ਨੁੱਕਰੇ ਲਗੇ ਟਕਸਾਲੀ ਕਾਂਗਰਸੀ, ਸੰਗਠਨ ‘ਚ ਵੀ ਥਾਂ ਨਹੀਂ ਮਿਲਣ ਤੋਂ ਖ਼ਾਸੇ ਨਰਾਜ਼, ਸੁਲਗ ਰਹੀ ਐ ਚੰਗਿਆੜ

taksali Congress particularly annoyed at not getting a place in the organization

ਪਿਛਲੇ ਦਿਨੀਂ 11 ਮੈਂਬਰੀ ਕਮੇਟੀ ਵਿੱਚ ਵੀ ਨਹੀਂ ਕੀਤਾ ਗਿਆ ਸ਼ਾਮਲ, ਮਹਿਸੂਸ ਕਰ ਰਹੇ ਹਨ ਆਪਣੀ ਬੇਇੱਜ਼ਤੀ

ਸਰਕਾਰ ਤੋਂ ਬਾਅਦ ਸੰਗਠਨ ਵਿੱਚ ਵੀ ਨਹੀਂ ਕੋਈ ਜਿਆਦਾ ਪੁੱਛ ਪੜਤਾਲ, ਨੌਜਵਾਨ ਕਾਂਗਰਸੀ ਚਲਾਉਣ ਲਗੇ ਸੰਗਠਨ

ਟਕਸਾਲੀ ਕਾਂਗਰਸੀ ਵੀ ਹੋਣ ਲਗੇ ਆਪਣੇ ਪੱਧਰ ‘ਤੇ ਇਕੱਠੇ, ਫੁੱਟ ਸਕਦਾ ਐ ਕਦੇ ਵੀ ਲਾਵਾ

ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ਵਿੱਚ ਆਪਣੀ ਧਾਂਕ ਕਈ ਦਹਾਕੇ ਤੱਕ ਜਮਾਉਣ ਵਾਲੇ ਟਕਸਾਲੀ ਕਾਂਗਰਸੀ ਹੁਣ ਸਰਕਾਰ ਤੋਂ ਬਾਅਦ ਸੰਗਠਨ ਵਿੱਚ ਵੀ ਨੁੱਕਰੇ ਲੱਗਦੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਸੰਗਠਨ ਵਿੱਚ ਵੀ ਕੋਈ ਜਿਆਦਾ ਤਵੱਜੋਂ ਨਾ ਦੇਣ ਕਰਕੇ ਉਹ ਖ਼ਾਸੇ ਨਰਾਜ਼ ਆ ਰਹੇ ਹਨ, ਜਿਸ ਕਾਰਨ ਉਨਾਂ ਦੇ ਅੰਦਰ ਵੀ ਇੱਕ ਚੀਗਘਾੜੀ ਸੁਲਗ ਰਹੀਂ ਹੈ
ਸੱਤਾ ਵਿੱਚ ਰਹਿੰਦੇ ਹੋਏ ਵੀ ਕੋਈ ਪੁੱਛ ਪੜਤਾਲ ਤੋਂ ਬਾਅਦ ਹੁਣ ਬੀਤੇ ਦਿਨੀਂ ਬਣੀ ਤਾਲਮੇਲ ਕਮੇਟੀ ਵਿੱਚ ਥਾਂ ਨਹੀਂ ਮਿਲਣ ਕਰਕੇ ਇਨਾਂ ਉੱਘੇ ਕਾਂਗਰਸੀਆਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋ ਰਹੀਂ ਹੈ।

ਹਾਲਾਂਕਿ ਕਾਂਗਰਸ ਸਰਕਾਰ ਵਿੱਚ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਅਹੁਦੇ ਵੰਡੇ ਗਏ ਹਨ ਪਰ ਇਨਾਂ ਅਹੁਦਿਆਂ ਵਿੱਚ ਕੋਈ ਜਿਆਦਾ ਕੰਮਕਾਜ ਹੱਥ ਪੱਲੇ ਨਾ ਹੋਣ ਕਰਕੇ ਇਹ ਲੀਡਰ ਸਾਹਮਣੇ ਆ ਕੇ ਸੰਗਠਨ ਲਈ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਰਕਾਰ ਦਰਮਿਆਨ ਤਾਲਮੇਲ ਬਿਠਾਉਣ ਲਈ ਬਣਾਈ ਗਈ ਕਮੇਟੀ ਵਿੱਚ ਇਨਾਂ ਨੂੰ ਥਾਂ ਨਹੀਂ ਦਿੱਤੀ ਗਈ ਹੈ।

ਬੀਤੇ ਸਮੇਂ ‘ਚ ਕੈਬਨਿਟ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਅਹੁਦੇ ‘ਤੇ ਰਹੇ ਟਕਸਾਲੀ ਕਾਂਗਰਸੀ ਆਗੂ ਸਭ ਤੋਂ ਜਿਆਦਾ ਉਨਾਂ ਨੌਜਵਾਨ ਕਾਂਗਰਸੀ ਆਗੂਆਂ ਤੋਂ ਔਖੇ ਹਨ, ਜਿਨਾਂ ਨੂੰ ਪਾਰਟੀ ਵਿੱਚ ਆਏ ਹੋਏ ਮਸਾਂ ਕੁਝ ਸਾਲ ਹੀ ਹੋਏ ਹਨ

ਇਹ ਟਕਸਾਲੀ ਕਾਂਗਰਸੀ ਫਿਲਹਾਲ ਕੁਝ ਵੀ ਬੋਲਣ ਲਈ ਸਾਹਮਣੇ ਨਹੀਂ ਆ ਰਹੇ ਹਨ ਪਰ ਉਨਾਂ ਦੇ ਅੰਦਰ ਮੌਜੂਦਾ ਸੰਗਠਨ ਅਤੇ ਸਰਕਾਰ ਖ਼ਿਲਾਫ਼ ਗੁੱਸੇ ਦਾ ਲਾਵਾ ਇਕੱਠਾ ਹੋ ਰਿਹਾ ਹੈ, ਜਿਹੜਾ ਕਿ ਕਿਸੇ ਵੀ ਸਮੇਂ ਫੁੱਟ ਕੇ ਬਾਹਰ ਆ ਸਕਦਾ ਹੈ।

ਇੱਕ ਟਕਸਾਲੀ ਕਾਂਗਰਸ ਨੇ ਕਿਹਾ ਕਿ ਉਹ ਕਦੇ ਵੀ ਪਾਰਟੀ ਤੋਂ ਬਾਹਰ ਨਹੀਂ ਗਏ ਹਨ ਅਤੇ ਹੁਣ ਵੀ ਪਾਰਟੀ ਦੇ ਅੰਦਰ ਰਹਿੰਦੇ ਹੋਏ ਹੀ ਕੰਮ ਕਰ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੰਮ ਕਰਨ ਦੇ ਹੀ ਲਾਇਕ ਨਹੀਂ ਰਹੇ। ਉਨਾਂ ਕਿਹਾ ਕਿ ਪਾਰਟੀ ਦੇ ਪਲੇਟ ਫਾਰਮ ਤੋਂ ਲੈ ਕੇ ਸਰਕਾਰ ਦੇ ਹਰ ਪਲੇਟ ਫਾਰਮ ‘ਤੇ ਕਦੇ ਵੀ ਉਨਾਂ ਨੂੰ ਸੱਦ ਕੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਹੈ

ਇੱਕ ਹੋਰ ਟਕਸਾਲੀ ਕਾਂਗਰਸੀ ਨੇ ਕਿਹਾ ਕਿ ਅੱਜ ਕੱਲ ਤਾਂ ਨੌਜਵਾਨ ਕਾਂਗਰਸੀ ਆਗੂਆਂ ਨੂੰ ਹੀ ਪੁੱਛਿਆ ਜਾ ਰਿਹਾ ਹੈ, ਜਿਨਾਂ ਨੂੰ ਸਰਕਾਰ ਵਿੱਚ ਚੰਗੇ ਪੱਧਰ ‘ਤੇ ਰੱਖਦੇ ਹੋਏ ਕੰਮ ਕਰਨ ਦੀ ਖੁੱਲੀ ਛੋਟ ਦਿੱਤੀ ਹੋਈ ਹੈ ਤੇ ਹੁਣ ਸੰਗਠਨ ਲਈ ਬਣਾਈ ਗਈ 11 ਮੈਂਬਰੀ ਕਮੇਟੀ ਵਿੱਚ ਵੀ ਉਨਾਂ ਦਾ ਹੀ ਨਾਅ ਸ਼ਾਮਲ ਕੀਤਾ ਗਿਆ ਹੈ।

ਕੀ ਅਸੀਂ ਨਹੀਂ ਬਿਠਾ ਸਕਦੇ ਸੀ ਸਰਕਾਰ ਨਾਲ ਤਾਲਮੇਲ

ਟਕਸਾਲੀ ਕਾਂਗਰਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕੀ ਉਹ ਸਰਕਾਰ ਅਤੇ ਪਾਰਟੀ ਵਿੱਚ ਤਾਲਮੇਲ ਨਹੀਂ ਬਿਠਾ ਸਕਦੇ ਹਨ, ਜਿਹੜਾ ਕਿ 11 ਮੈਂਬਰੀ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਨ੍ਹਾਂ ਪਿਛਲੇ ਲੰਬੇ ਸਮੇਂ ਦਾ ਤਜਰਬਾ ਹੈ, ਜਿਹੜਾ ਕਿ ਸਰਕਾਰ ਅਤੇ ਪਾਰਟੀ ਦੇ ਫਾਇਦੇ ਲਈ ਕੰਮ ਆ ਸਕਦਾ ਹੈ ਪਰ ਉਨਾਂ ਨਾਲ ਸਲਾਹ ਮਸ਼ਵਰਾ ਤਾਂ ਕੀ ਕਰਨਾ ਸੀ, ਉਨਾਂ ਨੂੰ ਕਦੇ ਚਾਹ ਪਾਣੀ ‘ਤੇ ਵੀ ਨਹੀਂ ਸੱਦਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।