ਕੁਦਰਤ ਦੇ ਰੰਗ (The colors of nature)

ਕੁਦਰਤ ਦੇ ਰੰਗ

ਕੁਦਰਤ ਦੇ ਰੰਗ  ਵਿੱਚ ਦਹਿਸ਼ਤ ਦੇ ਬਦਲ ਜਾਂਦੇ ਨੇ ਹਰ ਬੰਦੇ ਦੇ ਖਿਆਲਾਤ,
ਜਦ ਮੌਤ ਤੋਂ ਬਦਤਰ ਹੋ ਜਾਂਦੇ ਨੇ, ਜਿਸਮਾਂ ਦੇ ਹਾਲਾਤ

ਨਿੰਮੀ ਕਿੰਨੇ ਹੀ ਵਰ੍ਹਿਆਂ ਮਗਰੋਂ ਵਿਦੇਸ਼ ਤੋਂ ਘਰ ਮੁੜੀ ਸੀ ਗ਼ਰੀਬੀ ਤੇ ਬੇਰੁਜ਼ਗਾਰੀ ਨੇ ਪੜ੍ਹੀ-ਲਿਖੀ ਨਿੰਮੀ ਨੂੰ ਘਰੋਂ ਬਾਹਰ ਰਹਿਣ ‘ਤੇ ਮਜ਼ਬੂਰ ਕਰ ਦਿੱਤਾ ਸੀ ਵਿਦੇਸ਼ ਦੀ ਕਿਸੇ ਫੈਕਟਰੀ ਵਿੱਚ ਨੌਕਰੀ ਸੀ ਉਸਦੀ ਕਿੰਨੀ ਦੇਰ ਰਾਤ ਤੱਕ ਡਿਊਟੀ ‘ਤੇ ਰਹਿੰਦੀ ਕਿ ਉਵਰ-ਟਾਈਮ ਲਾ ਕੇ ਚਾਰ ਛਿਲੜ ਹੋਰ ਬਣ ਜਾਣ ਤਾਂ ਕਿ ਪਿੰਡ ਮੁੜ ਕੇ ਕੱਚੇ ਕੋਠਿਆਂ ਨੂੰ ਪੱਕੇ ਹੀ ਕਰ ਲਵੇਗੀ ਪਰ, ਕੁਦਰਤ ਤੇ ਸਮਾਂ ਕਦੇ ਵੱਸ ਵਿੱਚ ਨਹੀਂ ਹੁੰਦੇ ਮਸੂਮ ਜਿਹੀ ਨਿੰਮੀ ਜਦੋਂ ਹਵਾਈ ਅੱਡੇ ‘ਤੇ ਪਹੁੰਚੀ ਤਾਂ ਉਸਨੂੰ ਮਾੜਾ-ਮੋਟਾ ਜਿਹਾ ਬੁਖ਼ਾਰ ਸੀ

ਉਸਦੇ ਘਰ ਵਿਚੋਂ ਉਸਦਾ ਭਰਾ ਉਸਨੂੰ ਹਵਾਈ ਅੱਡੇ ਤੋਂ ਲੈਣ ਗਿਆ ਸੀ ਦੋ-ਚਾਰ ਬੈਗ ਲੈ ਕੇ ਖੜ੍ਹੀ ਅਜੇ ਭਰਾ ਵੱਲ ਵਧਣ ਹੀ ਲੱਗੀ ਸੀ ਕਿ ਉਸਨੂੰ ਬੜੀ ਜ਼ੋਰ ਦੀ ਖੰਘ ਛਿੜ ਗਈ ਹਵਾਈ ਅੱਡੇ ‘ਤੇ ਉਸਦਾ ਟੈਸਟ ਕੀਤਾ ਗਿਆ। ਡਾਕਟਰਾਂ ਨੂੰ ਉਸਦੀ ਖੰਘ ‘ਤੇ ਸ਼ੱਕ ਜਿਹਾ ਹੋਇਆ ਕਿ ਕੋਈ ਡੂੰਘੀ ਗੱਲ ਤਾਂ ਨਹੀਂ, ਜੋ ਇਸਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।

ਜਦ ਉਸਦਾ ਪੂਰਾ ਟੈਸਟ ਕੀਤਾ ਤਾਂ ਰਿਪੋਰਟ ਆਉਣ ‘ਤੇ ਪਤਾ ਲੱਗਾ ਕਿ ਉਸਨੂੰ ਛੂਤ ਦੀ ਬਿਮਾਰੀ ਨੇ ਘੇਰਿਆ ਹੋਇਆ ਹੈ ਜਦ ਡਾਕਟਰਾਂ ਨੇ ਉਸਦੀ ਇਹ ਰਿਪੋਰਟ ਉਸਨੂੰ ਵਿਖਾਈ ਤਾਂ ਉਹ ਬੇਵੱਸ ਜਿਹੀ ਹੋ ਕੇ ਬੋਲੀ, ”ਹੁਣ ਘਰ ਜਾਣਾ ਤਾਂ ਨਾ-ਮੁਮਕਿਨ ਜਾਪਦਾ ਹੈ, ਬਾਹਰ ਮੇਰਾ ਭਰਾ ਖੜ੍ਹਾ ਹੈ, ਮੈਨੂੰ ਲੈਣ ਆਇਆ ਸੀ। ਮਿਹਰਬਾਨੀ ਕਰਕੇ ਉਸ ਨਾਲ ਗੱਲ ਕਰਵਾ ਦਿਉ ਇੱਕ ਵਾਰ ਮੇਰੀ”

ਡਾਕਟਰ ਨੇ ਉਸਦਾ ਤਰਲਾ ਜਿਹਾ ਵੇਖ ਕੇ ਹਾਮੀ ਭਰ ਦਿੱਤੀ ਉਸਦਾ ਭਰਾ ਕੋਲ ਆਉਣ ਹੀ ਲੱਗਾ ਸੀ ਕਿ ਡਾਕਟਰਾਂ ਨੇ ਦੂਰ ਖਲੋ ਕੇ ਗੱਲ ਕਰਨ ਲਈ ਕਿਹਾ ਨਿੰਮੀ ਦੀਆਂ ਅੱਖਾਂ ਵਿਚੋਂ ਹੰਝੂ ਤ੍ਰਿਪ-ਤ੍ਰਿਪ ਵਗ ਤੁਰੇ ਬੋਲੀ, ”ਸੁਣ ਦੀਪੇ!  ਮੈਂ ਅਜੇ ਘਰ ਨਹੀਂ ਜਾ ਸਕਦੀ ਵੀਰੇ! ਮੈਂ ਤੁਹਾਡੇ ਸਾਰਿਆਂ ਲਈ ਖਤਰਾ ਬਣ ਜਾਵਾਂਗੀ। ਮੈਂ ਕੁੱਝ ਸਾਮਾਨ ਲਿਆਈ ਸੀ: ਤੂੰ ਏਦਾਂ ਕਰ ਆਹ ਸਾਰਾ ਕੁੱਝ ਘਰ ਲੈ ਜਾ, ਮੇਰਾ ਭਰਾ ਮਾਂ ਉਡੀਕਦੀ ਹੋਣੀ ਮੈਨੂੰ।

ਹਾਂ, ਨਾਲੇ ਚੇਤਾ ਰੱਖੀਂ, ਮਾਂ ਨੂੰ ਦੱਸੀਂ ਨਾ ਕਿ ਨਿੰਮੀ ਹਵਾਈ ਅੱਡੇ ਤੋਂ ਸਿੱਧੀ ਹਸਪਤਾਲ ਪੁੱਜ ਗਈ ਆ, ਤੂੰ ਆਖ ਦੇਵੀਂ ਕੋਈ ਜਰੂਰੀ ਕੰਮ ਪੈ ਗਿਆ ਸੀ, ਅਚਾਨਕ ਮੁੜਨਾ ਪਿਆ ਨਿੰਮੀ ਨੂੰ ਵਿਦੇਸ਼!”

ਦੀਪੇ ਨੇ ਡਾਕਟਰ ਨੂੰ ਪੁੱਛਿਆ, ”ਜੀ ਇਸਨੂੰ ਹੋਇਆ ਕੀ ਹੈ? ਕਿਉਂ ਨਹੀਂ ਜਾ ਸਕਦੀ ਇਹ ਮੇਰੇ ਨਾਲ?” ਡਾਕਟਰ ਨੇ ਨਿੰਮੀ ਦੀ ਦਲੇਰੀ ਦੇਖ ਕੇ ਆਖਿਆ ਇਸਨੂੰ ਛੂਤ ਦੀ ਬਿਮਾਰੀ ਹੈ। ਅਸੀਂ ਇਸਦਾ ਇਲਾਜ ਕਰਾਂਗੇ ਅਤੇ ਪੂਰੀ ਵਾਹ ਲਾਵਾਂਗੇ ਇਸ ਨੂੰ ਬਚਾਉਣ ਦੀ।”
ਡਾਕਟਰ ਦੀ ਗੱਲ ਸੁਣ ਕੇ ਦੀਪਾ ਚਾਰ ਕਦਮ ਹੋਰ ਪਿੱਛੇ ਹੋ ਗਿਆ, ”ਆਹ ਕੀ ਕਹੀ ਜਾਂਦੇ ਹੋ। ਜੇਕਰ ਇਸਨੂੰ ਕੋਈ ਬਿਮਾਰੀ ਸੀ ਤਾਂ ਮੈਨੂੰ ਅਵਾਜ਼ ਕਿਉਂ ਦਿੱਤੀ ਮੈਂ…. ਮੈਂ ਟੱਬਰਦਾਰ ਬੰਦਾ ਹਾਂ।

ਮੈਂ ਮਰਨਾ ਇਸ ਦੇ ਕੋਲ ਆ ਕੇ, ਕੀ ਪਤਾ ਕਿੱਥੋਂ ਅਤੇ ਕੀ ਕਰਵਾ ਕੇ ਆਈ ਏ। ਇਹ ਸਾਡੇ ਘਰ ਆਉਣ ਲੱਗੀ ਸੀ ਬਿਮਾਰੀ ਲੈ ਕੇ, ਧੰਨਵਾਦ ਤੁਹਾਡਾ, ਜੋ ਤੁਸੀਂ ਇਸਦਾ ਇੱਥੇ ਹੀ ਟੈਸਟ ਕਰ ਲਿਆ। ਅਸੀਂ ਬਚ ਗਏ, ਨਹੀਂ ਤਾਂ ਇਸਨੇ ਮਾਰ ਦੇਣਾ ਸੀ ਸਾਰਾ ਟੱਬਰ ਤੌਬਾ!  ਮੇਰੀ ਤੌਬਾ!!  ਇਹੋ ਜਿਹੀ ਬਲਾ ਨੂੰ ਲੈਣ ਆਇਆ ਸੀ ਮੈਂ!”

ਉਸਨੇ ਕੁੱਝ ਵੀ ਸੋਚੇ-ਸਮਝੇ ਬਗੈਰ ਨਿੰਮੀ ਨੂੰ ਉਂਗਲ ਵਿਖਾਉਂਦਿਆਂ ਕਿਹਾ, ”ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਨਿੰਮੀਏ! ਮੈਨੂੰ ਨਹੀਂ ਪਤਾ ਤੈਨੂੰ ਕਾਹਦੀ ਬਿਮਾਰੀ ਲੱਗੀ ਏ। ਪਰ, ਤੇਰਾ ਸਾਡੇ ਨਾਲ ਕੋਈ ਵਾਹ-ਵਾਸਤਾ ਨਹੀਂ  ਅੱਜ ਤੋਂ ਤੂੰ ਇੱਥੇ ਹੀ ਆਪਣਾ ਇਲਾਜ ਕਰਾ। ਠੀਕ ਹੋ ਚਾਹੇ ਮਰ! ਪਰ, ਸਾਡੇ ਤੱਕ ਪਹੁੰਚ ਕਰਨ ਦੀ ਤੈਨੂੰ ਹੁਣ ਕੋਈ ਲੋੜ ਨਹੀਂ” ਦੀਪੇ ਦੀਆਂ ਨਜ਼ਰਾਂ ਵਿੱਚ ਇੰਨੀ ਨਫ਼ਰਤ ਤੇ ਉਸਦੇ ਬਦਲੇ ਹੋਏ ਖਿਆਲਾਤ ਵੇਖ ਕੇ ਨਿੰਮੀ ਹੈਰਾਨ ਤਾਂ ਹੈ ਹੀ ਸੀ ਪਰ ਅੰਦਰੋਂ ਵੀ ਬੁਰੀ ਤਰ੍ਹਾਂ ਟੁੱਟ ਗਈ ਸੀ ਕਿ ਕੀ ਇਹ ਉਹੀ ਦੀਪਾ ਬੋਲ ਰਿਹਾ ਹੈ ਜੋ ਹਰ ਵੇਲੇ ਉਸ ਕੋਲੋਂ ਚੀਜ਼ਾਂ ਦੀ ਫਰਮਾਇਸ਼ ਕਰਿਆ ਕਰਦਾ ਸੀ।

ਤੇ ਅੱਜ… ਅੱਜ ਇੱਕ ਬਿਮਾਰੀ ਕਰਕੇ ਦੂਰੋਂ ਹੀ ਪਿਛਾਂਹ ਮੁੜ ਰਿਹਾ ਹਾਲੇ ਨਿੰਮੀ ਆਪਣੇ ਖ਼ਿਆਲਾਂ ਵਿੱਚ ਗਵਾਚੀ ਹੋਈ ਹੀ ਸੀ ਕਿ ਦੀਪਾ ਗੁੱਸੇ ਨਾਲ ਹੂੰ-ਹੂੰ ਕਰਦਾ ਬਾਹਰ ਨੂੰ ਤੁਰ ਪਿਆ ਉੱਥੇ ਹੀ ਕਮਰੇ ਵਿੱਚ ਸਾਫ਼-ਸਫ਼ਾਈ ਕਰਦੀ ਇੱਕ ਕਰਮਚਾਰਨ ਬੋਲ ਪਈ, ”ਵਾਹ ਉਏ ਰੱਬਾ!  ਵਾਹ! ਤੇਰੀ ਕੁਦਰਤ ਦੇ ਰੰਗ!  ਮਾੜਾ ਵਕਤ ਖ਼ੂਨ ਦੇ ਰਿਸ਼ਤੇ-ਨਾਤਿਆਂ ਦੇ ਖ਼ਿਆਲਾਤ ਵੀ ਇੱਕ ਝਟਕੇ ਵਿੱਚ ਹੀ ਬਦਲ ਦਿੰਦੈ ਵਾਹ! ਉਏ ਵਾਹ!  ਸੁਣਿਆ ਤਾਂ ਸੀ, ਪਰ, ਅੱਜ ਅੱਖੀਂ ਵੀ ਵੇਖ ਲਿਆ” ਬੋਲਦੀ-ਬੋਲਦੀ ਹਾਉਕਾ ਜਿਹਾ ਲੈ ਕੇ ਉਹ ਕਮਰੇ ਵਿਚੋਂ ਬਾਹਰ ਹੋ ਗਈ
ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ, ਬਟਾਲਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।