ਪਿੰਡ ਰਾਏਸਰ ਦੇ ਮਨੀਲਾ ‘ਚ ਮਰੇ ਨੌਜ਼ਵਾਨ ਦੀ ਲਾਸ਼ ਮਹੀਨੇ ਪਿੱਛੋਂ ਪਿੰਡ ਪੁੱਜੀ, ਸੇਜ਼ਲ ਅੱਖਾਂ ਨਾਲ ਸਸਕਾਰ

ਪਰਿਵਾਰ ਨੇ ਐਮਪੀ ਭਗਵੰਤ ਮਾਨ ਕੋਲ ਨੌਜਵਾਨ ਦੇ ਕਤਲ ਦਾ ਜਤਾਇਆ ਸ਼ੱਕ

ਬਰਨਾਲਾ, (ਜਸਵੀਰ ਸਿੰਘ) ਪਿੰਡ ਰਾਏਸਰ ਦੇ ਮਨੀਲਾ ਵਿਖੇ ਇੱਕ ਮਹੀਨਾ ਪਹਿਲਾਂ ਭੇਦਭਰੇ ਹਾਲਾਤਾਂ ‘ਚ ਮਰੇ ਨੌਜਵਾਨ ਦੀ ਲਾਸ਼ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਦੇ ਯਤਨਾਂ ਪਿੱਛੋਂ ਪਿੰਡ ਲਿਆਂਦੀ ਗਈ ਤਾਂ ਪੂਰੇ ਪਿੰਡ ਅੰਦਰ ਸੋਗ ਦੀ ਲਹਿਰ ਫੈਲ ਗਈ ਤੇ ਪਰਿਵਾਰ ‘ਤੇ ਫ਼ਿਰ ਇੱਕ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸਤੇਦਾਰੀ ਵਿੱਚੋਂ ਭਰਾ ਭਗਤ ਸਿੰਘ ਭਗਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਛੇ ਕੁ ਮਹੀਨੇ ਪਹਿਲਾਂ ਹੀ ਰੋਜ਼ੀ – ਰੋਟੀ ਕਮਾਉਣ ਲਈ ਮਲੇਸੀਆ ਗਿਆ ਸੀ, ਜਿੱਥੇ ਉਹ ਕੁਆਲੰਮਪੁਰ ਸ਼ਹਿਰ ‘ਚ ਸਕਿਊਰਟੀ ਗਾਰਡ ਵਜੋਂ ਡਿਊਟੀ ਕਰਦਾ ਸੀ। ਉਨਾਂ ਦੱਸਿਆ ਕਿ 3 ਮਈ ਨੂੰ ਕੋਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਦੌਰਾਨ ਕੰਮ ਬੰਦ ਹੋ ਗਿਆ ਸੀ ਤੇ 9 ਮਈ ਨੂੰ ਵਾਪਰੀ ਇਸ ਮੰਦਭਾਗੀ ਘਟਨਾਂ ਬਾਰੇ ਦੇਰ ਸ਼ਾਮ ਉਨਾਂ ਨੂੰ ਪਤਾ ਲੱਗਾ ਤਾਂ ਪੂਰਾ ਪਰਿਵਾਰ ਦੁੱਖਾਂ ‘ਚ ਡੁੱਬ ਗਿਆ।

ਉਨਾਂ ਦੱਸਿਆ ਕਿ ਗੁਰਪ੍ਰੀਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਰਾਬਤਾ ਬਣਾਇਆ ਤੇ ਉਸਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਬੇਨਤੀ ਕੀਤੀ ਸੀ ਜਿਸ ਪਿੱਛੋਂ ਸ੍ਰੀ ਮਾਨ ਦੇ ਯਤਨਾਂ ਨਾਲ ਗੁਰਪ੍ਰੀਤ ਸਿੰਘ (22) ਦੀ ਮ੍ਰਿਤਕ ਦੇਹ ਮੌਤ ਤੋਂ ਇੱਕ ਮਹੀਨਾ ਬਾਅਦ ਅੱਜ ਪਿੰਡ ਪੁੱਜੀ ਹੈ। ਜਿਸ ਦਾ ਭਿੱਜੀਆਂ ਅੱਖਾਂ ਨੇ ਪਿੰਡ ਦੇ ਸਮਸ਼ਾਨਘਾਟ ‘ਚ ਸਸਕਾਰ ਕਰ ਦਿੱਤਾ ਗਿਆ।

ਪਰਿਵਾਰ ਨੇ ਐਮਪੀ ਭਗਵੰਤ ਮਾਨ ਕੋਲ ਗੁਰਪ੍ਰੀਤ ਸਿੰਘ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਉਂਦਿਆਂ ਗੁਰਪ੍ਰੀਤ ਦੀ ਮੌਤ ਦੇ ਜਿੰਮੇਵਾਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਧਾਇਕ ਬਰਨਾਲਾ ਗੁਰਮੀਤ ਸਿੰਘ ਮੀਤ ਹੇਅਰ, ਪਿੰਡ ਦੇ ਪਤਵੰਤੇ ਹਾਜ਼ਰ ਸਨ।

ਗੁਰਪ੍ਰੀਤ ਨੇ ਨਹੀ ਕੀਤੀ ਕਦੇ ਕੋਈ ਢਿੱਲੀ ਗੱਲ- ਭਰਾ

ਗੁਰਪ੍ਰੀਤ ਦੇ ਭਰਾ ਬੱਬੂ ਨੇ ਦੱਸਿਆ ਕਿ ਪਰਿਵਾਰ ਨੂੰ ਮੌਤ ਸਬੰਧੀ ਫੋਨ ‘ਤੇ ਦੱਸਣ ਵਾਲੇ ਅਨੁਸਾਰ ਗੁਰਪ੍ਰੀਤ ਨੇ 12 ਮੰਜ਼ਿਲ ਤੋਂ ਛਾਲ ਮਾਰੀ ਹੈ। ਜਿਸ ‘ਤੇ ਉਨਾਂ ਨੂੰ ਰੱਤੀ ਭਰ ਵੀ ਯਕੀਨ ਨਹੀ ਆ ਰਿਹਾ। ਉਨਾਂ ਦੱਸਿਆ ਕਿ ਗੁਰਪ੍ਰੀਤ ਨੇ ਫੋਨ ‘ਤੇ ਗੱਲਬਾਤ ਕਰਦਿਆਂ ਕਦੇ ਵੀ ਮੰਮੀ/ ਡੈਡੀ ਜਾਂ ਉਸ ਨਾਲ ਕੋਈ ਵੀ ਢਿੱਲੀ ਜਾਂ ਨਿਰਾਸਾ ਵਾਲੀ ਗੱਲ ਨਹੀ ਕੀਤੀ ਸੀ। ਜਿਸ ਤੋਂ ਉਸਦਾ ਕਤਲ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।