ਨਸ਼ੇ ਦੇ ਕੋਹੜ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਸ਼ਾਸਨ ਹੋਇਆ ਮੁਸਤੈਦ

Drugs
ਲੁਧਿਆਣਾ ਵਿਖੇ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਦਿਵਸ ’ਤੇ ਮੈਰਾਥਨ ਕਰਵਾਉਣ ਸਬੰਧੀ ਮੀਟਿੰਗ ਕਰਨ ਸਮੇਂ ਡੀਸੀ ਸੁਰਭੀ ਮਲਿਕ।

ਨਸ਼ਾਖੋਰੀ ਤੇ ਨਾਜਾਇਜ਼ ਤਸਕਰੀ ਵਿਰੁੱਧ ਪ੍ਰਸ਼ਾਸਨ ਕਰੇਗਾ ਮੈਰਾਥਨ | Drugs

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਜ਼ਿਲਾ ਪ੍ਰਸ਼ਾਸਨ ਵੱਲੋਂ ਨਸ਼ਾਖੋਰੀ (Drugs) ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਮੌਕੇ ਮੈਰਾਥਨ ਕਰੇਗਾ। ਇਸ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਵੱਖ- ਵੱਖ ਵਿਭਾਗਾਂ ਦੇ ਮੁਖੀਆਂ ਨਾਲ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਸਬੰਧੀ ਮੀਟਿੰਗ ਕੀਤੀ।

ਡਿਪਟੀ ਕਮਿਸ਼ਨਰ ਵਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵੱਖ- ਵੱਖ ਵਿਭਾਗਾਂ ਨੂੰ ਸੌਂਪੀ ਜਿੰਮੇਵਾਰੀ

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਦੱਸਿਆ ਕਿ 26 ਜੂਨ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ’ਚ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਨਸ਼ੇ ਦੇ ਆਦੀ ਲੋਕਾਂ ਨੂੰ ਇਸ ਕੋਹੜ ਤੋਂ ਛੁਟਕਾਰਾ ਦਿਵਾਉਣਾ ਅਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਡਾਕਟਰੀ ਇਲਾਜ ਦੀ ਉਪਲਬਧਤਾ ਬਾਰੇ ਜਾਗਰੂਕ ਕਰਨਾ ਹੈ। ਡੀਸੀ ਮਲਿਕ ਵਲੋਂ ਸਿਹਤ, ਖੇਡਾਂ, ਪੁਲਿਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਬਲਿਕ ਹੈਲਥ, ਵੇਰਕਾ, ਮਾਰਕਫੈੱਡ, ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੁਹਿਰਦ ਯਤਨ ਕਰਨ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼

ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਹੁਣ ਇਸ ਅੰਦੋਲਨ ਦਾ ਸਮਰਥਨ ਕਰਕੇ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨਾਂ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਇਲਾਜ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਮੁੜ ਤੰਦਰੁਸਤ ਹੋ ਕੇ ਸੂਬੇ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾ ਸਕਣ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਖੰਨਾ ਪਰਮਵੀਰ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗੀ ਮੁਖੀ ਵੀ ਹਾਜ਼ਰ ਸਨ।