ਝੱਖੜ ਤੇ ਤੇਜ਼ ਬਾਰਸ਼ ਨੇ ਦਰੱਖਤ ਅਤੇ ਸ਼ੈਡ ਪੁੱਟੇ

ਪਿੰਡ ਬਨੇਰਾ ਖੁਰਦ ਵਿਖੇ ਵੱਡੀ ਲਾਇਨ ਅਤੇ ਕੈਂਟ ਰੋਡ ‘ਤੇ ਗਰੀਬ ਪਰਿਵਾਰ ਦੇ ਮਕਾਨ ‘ਤੇ ਡਿੱਗਾ ਸਫੈਦਾ

ਨਾਭਾ (ਤਰੁਣ ਕੁਮਾਰ ਸ਼ਰਮਾ)। ਤਿੱਖੀ ਧੁੱਪ ਦੇ ਦੌਰਾਨ ਦੁਪਹਿਰ ਸਮੇਂ ਚੱਲੀ ਤੇਜ਼ ਰਫਤਾਰ ਹਵਾਵਾਂ ਨੇ ਅਚਾਨਕ ਹਨੇਰੀ ਝੱਖੜ ਦਾ ਰੂਪ ਧਾਰਨ ਕਰ ਲਿਆ ਅਤੇ ਪਲਾਂ ਵਿੱਚ ਹੀ ਕੁਦਰਤ ਨੇ ਰੰਗ ਬਦਲ ਲਿਆ। ਮੌਸਮ ਦੇ ਬਦਲੇ ਰੁਖ ਤੋਂ ਬਾਦ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਵਰਿਆ। ਸ਼ਹਿਰ ਵਿੱਚ ਕਈ ਥਾਈ ਬਰਸਾਤੀ ਪਾਣੀ ਖੜ ਗਿਆ ਜਿਸ ਨਾਲ ਵਪਾਰਿਕ ਗਤੀਵਿਧੀਆ ਠੱਪ ਹੋ ਗਈਆਂ। ਹਵਾ ਦੀ ਰਫਤਾਰ ਇੰਨ੍ਹੀ ਤੇਜ਼ ਸੀ ਕਿ ਕਈ ਥਾਈ ਦਰੱਖਤ ਆਪਣੀ ਜੜਾਂ ਛੱਡ ਗਏ।

ਜਿੱਥੇ ਕਈ ਥਾਈ ਬਿਜਲੀ ਸਪਲਾਈ ਦੇ ਖੰਭੇ ਵੀ ਡਿੱਗੇ ਨਜ਼ਰ ਆਏ, ਉਥੇ ਪਿੰਡ ਬਨੇਰਾ ਖੁਰਦ ਵਿਖੇ 66 ਕੇ ਵੀ ਦੀ ਵੱਡੀ ਬਿਜਲੀ ਲਾਇਨ ਦੇ ਡਿੱਗਣ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹੀ। ਜਿਸ ਕਾਰਨ ਸ਼ਹਿਰ ਦੀ ਆਵਾਜਾਈ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਘੰਟਿਆਬੱਧੀ ਬੰਦ ਰਹਿਣ ਕਾਰਨ ਬਿਜਲੀ ਬੋਰਡ ਦਾ ਕੰਮ ਵੱਧਦਾ ਨਜਰ ਆਇਆ। ਮਾਮੂਲੀ ਸ਼ੈਡਾਂ ਅਤੇ ਚਾਦਰਾਂ ਦੀ ਕੀ ਗੱਲ ਹੈ ਬਸਲਕਿ ਸ਼ਹਿਰ ਦੇ ਕਈ ਇਲਾਕਿਆਂ ਦੇ ਘਰਾਂ ਵਿੱਚ ਲੱਗੇ ਲੋਹੇ ਦੇ ਸ਼ੈਡ ਉਡ ਕੇ ਦੂਰ ਜਾ ਡਿੱਗੇ।

ਦੂਜੇ ਸ਼ਹਿਰਾਂ ਨੂੰ ਜਾਣ ਵਾਲੇ ਰਸਤਿਆਂ ਵਿੱਚ ਦਰੱਖਤ ਡਿੱਗੇ ਨਜਰ ਆਏ ਜਿਸ ਤਂੋ ਬਚ ਕੇ ਆਵਾਜਾਈ ਦੇ ਸਾਧਨ ਗੁਜਰਦੇ ਰਹੇ। ਕਈ ਥਾਈ ਮਾਲੀ ਨੁਕਸਾਨ ਹੋ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਮੰਡੀ ਵਿੱਚ ਹਾਲਤ ਖਰਾਬ ਹੋ ਗਏ। ਖੁੱਲੇ ਅਸਮਾਨ ਹੇਠ ਪਾਈ ਸੂਰਜਮੁੱਖੀ ਅਤੇ ਮੱਕੀ ਦੀ ਫਸਲ ਬੁਰੀ ਤਰ੍ਹਾਂ ਭਿੱਜ ਗਈ ਅਤੇ ਬਰਸਾਤੀ ਪਾਣੀ ਵਿੱਚ ਵਹਿੰਦੀ ਨਜਰ ਆਈ। ਫਸਲ ਦੇ ਹੋ ਰਹੇ ਨੁਕਸਾਨ ਨੂੰ ਕਿਸਾਨ ਮੁਰਝਾਏ ਚਿਹਰਿਆਂ ਅਤੇ ਤਰਸਦੀ ਨਿਗਾਂ ਨਾਲ ਦੇਖਦੇ ਨਜਰ ਆਏ।

ਕੈਂਟ ਰੋਡ ਕਾਲੋਨੀ ਵਿਖੇ ਇੱਕ ਗਰੀਬ ਪਰਿਵਾਰ ਦੇ ਮਕਾਨ ‘ਤੇ ਸਫੈਦਾ ਦਾ ਵੱਡਾ ਦਰੱਖਤ ਡਿੱਗ ਗਿਆ ਅਤੇ ਘਰ ਵਿੱਚ ਮੌਜ਼ੂਦ ਬਜੁਰਗ ਮਹਿਲਾ ਕਿਸੇ ਤਰੀਕੇ ਨਾਲ ਬਚ ਗਈ। ਇਸ ਮੌਕੇ ਹਾਜਰ ਘਰ ਦੀ ਮਾਲਕਣ ਸੀਮਾ ਧੀਮਾਨ ਨੇ ਦੋਸ਼ ਲਾਇਆ ਕਿ ਸ਼ਮਸ਼ਾਨਘਾਟ ਦੀ ਦੇਖਭਾਲ ਕਰ ਰਹੀ ਅਮੁੱਲ ਸੁਸਾਇਟੀ ਸੰਸਥਾਂ ਵੱਲੋਂ ਕਈ ਸਫੈਦੇ ਲਗਾਏ ਗਏ ਹਨ ਜੋ ਕਿ ਮੌਜੂਦਾ ਸਮੇਂ ਕਾਫੀ ਵੱਡੇ ਹੋ ਗਏ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਸਫੈਦਾ ਡਿੱਗਣ ਕਾਰਨ ਉਸ ਦਾ ਮਕਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਮੌਕੇ ਮੋਜ਼ੂਦ ਸ਼ਾਰਦਾ ਵਰਮਾ, ਊਸ਼ਾ ਰਾਣੀ, ਸੁਮਨ, ਰੇਣੂ, ਸੁਧਾ ਵਾਲੀਆ, ਸਰਬਜੀਤ ਕੌਰ ਆਦਿ ਮਹਿਲਾਵਾਂ ਨੇ ਮੰਗ ਕੀਤੀ ਕਿ ਦੂਜੇ ਘਰਾਂ ਲਈ ਖਤਰੇ ਦਾ ਵਾਰਿਸ ਬਣੇ ਇਨ੍ਹਾਂ ਸਫੈਦਿਆਂ ਨੂੰ ਹਟਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।