ਵਿਜੈਇੰਦਰ ਸਿੰਗਲਾ ਲਈ ਜੀ ਦਾ ਜੰਜਾਲ ਬਣੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ

TET Passed, Unemployed, Teacher, Problem, Vijayinder Singla

ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖਿਆ ਮੰਤਰੀ ਨੂੰ ਅਚਾਨਕ ਘੇਰਿਆ

55 ਫੀਸਦੀ ਨੀਤੀ ਅਤੇ ਉਮਰ ਹੱਦ ਵਧਾਉਣ ਦੀ ਕਰ ਰਹੇ ਨੇ ਮੰਗ

ਸੰਗਰੂਰ ਵਿਖੇ ਪਿਛਲੇ ਦੋ ਮਹੀਂਨਆਂ ਤੋਂ ਚੱਲ ਰਿਹੈ ਸੰਘਰਸ਼

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਵਿਰੋਧ ਕੀਤੇ ਜਾਣ ਕਾਰਨ ਕਸੂਤੀ ਸਥਿਤੀ ਵਿੱਚ ਘਿਰਦੇ ਜਾ ਰਹੇ ਹਨ। ਅੱਜ ਪੰਜਾਬੀ ਯੂਨੀਵਰਸਿਟੀ ਪਹੁੰਚੇ ਸਿੱਖਿਆ ਮੰਤਰੀ ਨੂੰ ਟੈੱਟ ਪਾਸ ਬੀ.ਐੱਡ ਬੇਰੁਜ਼ਗਾਰ ਯੂਨੀਅਨ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸਿੱਖਿਆ ਮੰਤਰੀ ਨੂੰ ਆਪਣੀ ਜਾਨ ਛੁਡਾ ਕੇ ਭੱਜਣਾ ਪਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਰਕਾਰ ਖਿਲਾਫ਼ ਲਗਾਤਾਰ ਨਾਅਰੇਬਾਜੀ ਕਰਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੀ ਚੇਤਵਾਨੀ ਦਿੱਤੀ ਗਈ।

ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਸਮਾਗਮ ਵਿੱਚ ਪਹੁੰਚੇ ਸਨ, ਜਿਸ ਦੌਰਾਨ ਪੰਜਾਬੀ ਯੂਨੀਵਰਸਟੀ ਦੇ ਟੀ ਪੁਆਇੰਟ ‘ਤੇ ਪਹਿਲਾ ਹੀ ਘਾਤ ਲਾਈ ਬੈਠੇ ਬੇਰੁਜ਼ਗਾਰ ਅਧਿਆਪਕ ਟੈੱਟ ਪਾਸ ਯੂਨੀਅਨ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਿੰਗਲਾ ਦੀ ਗੱਡੀ ਘੇਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਮੰਤਰੀ ਸਾਹਿਬ ਹੱਕੇ ਬੱਕੇ ਰਹਿ ਗਏ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਿੰਗਲਾ ਨਾਲ ਗੱਲ ਕਰਨੀ ਚਾਹੀ, ਪਰ ਉਹ ਬਿਨਾਂ ਗੱਲ ਕੀਤਿਆਂ ਹੀ ਆਪਣੀ ਗੱਡੀ ਕੱਢ ਕੇ ਲੈ ਗਏ।

ਇਸ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਵੱਲੋਂ ਨਾਅਰੇਬਾਜੀ ਕਰਦਿਆ ਸਰਕਾਰ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਇਸ ਮੌਕੇ ਆਗੂਆਂ ਕੁਲਵਿੰਦਰ ਸਿੰਘ ਅਤੇ ਨਵਜੀਵਨ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਹੈਡੀਕੈਪਡ ਕੋਟੇ ਦੀਆਂ ਬੈਕਲਾਗ ਮਾਸਟਰ ਕੇਡਰ ਅਸਾਮੀਆਂ ਦਾ ਪਿਛਲੇ ਦਿਨੀ ਇਸਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਬੇਲੋੜੀਆਂ ਅਤੇ ਤਰਕਹੀਨ ਸਰਤਾਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਬੀ.ਏ  ਵਿੱਚੋਂ 55 ਫੀਸਦੀ ਅੰਕਾਂ ਵਾਲਾ ਉਮੀਦਵਾਰ ਹੀ ਮਾਸਟਰ ਕਾਡਰ ਦੀਆਂ ਮੰਗਾਂ ਦੀ ਭਰਤੀ ਲਈ ਵਿਸ਼ਾ ਪ੍ਰੀਖਿਆ ਲਈ ਯੋਗ ਉਮੀਦਵਾਰ ਹੋਣਗੇ।

ਜਦੋਂ ਕਿ ਪੰਜਾਬ ਦੇ ਕਾਲਜਾਂ ਵਿੰਚ ਬੀ.ਐੱਡ ਵਿੱਚ ਦਾਖਲਾ ਲੈਣ ਲਈ ਜਨਰਲ 50 ਫੀਸਦੀ ਅਤੇ ਰਾਖਵਿਆਂ ਲਈ 45 ਫੀਸਦੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਰਾਹੀਂ ਅਧਿਆਪਕ ਭਰਤੀ ਲਈ ਬੀ.ਏ. 55 ਫੀਸਦੀ ਅਤੇ ਈਟੀਟੀ ਨਾਲ ਬੀ.ਏ. 50 ਫੀਸਦੀ ਦੀ ਨੀਤੀ ਅਤੀ ਨਿੰਦਣਯੋਗ ਹੈ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਾਦਰਸ਼ਾਹੀ ਅਤੇ ਹਿਟਲਰੀ ਲੋਕ ਵਿਰੋਧੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸੰਗਰੂਰ ਵਿਖੇ ਡੀਸੀ ਦਫ਼ਤਰ ਅੱਗੇ ਅਤੇ ਟੈਂਕ ਤੇ ਚੜ੍ਹ ਕੇ ਦੋ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਸਰਕਾਰ ਨਾਲ ਸਿੱਧਾ ਮੱਥਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਬੀ.ਏ. ਵਿੱਚੋਂ 55 ਫੀਸਦੀ ਦੀ ਨੀਤੀ ਰੱਦ ਕੀਤੀ ਜਾਵੇ,ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ ਅਤੇ ਇੰਪਰੂਵਮੈਂਟ ਦੀ 40 ਹਜਾਰ ਫੀਹਸੀ ਵਾਪਿਸ ਲਈ ਜਾਵੇ।

ਕ੍ਰਿਸ਼ਨ ਕੁਮਾਰ ਦਾ ਕਰਾਂਗੇ ਘਿਰਾਓ

ਇਸ ਮੌਕੇ ਇਨ੍ਹਾਂ ਸੰਘਰਸ਼ਕਾਰੀਆਂ ਨੇ ਕਿਹਾ ਕਿ ਉਹ 16 ਨਵੰਬਰ ਨੂੰ ਮਾਨਸਾ ਵਿਖੇ ਆ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਨਾਲ ਜਬਰ ਕੀਤਾ ਜਾ ਰਿਹਾ ਹੈ ਅਤੇ ਧਰਨੇ ‘ਤੇ ਬੈਠੇ ਬੁਰਜ਼ਗਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।