਟਰ ਨੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਸੇਵਾ ਕੇਂਦਰ ਆਪਰੇਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।