ਸਤੰਬਰ ਮਹੀਨੇ ਦੌਰਾਨ ਪੰਜਾਬ ਦੀ ਆਬੋ-ਹਵਾ ਰਹੀ ਵਧੀਆ

Climate of Punjab Sachkahoon

ਹਵਾ ਗੁਣਵਤਾ ਪੱਖੋਂ ਪਟਿਆਲਾ ਰਿਹਾ ਸਭ ਤੋਂ ਚੰਗਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨਾਂ ਨੇ ਏਕਿਊਆਈ ਨੂੰ ਵਧੀਆ ਦਰਸਾਇਆ

ਖੁਸ਼ਵੀਰ ਸਿੰਘ ਤੂਰ ਪਟਿਆਲਾ । ਪੰਜਾਬ ਦੀ ਆਬੋ-ਹਵਾ ਅਜੇ ਚੰਗੀ ਅਵਸਥਾ ਵਿੱਚ ਚੱਲ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛੇ ਸ਼ਹਿਰਾਂ ’ਚ ਲਗਾਏ ਗਏ ਮੋਨੀਟਰਿੰਗ ਸਟੇਸ਼ਨ ਇਸ ਦੀ ਹਾਮੀ ਭਰ ਰਹੇ ਹਨ। ਉਂਜ ਅਗਲੇ ਦਿਨਾਂ ਦੌਰਾਨ ਝੋਨਾ ਵੱਡਣ ਤੋਂ ਬਾਅਦ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਪੰਜਾਬ ਦੀ ਆਬੋ-ਹਵਾ ਵਿਗੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜਾਣਕਾਰੀ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਅੰਦਰ ਵੱਖ-ਵੱਖ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ਮਾਪਣ ਲਈ ਛੇ ਮੋਨੀਟਰਿੰਗ ਸਟੇਸ਼ਨ ਲਾਏ ਹੋਏ ਹਨ। ਇਹ ਸਟੇਸ਼ਨ ਏਅਰ ਕੁਆਲਟੀ ਇਡੈਕਸ (ਏਕਿਊਆਈ) ਚੰਗਾ ਦਰਸਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਏ ਮਹੀਨੇ ਹੀ ਹਵਾ ਗੁਣਵਤਾ ਨੂੰ ਚੈਕ ਕੀਤਾ ਜਾਂਦਾ ਹੈ। ਸਤੰਬਰ ਮਹੀਨੇ ਦੀ ਰਿਪੋਰਟ ਮੁਤਾਬਿਕ ਪਟਿਆਲਾ ਦਾ ਏਅਰ ਕੁਆਲਟੀ ਇਡੈਕਸ ਸਭ ਤੋਂ ਘੱਟ ਰਿਹਾ ਹੈ ਜਦਕਿ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ ਸਭ ਤੋਂ ਵੱਧ ਮਾਪਿਆ ਗਿਆ ਹੈ। ਪਟਿਆਲਾ ਦਾ ਏਅਰ ਕੁਆਲਟੀ ਇੰਡੈਕਸ ਸਿਰਫ਼ 39 ਰਿਹਾ ਹੈ, ਜੋ ਕਿ ਸਭ ਤੋਂ ਚੰਗੀ ਹਵਾ ਗੁਣਵਤਾ ਨੂੰ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਜੋ ਕਿ ਇੰਡਸਟਰੀ ਏਰੀਆ ਹੈ, ਇੱਥੇ ਵੀ ਹਵਾ ਗੁਣਵਤਾ ਚੰਗੀ ਰਹੀ ਹੈ। ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਟੀ ਇੰਡੈਕਸ ਸੰਤਬਰ ਮਹੀਨੇ ਦੌਰਾਨ 49 ਮਾਪਿਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦਾ ਏਅਰ ਕੁਆਲਟੀ ਇੰਡੈਕਸ 61 ਰਿਹਾ ਹੈ ਜੋ ਕਿ ਤਸੱਲੀਬਖਸ਼ ਆਖਿਆ ਜਾ ਸਕਦਾ ਹੈ। ਖੰਨਾ ਦਾ ਏਅਰ ਕੁਆਲਟੀ ਇੰਡੈਕਸ 55 ਜਦਕਿ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਏਅਰ ਕੁਆਲਟੀ ਇੰਡੈਕਸ 63 ਰਿਹਾ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨ ਅਨੁਸਾਰ ਇੱਥੇ ਦੀ ਹਵਾ ਗੁਣਵਤਾ ਵੀ ਤਸੱਲੀਬਖਸ਼ ਹੈ। ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ ਹੀ ਥੋੜ੍ਹਾ ਵਧ ਰਿਹਾ ਹੈ। ਇੱਥੋਂ ਦਾ ਏਕਿਊਆਈ 65 ਦਰਜ ਕੀਤਾ ਗਿਆ ਹੈ, ਪਰ ਇਹ ਵੀ ਤਸੱਲੀਬਖਸ਼ ਹਵਾ ਗੁਣਵੱਤਾ ਵਿੱਚ ਹੀ ਆਉਂਦਾ ਹੈ। ਇੱਧਰ ਸੂਬੇ ਅੰਦਰ ਝੋਨੇ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋ ਸਕਦੀਆਂ ਹਨ, ਜਿਸ ਕਾਰਨ ਵਾਤਾਵਰਨ ’ਚ ਗੰਧਲਾਪਣ ਪੈਦਾ ਹੋ ਸਕਦਾ ਹੈ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਂਨ ਡਾ. ਆਦਰਸ਼ਪਾਲ ਵਿੱਗ ਦਾ ਕਹਿਣਾ ਹੈ ਕਿ ਬੋਰਡ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਵੱਖ-ਵੱਖ ਸਾਧਨਾਂ ਰਾਹੀਂ ਜਾਗਰੂਕ ਕੀਤਾ ਗਿਆ ਹੈ। ਇਸ ਲਈ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਉਨ੍ਹਾਂ ਕਿਹਾ ਪੰਜਾਬ ਦਾ ਕਿਸਾਨ ਖੁਦ ਸਮਝਦਾਰ ਹੈ ਅਤੇ ਉਹ ਆਧੁਨਿਕ ਸੰਦਾਂ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਕਾਰਨ ਕਿ ਅੱਗ ਲਾਉਣ ਦੀ ਜ਼ਰੂਰਤ ਹੀ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ