ਧੀ ਨਾ ਮੈਨੂੰ ਜਾਣੀ ਬਾਬਲਾ, ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ…

ਧੀ ਨਾ ਮੈਨੂੰ ਜਾਣੀ ਬਾਬਲਾ, ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ…

ਇੱਕ ਨਵਜੰਮੀ ਬੱਚੀ ਕੂੜੇ ਦੇ ਢੇਰ ’ਚ ਮਿਲਣ ਕਾਰਨ ਸ਼ਹਿਰ ਵਿੱਚ ਹਲਚਲ ਹੋਈ। ਬੱਚੀ ਦੇ ਮਾਪਿਆਂ ਨੇ ਉਸਨੂੰ ਧੀ ਹੋਣ ਕਾਰਨ ਲਾਵਾਰਿਸ ਛੱਡ ਦਿੱਤਾ ਸੀ ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ। ਅਗਰ ਇਹੀ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸਨੂੰ ਕੂੜੇ ਦੇ ਢੇਰ ’ਚ ਇਸ ਤਰ੍ਹਾਂ ਲਾਵਾਰਿਸ ਛੱਡ ਕੇ ਨਾ ਜਾਂਦੇ। ਧੀ ਹੋਣ ਕਾਰਨ ਉਸਨੂੰ ਇੰਨੀ ਵੱਡੀ ਸਜਾ ਦਿੱਤੀ ਗਈ ਜਿਸ ਵਿੱਚ ਉਸਦਾ ਕੋਈ ਕਸੂਰ ਨਹੀਂ ਸੀ।

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਧਰੇ ਧੀ ਕੁੱਤਿਆਂ ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਅਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ’ਚ ਫਸੀ ਮਿਲਦੀ ਹੈ। ਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦ ਆਪਣੇ ਹੀ ਆਪਣੇ ਖੂਨ ਨੂੰ ਇਸ ਤਰ੍ਹਾਂ ਰੋਲਣ ਲੱਗੇ ਹਨ। ਅਜੋਕੇ ਮਨੁੱਖ ਦੀ ਸੋਚ ਨੂੰ ਕੀ ਹੋ ਗਿਆ ਹੈ ਜੋ ਆਪਣੇ-ਬਿਗਾਨੇ ਦੀ ਪਰਖ ਕਰਨਾ ਭੁੱਲ ਗਈ ਹੈ। ਇਹ ਕਿਹੋ-ਜਿਹੀ ਆਧੁਨਿਕਤਾ ਹੈ ਜਿਸ ਨੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਰ ਵਰਗ ਦਾ ਹਰਮਨ-ਪਿਆਰਾ ਰਾਜਾ ਹੋਇਆ ਹੈ। ਉਸਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ ਤੇ ਦੀਨ ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ’ਤੇ ਸੁਣਦਾ ਸੀ। ਉਸਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਰਕੇ ਇਤਿਹਾਸ ਵਿੱਚ ਉਸਨੂੰ ਮਾਈ ਮਲਵੈਣ ਕਹਿ ਕੇ ਸੱਦਿਆ ਜਾਦਾ ਹੈ। ਉਸ ਸਮੇਂ ਨਵਜੰਮੀ ਧੀ ਨੂੰ ਮਾਰਨ ਦਾ ਆਮ ਰਿਵਾਜ਼ ਸੀ।

ਅਫੀਮ ਖਵਾਕੇ, ਪਾਣੀ ’ਚ ਡੋਬ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ’ਚ ਪਾ ਕੇ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਸੀ। ਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾ? ਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਾਂ ਬਣ ਕੇ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁੱਗ ਬਦਲਾਊ ਮਹਾਨ ਲੋਕਾਂ ਨੂੰ ਜਨਮ ਦੇਵੇ? ਸੋਚਣ ਦੀ ਹੀ ਗੱਲ ਹੈ ਜੇਕਰ ਮਹਾਨ ਲੋਕਾਂ ਦੀਆਂ ਮਾਂਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸਨੇ ਬਣਨਾ ਸੀ??ਇਹੀ ਗੱਲ ਅਸੀਂ ਆਪਣੇ-ਆਪ ’ਤੇ ਵੀ ਲਾ ਕੇ ਦੇਖ ਸਕਦੇ ਹਾਂ ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਹੋਣਾ ਸੀ। ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚੱਲਿਤ ਹੈ। ਗੁਰੂਆਂ ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ-ਸਮੇਂ ’ਤੇ ਇਸਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ।

ਉਸ ਸਮੇਂ ਜੰਮਦੀ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟਰਾਸਾਊਂਡ, ਜੋ ਮਨੁੱਖੀ ਭਲੇ ਕੀਤੀ ਗਈ ਸੀ, ਇਸਦਾ ਗਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਸੰਨ 1979 ਵਿੱਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿੱਚ ਹੋਈ ਸੀ ਅਤੇ ਸੰਨ 1990 ਵਿੱਚ ਬੱਚੇ ਦੇ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖਰ ’ਤੇ ਪਹੁੰਚ ਗਈ ਸੀ। ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿੱਚ ਉਸਨੂੰ ਗਰਭ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈ।

ਸੰਸਾਰ ਵਿੱਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੜ੍ਹੇ-ਲਿਖੇ ਅਗਾਂਹਵਧੂ ਕਹਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਇੱਕ ਅਨੁਮਾਨ ਅਨੁਸਾਰ ਵਿਸ਼ਵ ਦੀਆਂ 42 ਫੀਸਦੀ ਲੜਕੀਆਂ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾ ਚੁੱਕੀਆਂ ਹਨ ਤੇ ਸੰਸਾਰ ਅੰਦਰ 50 ਲੱਖ ਔਰਤਾਂ ਦੀ ਘਾਟ ਹੈ। ਦੇਸ਼ ਪੱਧਰ ’ਤੇ ਸੰਨ 1901 ਵਿੱਚ ਪੁਰਸ਼ ਔਰਤ ਅਨੁਪਾਤ 1000:972 ਸੀ ਜੋ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000:933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ’ਤੇ 1000:940 ਅਨੁਪਾਤ ਪਾਇਆ ਗਿਆ ਹੈ। ਇਸ ਤਰ੍ਹਾਂ ਦੇਸ਼ ਵਿੱਚ 3.7 ਕਰੋੜ ਔਰਤਾਂ ਦੀ ਘਾਟ ਹੈ। ਪੰਜਾਬ ਅਤੇ ਹਰਿਆਣਾ ਵਿੱਚ ਇਹ ਅਨੁਪਾਤ ਕ੍ਰਮਵਾਰ 1000:846 ਅਤੇ 1000:830 ਹੈ।

ਇੱਕ ਗੈਰ-ਸਰਕਾਰੀ ਸੰਸਥਾ ਦੇ ਅਨੁਸਾਰ, ਦੇਸ਼ ਅੰਦਰ ਵੱਖ-ਵੱਖ ਥਾਵਾਂ ’ਤੇ ਹਰ ਰੋਜ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ ਜਿਸ ਵਿੱਚੋਂ 90 ਫੀਸਦੀ ਕੁੜੀਆਂ ਹੁੰਦੀਆਂ ਹਨ। ਲਾਵਾਰਿਸ ਥਾਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ਵਿਚ ਪਹੁੰਚਾ ਦਿੱਤਾ ਜਾਂਦਾ ਹੈ। ਇਹ ਬੱਚੇ ਜਿਆਦਾਤਰ ਅਨਾਥ ਆਸ਼ਰਮਾਂ ਵਿੱਚ ਨਰਕਮਈ ਜ਼ਿੰਦਗੀ ਜਿਉਂਦੇ ਹਨ ਉੱਥੇ ਤਾਇਨਾਤ ਵਾਰਡਨ ਜਾਂ ਹੋਰ ਅਮਲਾ ਇਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਤੱਕ ਕੀਤਾ ਜਾਂਦਾ ਹੈ। ਮੀਡੀਆ ਨੇ ਅਜਿਹੇ ਅਣਗਿਣਤ ਕੇਸਾਂ ਦਾ ਖੁਲਾਸਾ ਕੀਤਾ ਹੈ।

ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਪਵੇਗਾ। ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਉਸ ਤੋਂ ਜਿਆਦਾ ਪੜ੍ਹੇ-ਲਿਖੇ ਅਨਪੜ੍ਹਾਂ ਨੂੰ ਜਗਾਉਣ ਦੀ ਅਹਿਮ ਜਰੂਰਤ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ਅਤੇ ਧੀ ਨੂੰ ਲਾਵਾਰਿਸ ਛੱਡਣ ਵਿੱਚ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਸਮਾਜ ਅੰਦਰ ਅਜਿਹਾ ਮਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ਉੱਪਰ ਹੁੰਦੇ ਜੁਲਮਾਂ ਦਾ ਅੰਤ ਹੋ ਸਕੇ। ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜੀਵਾਦੀ ਖਿਆਲਾਂ ’ਚ ਉਲਝੇ ਹੋਏ ਹਾਂ। ਹੋਰ ਦੀ ਧੀ ਦੀ ਸੁਰੱਖਿਆ ਨਹੀਂ ਕਰ ਸਕਦੇ ਘੱਟੋ-ਘੱਟ ਆਪਣੀ ਬੱਚੀ ਨੂੰ ਸੁਰੱਖਿਅਤ ਜਿਉਣ ਦਾ ਹੱਕ ਤਾਂ ਜਰੂਰ ਦਿਉ ਅਤੇ ਉਸ ਬੱਚੀ ਦੇ ਹਰ ਦਿਲ ਨੂੰ ਝੰਜੋੜਨ ਵਾਲੇ ਇਹ ਅਲਫਾਜ਼, ਧੀ ਨਾ ਮੈਨੂੰ ਜਾਣੀ ਬਾਬਲਾ ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ…’ ਸੁਣਨ ਦੀ ਜੁੱਅਰਤ ਜੁਟਾਈਏ।
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਮੈਡੀਕਲ ਅਫਸਰ ਹੈ।

ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.