ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਫਲਸਫ਼ੇ ਦਾ ਵਿਸ਼ਵ-ਵਿਆਪੀ ਪਸਾਰ ਕਰਨ ਦੀ ਲੋੜ ’ਤੇ ਜ਼ੋਰ

Captain Amarinder Singh Sachkahoon

ਮਹਾਨ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀਆਂ ਨਿਸੁਆਰਥ ਕੁਰਬਾਨੀਆਂ ਨਾਲ ਭਰਿਆ ਪੰਜਾਬ ਦਾ ਇਤਿਹਾਸ ਹਮੇਸ਼ਾ ਹੀ ਪ੍ਰੇਰਨਾ ਦਾ ਸ੍ਰੋਤ ਰਿਹਾ: ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਗੁਰੂ ਸਾਹਿਬ ਨੇ ਮੁਗਲ ਸਾਸ਼ਕ ਅੱਗੇ ਸਿਰ ਝੁਕਾਉਣ ਦੀ ਬਜਾਏ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸ਼ਹਾਦਤ ਦਾ ਰਾਹ ਚੁਣਿਆ: ਜਸਟਿਸ ਖੇਹਰ

ਗੁਰੂ ਸਾਹਿਬ ਦੀ ਲਾਮਿਸਾਲ ਕੁਰਬਾਨੀ ਲੋਕਾਈ ਨੂੰ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਅਪਣਾਉਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ: ਰਾਣਾ ਕੇ.ਪੀ.ਸਿੰਘ

ਅਸ਼ਵਨੀ ਚਾਵਲਾ, ਚੰਡੀਗੜ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫਲਸਫੇ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ ਜੁਲ ਕੇ ਰਹਿਣ ਵਰਗੀਆਂ ਕਦਰਾਂ ਕੀਮਤਾਂ ਦੀ ਰਾਖੀ ਹੋ ਸਕੇ ਜਿਨਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿੱਤੀ।

ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੱਦੇ ਗਏ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਅਸੂਲਾਂ ਅਤੇ ਸੱਚ ਦੇ ਰਸਤੇ ‘ਤੇ ਚੱਲਣ ਵਰਗੀਆਂ ਦਿੱਤੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਪਰੰਪਰਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨੌਵੀਂ ਪਾਤਸ਼ਾਹੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਾਨੂੰ ਲੋਕਾਂ ਦੇ ਸੁਚੱਜੇ ਆਗੂ ਅਤੇ ਪ੍ਰਤੀਨਿਧੀ ਹੋਣ ਦੇ ਨਾਤੇ ਉਨਾਂ ਨੂੰ ਸਹੀ ਰਾਹ ਵਿਖਾਉਣ ਦੀ ਸਹੁੰ ਖਾਣੀ ਚਾਹੀਦੀ ਹੈ। ਉਨਾਂ ਹੋਰ ਦੱਸਿਆ,‘‘ਇਸ ਮਾਣਮੱਤੇ ਸਦਨ ਰਾਹੀਂ ਮੈਂ ਇਹ ਯਕੀਨ ਕਰਦਾ ਹਾਂ ਕਿ ਅਸੀਂ ਆਲਮੀ ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਇਸ ਇਤਿਹਾਸਿਕ ਮੌਕੇ ਮੁੜ ਦਿ੍ਰੜ ਕਰੀਏ।‘‘

Captain Amarinder Singh sachkahoon

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਤਿਹਾਸ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਮਾਣ ਨਾਲ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ਕਿਉਂਜੋ ਉਨਾਂ ਨੇ ਜਬਰੀ ਧਰਮ ਪਰਿਵਰਤਨ ਦੇ ਵਿਰੋਧ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬੇਮਿਸਾਲ ਕੁਰਬਾਨੀ ਦਿੱਤੀ। ਗੁਰੂ ਸਾਹਿਬ ਨੇ ਨਵੰਬਰ, 1675 ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਤਹਿਤ ਕਸ਼ਮੀਰ ਦੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਹਿੱਤ ਸ਼ਹਾਦਤ ਦਿੱਤੀ ਅਤੇ ਉਨਾਂ ਦੇ ਨਾਲ ਉਨ੍ਹਾਂ ਦੇ ਸਾਥੀ ਭਾਈ ਮਤੀਦਾਸ, ਭਾਈ ਸਤੀਦਾਸ, ਅਤੇ ਭਾਈ ਦਿਆਲ ਦਾਸ ਜੀ ਨੂੰ ਵੀ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ। ਗੁਰੂ ਸਾਹਿਬ ਜੀ ਦਾ ਸ਼ੀਸ਼ ਉਨਾਂ ਦੇ ਸੇਵਕ ਭਾਈ ਜੀਵਨ ਸਿੰਘ ਜਿਨਾਂ ਨੂੰ ਭਾਈ ਜੈਤਾ ਜੀ ਵਜੋਂ ਜਾਣਿਆ ਜਾਂਦਾ ਹੈ, ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਭੇਂਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਆਓ ਇਸ ਮੌਕੇ ਭਾਈ ਜੈਤਾ ਜੀ ਦੀ ਅਸਾਧਾਰਨ ਬਹਾਦਰੀ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਦੇਈਏ। ਜਦੋਂ ਵੀ ਇਸ ਦੁਖਾਂਤਮਈ ਘਟਨਾ ਦੀ ਗੱਲ ਚੱਲੇਗੀ ਤਾਂ ਇਤਿਹਾਸ ਉਨਾਂ ਨੂੰ ਯਾਦ ਕਰੇਗਾ। ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਗੁਰੂ ਸਾਹਿਬ ਜੀ ਦੇ ਪਿਆਰ ਅਤੇ ਧਾਰਮਿਕ ਆਜਾਦੀ ਦੇ ਸਰਬਵਿਆਪੀ ਸੰਦੇਸ਼ ਨੂੰ ਗ੍ਰਹਿਣ ਕੀਤਾ ਜਾਵੇ।

ਮੁੱਖ ਮੰਤਰੀ ਨੇ ਆਪਣੇ ਭਾਸ਼ਣ ਨੂੰ ਸਮੇਟਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਭਾਰਤ ਸਰਕਾਰ ਨੇ ਵੀ ਇਸ ਇਤਿਹਾਸਕ ਦਿਹਾੜੇ ਨੂੰ ਵੱਡੀ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਨਾਂ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮਹਾਨ ਗੁਰੂ ਵੱਲੋਂ ਦਿੱਤੇ ਸੰਦੇਸ਼ ਨੂੰ ਨਾ ਸਿਰਫ ਦੇਸ਼ ਭਰ ਸਗੋਂ ਦੁਨੀਆਂ ਦੇ ਕੋਨੇ-ਕੋਨੇ ਜਿੱਥੇ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਰਹਿੰਦੇ ਹਨ, ਤੱਕ ਲਿਜਾਇਆ ਜਾਵੇਗਾ ਕਿਉਂ ਜੋ ਗੁਰੂ ਸਾਹਿਬ ਦਾ ਸੰਦੇਸ਼ ਸਰਬ ਵਿਆਪੀ ਹੈ ਅਤੇ ਇਸ ਦਾ ਵੱਡੇ ਪੱਧਰ ’ਤੇ ਮਨੁੱਖਤਾ ਵਿੱਚ ਪ੍ਰਸਾਰ ਕਰਨਾ ਵੀ ਬਣਦਾ ਹੈ।

ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਧਿਆਤਮਕ, ਧਾਰਮਿਕ ਅਤੇ ਭਾਰਤ ਦੇ ਸਿਆਸੀ ਇਤਿਹਾਸ ਦਾ ਅਹਿਮ ਮੋੜ ਦੱਸਿਆ। ਉਨਾਂ ਅੱਗੇ ਕਿਹਾ ਕਿ ਮਹਾਨ ਅਧਿਆਤਮਕ ਗੁਰੂਆਂ ਵਿੱਚੋਂ ਗੁਰੂ ਸਾਹਿਬ ਵਿੱਚੋਂ ਬਹੁਤ ਮਹਾਨ ਹਨ ਜਿਨਾਂ ਦਾ ਸੰਦੇਸ਼ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਹਰੇਕ ਸਮੇਂ ਵਿਚ ਸਰਬਵਿਆਪੀ ਸਾਰਥਿਕ ਹੈ।

ਸ੍ਰੀ ਪੁਰੋਹਿਤ ਨੇ ਕਿਹਾ, ਪੰਜਾਬ ਦਾ ਇਤਿਹਾਸ ਮਹਾਨ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਵੱਲੋਂ ਕੀਤੀਆਂ ਨਿਰਸੁਆਰਥ ਕੁਰਬਾਨੀਆਂ ਨਾਲ ਭਰਪੂਰ ਹੈ ਜੋ ਸਾਡੇ ਸਾਰਿਆਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਹੈ। ਗੁਰੂ ਸਾਹਿਬਾਨ ਨੇ ਸਾਨੂੰ ਉਸ ਯੁੱਗ ਵਿਚ ਪ੍ਰੇਰਿਤ ਕੀਤਾ ਜੋ ਸ਼ਾਇਦ ਸਾਡੇ ਇਤਿਹਾਸ ਦਾ ਸਭ ਤੋਂ ਚੁਣੌਤੀਪੂਰਨ ਪੜਾਅ ਹੈ। ਵੱਖ-ਵੱਖ ਭਾਈਚਾਰਿਆਂ ਦਰਿਮਆਨ ਏਕਤਾ ਨੂੰ ਮਜ਼ਬੂਤ ਕਰਨ ਲਈ ਸਿੱਖ ਗੁਰੂਆਂ ਦੇ ਮਹਾਨ ਯੋਗਦਾਨ ਅਤੇ ਉਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਆਪਣੇ ਭਾਸ਼ਣ ਵਿਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਲਾਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ ਜਾਤ, ਰੰਗ-ਭੇਦ, ਫਿਰਕੇ ਅਤੇ ਨਸਲਾਂ ਤੋਂ ਉਪਰ ਉਠ ਕੇ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

ਆਪਣੇ ਕੁੰਜੀਵਤ ਭਾਸ਼ਣ ਵਿਚ ਭਾਰਤ ਦੇ ਸਾਬਕਾ ਚੀਫ ਜਸਟਿਸ ਜੇ.ਐਸ. ਖੇਹਰ ਨੇ ਦੁਨੀਆ ਭਰ ਵਿਚ ਸਿੱਖ ਜੀਵਨ-ਜਾਚ ‘ਚ ‘ਅਰਦਾਸ’ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਨੂੰ ਯਾਦ ਕਰਨ ਦੇ ਨਾਲ-ਨਾਲ ਵਿਚਾਰਾਂ ਕਰਨ ਲਈ ਮਨਾ ਰਹੇ ਹਾਂ।

ਜਸਟਿਸ ਖੇਹਰ ਨੇ ਕਿਹਾ ਕਿ ਇਨਸਾਈਕਲੋਪੀਡੀਆ ਬਿ੍ਰਟੈਨਿਕਾ ਵਿੱਚ ਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੂੰ ਦੂਜੇ ਧਰਮ ਦੀ ਧਾਰਮਿਕ ਆਜ਼ਾਦੀ ਖਾਤਰ ਦਿੱਤੀ ਸ਼ਹਾਦਤ ਨੂੰ ਦਰਜ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣਾ ਚਾਹੀਦਾ ਹੈ। ਉਨਾਂ ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਨੇ ਸਤਿਕਾਰਯੋਗ ਦਲਾਈ ਲਾਮਾ ਤੇ ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਵੱਲੋਂ ਭੇਜਿਆ ਸੰਦੇਸ਼ ਵੀ ਪੜ੍ਹਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ