ਸਕੂਲ ਜਾਣ ਦੀਆਂ ਵੱਟ ਲਓ ਤਿਆਰੀਆਂ

Take, Turns,School, Education

ਬੱਚਿਆਂ ਨੂੰ ਜਿਸ ਬੇਸਬਰੀ ਨਾਲ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਰਹਿੰਦਾ ਹੈ, ਦੁਬਾਰਾ ਸਕੂਲ ਖੁੱਲ੍ਹਣ ਦੇ ਨਾਂਅ ‘ਤੇ ਉਨ੍ਹਾਂ ਨੂੰ ਉਸ ਤੋਂ ਵੱਧ ਘਬਰਾਹਟ ਹੁੰਦੀ ਹੈ ਲਗਭਗ ਡੇਢ-ਦੋ ਮਹੀਨੇ ਦੀ ਖੁੱਲ੍ਹੀ ਅਜ਼ਾਦੀ ਅਤੇ ਮੌਜ-ਮਸਤੀ ਤੋਂ ਬਾਅਦ ਮੁੜ ਫਿਰ ਆਨੁਸ਼ਾਸਨ ਅਤੇ ਬੰਦਿਸ਼ ਵਾਲੇ ਮਾਹੌਲ ‘ਚ ਪਰਤਣਾ ਸ਼ਾਇਦ ਸਾਨੂੰ ਵੀ ਚੰਗਾ ਨਾ ਲੱਗੇ ਫ਼ਿਰ ਬੱਚੇ ਤਾਂ ਆਖਰ ਬੱਚੇ ਹੀ ਹਨ ਸਵੇਰੇ ਅਲਾਰਮ ਸੁਣ ਕੇ ਜਲਦੀ ਉੱਠਣਾ, ਹੋਮਵਰਕ ਦੀ ਟੈਨਸ਼ਨ, ਰਾਤ ਨੂੰ ਜਲਦੀ ਸੌਣਾ ਆਦਿ ਅਜਿਹੀਆਂ ਕਈ ਗੱਲਾਂ ਹਨ, ਜਿਨ੍ਹਾਂ ਦੀ ਕਲਪਨਾ ਤੋਂ ਹੀ ਬੱਚਿਆਂ ਨੂੰ ਘਬਰਾਹਟ ਹੋਣ ਲੱਗਦੀ ਹੈ

ਫਿਰ ਓਹੀ ਭੱਜ-ਦੌੜ:

ਛੁੱਟੀਆਂ ਦੌਰਾਨ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਕਾਫ਼ੀ ਅਰਾਮ ਹਾਸਲ ਹੁੰਦਾ ਹੈ ਰੋਜ਼ਾਨਾ ਘੁੰਮਣਾ-ਫਿਰਨਾ, ਦੇਰ ਰਾਤ ਤੱਕ ਟੀ. ਵੀ. ਵੇਖਣਾ ਤੇ ਸਵੇਰੇ ਦੇਰੀ ਨਾਲ ਉੱਠਣਾ ਛੁੱਟੀਆਂ ‘ਚ ਆਮ ਤੌਰ ‘ਤੇ ਮਾਵਾਂ ਦਾ ਵੀ ਇਹੋ ਰੁਟੀਨ ਰਹਿੰਦਾ ਹੈ ਅਤੇ ਲਗਭਗ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਅਜਿਹੀ ਅਰਾਮ ਮਸ਼ਰੂਫ਼ੀਅਤ ਬੱਚਿਆਂ ਨੂੰ ਥੋੜ੍ਹਾ ਆਲਸੀ ਅਤੇ ਲਾਪ੍ਰਵਾਹ ਬਣਾ ਦਿੰਦੀ ਹੈ ਪਰ ਇਸਦੇ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ

ਇਹ ਸਹਿਜ਼ ਮਨੁੱਖੀ ਪ੍ਰਵਿਰਤੀ ਹੈ, ਕਿਸੇ ਇੱਕ ਤਰ੍ਹਾਂ ਦੇ ਰੁਟੀਨ ਤੋਂ ਦੁਬਾਰਾ ਆਪਣੇ ਕੰਮ ‘ਤੇ ਪਰਤ ਕੇ ਨਵੇਂ ਮਾਹੌਲ ਨਾਲ ਵਿਵਸਾਥਿਤ ਹੋਣ ‘ਚ ਥੋੜ੍ਹੀ ਦਿੱਕਤ ਸਭ ਨੂੰ ਆਉਂਦੀ ਹੈ ਇਸ ਲਈ ਬਿਹਤਰ ਇਹੋ ਹੋਵੇਗਾ ਕਿ ਜਦੋਂ ਸਕੂਲ ਖੁੱਲ੍ਹਣ ‘ਚ ਇੱਕ ਹਫ਼ਤਾ ਬਾਕੀ ਹੋਵੇ, ਓਦੋਂ ਹੀ ਹੌਲੀ-ਹੌਲੀ ਬੱਚੇ ਦੇ ਰੁਟੀਨ ਨੂੰ ਵਿਵਸਥਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਵੇ

ਮਿਸਾਲ ਦੇ ਤੌਰ ‘ਤੇ ਗੱਲਬਾਤ ਦੇ ਦੌਰਾਨ ਆਪਣੇ ਬੱਚੇ ਨੂੰ ਇਹ ਯਾਦ ਦੁਆਉਂਦੇ ਰਹੋ ਕਿ ਹੁਣ ਤੁਹਾਡਾ ਸਕੂਲ ਖੁੱਲ੍ਹਣ ਵਾਲਾ ਹੈ, ਹੁਣੇ ਤੋਂ ਹੀ ਜਲਦੀ ਸੌਣ ਤੇ ਜਾਗਣ ਦੀ ਆਦਤ ਪਾ ਲਵੋ ਆਪਣੇ ਬੱਚੇ ਨੂੰ ਸਿਰਫ਼ ਇਹ ਕਹਿਣਾ ਹੀ ਕਾਫ਼ੀ ਨਹੀਂ ਹੈ ਸਗੋਂ ਖੁਦ ਵੀ ਇਨ੍ਹਾਂ ਆਦਤਾਂ ‘ਤੇ ਅਮਲ ਕਰੋ, ਤਾਂ ਹੀ ਉਹ ਤੁਹਾਡੇ ਨਾਲ ਆਪਣੇ ਸਾਰੇ ਕੰਮ ਸਹੀ ਵਕਤ ‘ਤੇ ਕਰਨ ਦੀ ਕੋਸ਼ਿਸ਼ ਕਰੇਗਾ ਜੇਕਰ ਇੱਕ ਹਫ਼ਤਾ ਪਹਿਲਾਂ ਤੋਂ ਹੀ ਬੱਚੇ ਦੇ ਰੁਟੀਨ ਨੂੰ ਵਿਵਸਥਿਤ ਕੀਤਾ ਜਾਵੇ ਤਾਂ ਸਕੂਲ ਖੁੱਲ੍ਹਣ ਤੋਂ ਬਾਅਦ ਪਹਿਲੇ ਦਿਨ ਜਲਦੀ ਉੱਠਣ ‘ਚ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ

ਹਮੇਸ਼ਾ ਯਾਦ ਰਹੇ ਸਕੂਲ:

ਛੁੱਟੀਆਂ ਤੋਂ ਬਾਅਦ ਮੁੜ ਦੁਬਾਰਾ ਸਕੂਲ ਜਾਣ ਦੇ ਮਾਮਲੇ ‘ਚ ਛੋਟੇ ਬੱਚਿਆਂ ਨੂੰ ਜਿਆਦਾ ਪ੍ਰੇਸ਼ਾਨੀ ਹੁੰਦੀ ਹੈ ਲੰਬੇ ਸਮੇਂ ਤੱਕ ਅਰਾਮ ਭਰੇ ਖੁਸ਼ਨੁਮਾ ਮਾਹੌਲ ‘ਚ ਰਹਿਣ ਤੋਂ ਬਾਅਦ ਮੁੜ ਫਿਰ ਅਨੁਸਾਸ਼ਿਤ ਰੁਟੀਨ ‘ਚ ਵਾਪਸ ਜਾਣ ‘ਚ ਉਨ੍ਹਾਂ ਨੂੰ ਬਹੁਤ ਤਕਲੀਫ਼ ਮਹਿਸੂਸ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਦਿਲ ਅਤੇ ਸਰੀਰ ਇਸ ਲਈ ਤਿਆਰ ਨਹੀਂ ਹੁੰਦਾ ਛੁੱਟੀਆਂ ਦੌਰਾਨ ਬੱਚੇ ਦੇ ਜ਼ਿਹਨ ਅੰਦਰ ਸਕੂਲ ਦਾ ਖਿਆਲ ਬਣਿਆ ਰਵ੍ਹੇ, ਇਸਦੇ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗੱਲਬਾਤ ਦੌਰਾਨ ਬੱਚੇ ਦੇ ਨਾਲ ਉਸਦੇ ਸਕੁਲੀ ਜੀਵਨ ਨਾਲ ਜੁੜੇ ਤਜ਼ਰਬੇ ਸਾਂਝੇ ਕਰੋ ਛੋਟੇ ਹੀ ਨਹੀਂ ਸਗੋਂ ਵੱਡੇ ਬੱਚਿਆਂ ਨੂੰ ਵੀ ਅਜਿਹੀਆਂ ਗੱਲਾਂ ਬਹੁਤ ਦਿਲਚਸਪ ਲੱਗਦੀਆਂ ਹਨ ਜਦੋਂ ਤੁਸੀਂ ਉਸਦੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਸਾਂਝੀਆਂ ਕਰੋਗੇ ਤਾਂ ਉਸਦੇ ਦਿਲ ਵਿੱਚ ਵੀ ਵਾਰ-ਵਾਰ ਆਪਣੇ ਸਕੂਲ ਦਾ ਖਿਆਲ ਆਏਗਾ ਅਤੇ ਉਸਦੇ ਲਈ ਛੁੱਟੀਆਂ ਦੇ ਮੋਹ ‘ਚੋਂ ਬਾਹਰ ਨਿੱਕਲਣਾ ਸੌਖਾ ਹੋ ਜਾਏਗਾ

ਮਾਇਨੇ ਰੱਖਦਾ ਹੈ ਮਾਹੌਲ:

ਛੁੱਟੀਆਂ ਤੋਂ ਬਾਅਦ ਪੁਰਾਣੇ ਮਾਹੌਲ ‘ਚ ਵਾਪਸ ਜਾਣ ਲਈ ਸਭ ਤੋਂ ਜਰੂਰੀ ਇਹ ਹੈ ਕਿ ਘਰ ਦਾ ਮਾਹੌਲ ਵੀ ਪੜ੍ਹਾਈ ਦੇ ਮੁਤਾਬਕ ਹੋਵੇ ਹਰ ਘਰ ‘ਚ ਬੱਚਿਆਂ ਲਈ ਸਟੱਡੀ ਰੂਮ ਜਾਂ ਉਸਦੀ ਖਾਸ ਥਾਂ, ਹੋਣੀ ਜਰੂਰ ਹੁੰਦੀ ਹੈ, ਜਿੱਥੇ ਸਟੱਡੀ ਟੇਬਲ ਅਤੇ ਪੜ੍ਹਾਈ ਨਾਲ ਸਬੰਧਿਤ ਚੀਜਾਂ ਰੱਖੀਆਂ ਜਾਂਦੀਆਂ ਹਨ ਸਕੂਲ ਖੁੱਲ੍ਹਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਬੱਚੇ ਦੀ ਇਸ ਥਾਂ ਨੂੰ ਨਵੇਂ ਸਿਰੇ ਤੋਂ ਵਿਵਸਥਿਤ ਕਰੋ ਸਾਰੀਆਂ ਕਿਤਾਬਾਂ ਅਤੇ ਕਾਪੀਆਂ ‘ਤੇ ਨਵੇਂ ਕਵਰ ਚੜ੍ਹਾਓ ਹਾਈ ਸਕੂਲ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਕਹੋ ਕਿ ਉਹ ਖੁਦ ਹੀ ਪੜ੍ਹਾਈ ਦੇ ਨਾਲ ਸਬੰਧਿਤ ਸਾਜ਼ੋ-ਸਮਾਨ ਨੂੰ ਚੰਗੀ ਤਰ੍ਹਾਂ ਸੈੱਟ ਕਰੋ ਇਸ ਤਰ੍ਹਾਂ ਬੱਚੇ ਦਾ ਨਾਤਾ ਸਕੂਲ ਨਾਲ ਜੁੜਿਆ ਰਹੇਗਾ

ਅਚਾਨਕ ਨਾ ਪਵੇ ਬੋਝ:

ਛੁੱਟੀਆਂ ਤੋਂ ਬਾਅਦ ਸ਼ੁਰੂਆਤੀ ਦੋ-ਚਾਰ ਦਿਨਾਂ ਤੱਕ ਬੱਚੇ ਵੈਸੇ ਵੀ ਥੋੜ੍ਹੇ ਉਦਾਸ ਅਤੇ ਅਣਮੰਨੇ ਜਿਹੇ ਰਹਿੰਦੇ ਹਨ ਅਜਿਹੇ ‘ਚ ਉਨ੍ਹਾਂ ਨੂੰ ਸਹਿਜ਼ ਹੋਣ ਲਈ ਥੋੜ੍ਹੇ ਸਮੇਂ ਦੀ ਜ਼ਰੂਰਤ ਹੁੰਦੀ ਹੈ ਛੁੱਟੀਆਂ ਤੋਂ ਬਾਅਦ ਪਹਿਲਾ ਹਫ਼ਤਾ ਬੱਚਿਆਂ ਨੂੰ ਬਹੁਤ ਜਿਆਦਾ ਉਚਾਟ ਕਰਨ ਵਾਲਾ ਲੱਗਦਾ ਹੈ ਇਸ ਲਈ ਸਕੂਲ ਖੁੱਲ੍ਹ੍ਹਣ ਤੋਂ ਬਾਅਦ ਜੋ ਵੀ ਪਹਿਲੀ, ਛੁੱਟੀ ਹੋਵੇ, ਉਸ ‘ਚ ਆਪਣੇ ਬੱਚੇ ਨੂੰ ਨੇੜੇ ਰੋਚਕ ਥਾਵਾਂ ‘ਤੇ ਘੁੰਮਾਉਣ ਲਈ ਜ਼ਰੂਰ ਲੈ ਕੇ ਜਾਓ ਜਾਂ ਆਪਣੇ ਘਰ ‘ਚ ਹੀ ਉਸਦੇ ਦੋਸਤਾਂ ਨੂੰ ਬੁਲਾਓ ਇਸ ਨਾਲ ਉਸ ਨੂੰ ਅਚਾਨਕ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ ਮਹਿਸੂਸ ਨਹੀਂ ਹੋਵੇਗਾ ਅਤੇ ਉਹ ਸਹਿਜ਼ਤਾ ਨਾਲ ਨਵੇਂ ਮਾਹੌਲ ‘ਚ ਘੁਲ-ਮਿਲ ਜਾਵੇਗਾ

ਜ਼ਰੂਰੀ ਹੈ ਨਿਗਰਾਨੀ:

ਸਕੂਲੀ ਬੱਚਿਆਂ ‘ਤੇ ਹੁਣ ਤੱਕ ਕੀਤੇ ਗਏ ਸਰਵੇਖਣ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਸ਼ੁਰੂਆਤੀ ਦਸ-ਪੰਦਰ੍ਹਾਂ ਦਿਨ ਤੱਕ ਬੱਚੇ ਪੜ੍ਹਾਈ ‘ਚ ਧਿਆਨ ਨਹੀਂ ਲਾ ਪਾਉਂਦੇ ਇਸ ਲਈ ਤੁਸੀਂ ਚਿੰਤਤ ਨਾ ਹੋਵੇ ਪਰ ਉਸਦੀਆਂ ਗਤੀਵਿਧੀਆਂ ‘ਤੇ ਪੂਰੀ ਨਜ਼ਰ ਰੱਖੋ ਕਿਉਂਕਿ ਇਸ ਦੌਰਾਨ ਪੜ੍ਹਾਈ, ਹੋਮਵਰਕ ਅਤੇ ਦੋਸਤਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਗੱਲਾਂ ਬੱਚੇ ਨੂੰ ਤਣਾਅਗ੍ਰਸਤ ਕਰ ਸਕਦੀਆਂ ਹਨ ਅਜਿਹੇ ਸਮੇਂ ‘ਚ ਬੱਚੇ ਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੁੰਦੀ ਹੈ, ਉਸਨੂੰ ਝਿੜਕਣ ਦੀ ਥਾਂ ਦੋਸਤਾਂ ਨਾਲ ਗੱਲਬਾਤ ਕਰਨ ਲਈ ਪ੍ਰੇਰਿਤ ਕਰੋ

ਖੁਦ ਵੀ ਉਸਦੇ ਨਾਲ ਅਜਿਹਾ ਦੋਸਤਾਨਾ ਰਿਸ਼ਤਾ ਕਾਇਮ ਕਰੋ ਕਿ ਉਹ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ ਖਾਸ ਤੌਰ ‘ਤੇ ਆਪਣੇ ਛੋਟੀ ਉਮਰ ਦੇ ਬੱਚੇ ਨੂੰ ਪੁਰਾ ਸਮਾਂ ਦਿਓ, ਪਰ ਇਸਦੇ ਨਾਲ ਉਸ ਨੂੰ ਕੁਝ ਖਾਸ ਸਮਾਂ ਵੀ ਦਿਓ ਉਸ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ‘ਤੇ ਵਿਸ਼ਵਾਸ ਨਹੀਂ ਕਰਦੇ ਇਸ ਤੋਂ ਇਲਾਵਾ ਛੁੱਟੀਆਂ ਤੋਂ ਬਾਅਦ ਸਕੂਲ ਦੇ ਨਵੇਂ ਸੈਸ਼ਨ ਦੇ ਦੌਰਾਨ ਬੱਚੇ ਦੀ ਪੜ੍ਹਾਈ ਤੋਂ ਇਲਾਵਾ ਉਸ ਨੂੰ ਕੁਝ ਰੋਚਕ ਗਤੀਵਿਧੀਆਂ ‘ਚ ਵੀ ਸ਼ਾਮਲ ਹੋਣ ਲਈ ਪ੍ਰੇਰਿਤ ਕਰੋ ਪਰ ਧਿਆਨ ਰਹੇ ਕਿ ਇਸ ਬਾਰੇ ਬੱਚੇ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ

ਸਕੂਲ ਲਈ ਖਰੀਦਦਾਰੀ:

ਸਕੂਲ ਖੁੱਲ੍ਹਣ ਤੋਂ ਦੋ-ਚਾਰ ਦਿਨ ਪਹਿਲਾਂ ਬੱਚੇ ਨੂੰ ਆਪਣੇ ਨਾਲ ਕਿਸੇ ਸਟੇਸ਼ਨਰੀ ਦੀ ਦੁਕਾਨ ‘ਤੇ ਲਿਜਾ ਕੇ ਉਸਨੂੰ ਜਰੂਰਤ ਦੀਆਂ ਸਾਰੀਆਂ ਚੀਜਾਂ ਦੁਆਓ ਜੇਕਰ ਬੱਚਾ ਛੋਟਾ ਹੈ ਤਾਂ ਉਸ ਲਈ ਉਸਦਾ ਮਨਪਸੰਦ ਖਿਡੌਣਾ ਜਾਂ ਕੋਈ ਗੇਮ ਖਰੀਦਣਾ ਨਾ ਭੁੱਲੋ ਨਵੀਂ ਚੀਜ ਪ੍ਰਤੀ ਬੱਚਿਆਂ ਦੇ ਮਨ ‘ਚ ਬਹੁਤ ਜਿਆਦਾ ਖਿੱਚ ਹੁੰਦੀ ਹੈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਉਹ ਸਕੂਲ ਜਾਣ ਲਈ ਤਿਆਰ ਹੋ ਜਾਂਦੇ ਹਨ

ਖੁਦ ਵੀ ਹੋ ਜਾਓ ਤਿਆਰ:

ਮਾਂ ਦਾ ਰੋਜ਼ਾਨਾ ਦਾ ਰੁਟੀਨ ਬੱਚੇ ਦੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ ਹੁਣ ਛੁੱਟੀਆਂ ਖ਼ਤਮ ਹੋਣ ਵਾਲੀਆਂ ਹਨ, ਇਸ ਲਈ ਬਹੁਤ ਜਰੂਰੀ ਹੈ ਕਿ ਕੁਝ ਦਿਨ ਪਹਿਲਾਂ ਤੋਂ ਹੀ ਤੁਸੀਂ ਖੁਦ ਸਹੀ ਸਮੇਂ ‘ਤੇ ਸੌਣ ਅਤੇ ਜਾਗਣ ਦੀ ਆਦਤ ਪਾ ਲਵੋ ਘਰ ਦੇ ਜਿਨ੍ਹਾਂ ਕੰਮ ‘ਚ ਜਿਆਦਾ ਸਮਾਂ ਲੱਗਣ ਦੀ ਸੰਭਾਵਨਾ ਹੋਵੇ ਉਹ ਪਹਿਲਾਂ ਨਿਪਟਾ ਲਓ, ਕਿਉਂਕਿ ਸਕੂਲ ਖੁੱਲ੍ਹਣ ‘ਤੇ ਤੁਹਾਡੀ ਮਸ਼ਰੂਫ਼ੀਅਤ ਅਤੇ ਜਿੰਮੇਵਾਰੀਆਂ ਵਧ ਜਾਣਗੀਆਂ ਜੇਕਰ ਤੁਹਾਡਾ ਆਪਣਾ ਰੁਟੀਨ ਵਿਵਸਾਪਿਤ ਹੋਵੇਗਾ ਤਾਂ ਸਕੂਲ ਖੁੱਲ੍ਹਣ ਤੋਂ ਬਾਅਦ ਬੱਚੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ

ਹਰਪ੍ਰੀਤ ਸਿੰਘ ਬਰਾੜ, 
ਸਾਬਕਾ ਡੀਓ, 174 ਮਿਲਟਰੀ ਹਸਪਤਾਲ,
ਏਅਰਫੋਰਸ ਰੋਡ, ਬਠਿੰਡਾ 
ਮੋ. 94649-96501

ਮਾਂ ਦਾ ਰੋਜ਼ਾਨਾ ਦਾ ਰੁਟੀਨ ਬੱਚੇ ਦੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ ਹੁਣ ਛੁੱਟੀਆਂ ਖ਼ਤਮ ਹੋਣ ਵਾਲੀਆਂ ਹਨ, ਇਸ ਲਈ ਬਹੁਤ ਜਰੂਰੀ ਹੈ ਕਿ ਕੁਝ ਦਿਨ ਪਹਿਲਾਂ ਤੋਂ ਹੀ ਤੁਸੀਂ ਖੁਦ ਸਹੀ ਸਮੇਂ ‘ਤੇ ਸੌਣ ਅਤੇ ਜਾਗਣ ਦੀ ਆਦਤ ਪਾ ਲਵੋ