ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂਅ ’ਤੇ ਨਹੀਂ ਹੋਵੇਗਾ ਚੋਣ ਪ੍ਰਚਾਰ, ਕਾਂਗਰਸ ਹੋਵੇਗੀ ਮੁੱਖ ਚਿਹਰਾ

Youth Congress Sachkahoon

 ਸੁਨੀਲ ਜਾਖੜ ਨੇ ਕੀਤਾ ਸਪੱਸ਼ਟ, ਕਾਂਗਰਸ ਇੱਕ ਚਿਹਰੇ ’ਤੇ ਨਹੀਂ ਲੜੇਗੀ ਚੋਣ

ਕਿਸੇ ਕਾਂਗਰਸੀ ਨਾਲ ਨਹੀਂ ਮੇਰੇ ਕੋਈ ਮਤਭੇਦ, ਪਾਰਟੀ ਨਾਲ ਖੜ੍ਹਾ ਹਾਂ ਕਿਸੇ ਵਿਅਕਤੀ ਨਾਲ ਨਹੀਂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਦੇ ਚਿਹਰੇ ਨੂੰ ਲੈ ਕੇ ਪ੍ਰਚਾਰ ਵਿੱਚ ਨਹੀਂ ਉੱਤਰੇਗੀ। ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਵਿੱਚ ਮੁਕੰਮਲ ਪਾਰਟੀ ਨੂੰ ਅੱਗੇ ਰੱਖ ਕੇ ਹੀ ਪ੍ਰਚਾਰ ਕੀਤਾ ਜਾਵੇਗਾ। ਇਸ ਲਈ ਕਿਸੇ ਇੱਕ ਚਿਹਰੇ ਨੂੰ ਲੈ ਕੇ ਪ੍ਰਚਾਰ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ ਹੈ। ਇਹ ਵੱਡਾ ਐਲਾਨ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਗਿਆ ਹੈ। ਸੁਨੀਲ ਜਾਖੜ ਵੱਲੋਂ ਚੇਅਰਮੈਨ ਬਣਨ ਤੋਂ ਬਾਅਦ ਇਹ ਚੋਣ ਪ੍ਰਚਾਰ ਕਮੇਟੀ ਦੀ ਪਹਿਲੀ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ ।

ਸੁਨੀਲ ਜਾਖੜ ਨੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅੱਜ ਤੋਂ ਹੀ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਅਗਲੇ ਕੁਝ ਦਿਨਾਂ ਵਿੱਚ ਚੋਣ ਪ੍ਰਚਾਰ ਸਿਖਰ ’ਤੇ ਹੋਏਗਾ। ਸੁਨੀਲ ਜਾਖੜ ਨੇ ਇਥੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਇੱਕ ਵਿਸ਼ੇਸ਼ ਵਿਅਕਤੀ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਹੀਂ ਉੱਤਰੇਗੀ, ਜਿਸ ਤਰੀਕੇ ਨਾਲ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਕੀਤਾ ਗਿਆ ਸੀ।

ਇਸ ਵਾਰ ਕਾਂਗਰਸ ਪਾਰਟੀ ਮੁਕੰਮਲ ਤੌਰ ’ਤੇ ਹੀ ਮੁੱਖ ਚਿਹਰਾ ਰਹੇਗੀ ਅਤੇ ਕਾਂਗਰਸ ਹਾਈ ਕਮਾਨ ਅਨੁਸਾਰ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਕੀਤਾ ਜਾਏਗਾ। ਸੁਨੀਲ ਜਾਖੜ ਨੇ ਇਥੇ ਹੀ ਨਵਜੋਤ ਸਿੱਧੂ ਨਾਲ ਮਤਭੇਦ ਬਾਰੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਕਦੇ ਵੀ ਕੋਈ ਮਤਭੇਦ ਨਹੀਂ ਰਿਹਾ ਅਤੇ ਉਹ ਪਾਰਟੀ ਦੇ ਨਾਲ ਹੀ ਖੜੇ੍ਹ ਹਨ। ਇਸ ਲਈ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਰਹਿ ਨਹੀਂ ਜਾਂਦੀ ਹੈ। ਪਾਰਟੀ ਵਿੱਚ ਸਾਰਾ ਕੁਝ ਠੀਕ ਹੈ ਅਤੇ ਉਹ ਆਪਣੀ ਜਿੰਮੇਵਾਰੀ ਅਨੁਸਾਰ ਹਰ ਕਾਂਗਰਸੀ ਨਾਲ ਕੰਮ ਕਰਦੇ ਰਹਿਣਗੇ।

ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਦੀ ਹੋਈ ਬੰਦ ਕਮਰਾ ਮੀਟਿੰਗ

ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਵਿਚਕਾਰ ਲਗਭਗ 2 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਮੀਟਿੰਗ ਵਿੱਚ ਇਨ੍ਹਾਂ ਦੋਵਾਂ ਤੋਂ ਬਿਨਾਂ ਕੋਈ ਵੀ ਨਹੀਂ ਸੀ। ਮੀਟਿੰਗ ਦੌਰਾਨ ਕੀ ਕੁਝ ਹੋਇਆ, ਇਸ ਬਾਰੇ ਦੋਵਾਂ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ ਮੀਟਿੰਗ ਕਾਫ਼ੀ ਜ਼ਿਆਦਾ ਅਹਿਮ ਦੱਸੀ ਜਾ ਰਹੀ ਹੈ, ਕਿਉਂਕਿ ਦੋਵਾਂ ਵਿਚਕਾਰ ਪਿਛਲੇ 3 ਮਹੀਨਿਆਂ ਤੋਂ ਚੱਲ ਰਹੇ ਆਪਸੀ ਵਿਵਾਦ ਕਰਕੇੇ ਮੀਟਿੰਗ ਦੌਰਾਨ ਸੁਲ੍ਹਾ ਕਰਨ ਦੀ ਕੋਸ਼ਿਸ਼ ਦੀ ਚਰਚਾ। ਸੁਨੀਲ ਜਾਖੜ ਵੱਲੋਂ ਇਸ ਬੰਦ ਕਮਰਾ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਦਾ ਨਾਂਅ ਨਹੀਂ ਲਿਆ ਗਿਆ ਪਰ ਨਵਜੋਤ ਸਿੱਧੂ ਵੱਲੋਂ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਆਖੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ