ਪੰਜਾਬ ਭਰ ਦੇ ਈ.ਓ. ਦੀ ਲਗਾਈ ਡਿਊਟੀ, ਕੱਚੇ ਕਰਮਚਾਰੀਆਂ ਦੀ ਭੇਜਣ ਲਿਸਟ
-
ਜੂਨ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਏਗੀ ਪ੍ਰੀਕ੍ਰਿਆ, ਫੰਡ ਦਾ ਇੰਤਜ਼ਾਮ ਵੀ ਕਰੇਗੀ ਸਰਕਾਰ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਸਫ਼ਾਈ ਕਰਮਚਾਰੀ ਜਲਦ ਹੀ ਪੱਕੇ ਕਰ ਦਿੱਤੇ ਜਾਣਗੇ। ਇਸ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਪੰਜਾਬ ਭਰ ਵਿੱਚੋਂ ਕੱਚੇ ਸਫ਼ਾਈ ਕਰਮਚਾਰੀਆਂ ਦੀ ਲਿਸਟਾਂ ਮੰਗ ਲਈਆਂ ਹਨ ਤਾਂ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਇਸ ਸਮੇਂ ਸਥਾਨਕ ਸਰਕਾਰਾਂ ਵਿਭਾਗ ਕੋਲ ਇਹੋ ਜਿਹੀ ਕੋਈ ਲਿਸਟ ਨਹੀਂ ਹੈ, ਜਿਸ ਅਨੁਸਾਰ ਇਹ ਪਤਾ ਲਗ ਸਕੇ ਕਿ ਕਿੰਨੀ ਕੱਚੇ ਕਰਮਚਾਰੀ ਹਨ ਅਤੇ ਉਨ੍ਹਾਂ ਨੂੰ ਪੱਕਾ ਕਰਨ ‘ਤੇ ਸਰਕਾਰ ’ਤੇ ਕੁਲ ਕਿੰਨਾ ਬੋਝ ਪਏਗਾ। ਇਸ ਲਈ ਪੰਜਾਬ ਭਰ ਦੇ ਈ.ਓ. ਅਤੇ ਨਿਗਮ ਕਮਿਸ਼ਨਰ ਸੋਮਵਾਰ ਤੱਕ ਆਪਣੇ ਸਫ਼ਾਈ ਕਰਮਚਾਰੀਆਂ ਦੀ ਲਿਸਟਾਂ ਭੇਜਣਗੇ। ਜਿਸ ਤੋਂ ਬਾਅਦ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਸ਼ੁਰੂ ਕਰ ਦੇਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਪਿਛਲੇ 2 ਹਫ਼ਤੇ ਤੋਂ ਹੜਤਾਲ ’ਤੇ ਚਲ ਰਹੇ ਹਨ। ਉਨ੍ਹਾਂ ਵਲੋਂ ਸਥਾਨਕ ਸਰਕਾਰਾਂ ਵਿਭਾਗ ਅੱਗੇ ਕੁਝ ਮੰਗਾ ਰੱਖੀਆਂ ਹੋਈਆ ਹਨ, ਉਨ੍ਹਾਂ ਵਿੱਚੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੁੱਖ ਮੰਗ ਹੈ। ਪੰਜਾਬ ਸਰਕਾਰ ਵਲੋਂ ਹੁਣ ਤੱਕ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕਰਦੇ ਹੋਏ ਇਸ ਵਾਰ ਸਰਕਾਰ ਦੀ ਕੋਈ ਗਲ ਸੁਣਨ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਸੀ। ਪੰਜਾਬ ਭਰ ਵਿੱਚ ਚਲ ਰਹੀਂ ਹੜਤਾਲ ਦੇ ਚਲਦੇ ਸਹਿਰਾ ਦੇ ਸ਼ਹਿਰ ਕੁੜੇ ਦੇ ਢੇਰ ਵਿੱਚ ਤਬਦੀਲ ਹੁੰਦੇ ਨਜ਼ਰ ਆ ਰਹੇ ਸਨ ਤਾਂ ਇਸ ਨਾਲ ਬਲੈਕ ਫੰਗਸ ਦੀ ਬਿਮਾਰੀ ਵੀ ਜਿਆਦਾ ਫੈਲਣ ਦਾ ਡਰ ਸਤਾਇਆ ਜਾ ਰਿਹਾ ਸੀ।
ਇਸ ਲੰਬੀ ਚਲ ਰਹੀ ਹੜਤਾਲ ਨੂੰ ਦੇਖਣ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਬੀਤੇ ਦਿਨੀਂ ਸਫ਼ਾਈ ਕਰਮਚਾਰੀ ਦੀ ਯੂਨੀਅਨ ਨਾਲ ਮੀਟਿੰਗ ਕਰਦੇ ਹੋਏ ਕੱਚੇ ਕਰਮਚਾਰੀਆਂ ਨੂੂੰ ਪੱਕਾ ਕਰਨ ਦਾ ਭਰੋਸਾ ਦੇ ਦਿੱਤਾ ਹੈ ਪਰ ਇਸ ਨਾਲ ਹੀ ਕੁਝ ਸ਼ਰਤਾਂ ਵੀ ਲਗਾਈ ਜਾਣਗੀਆਂ, ਕਿਉਂਕਿ ਸਰਕਾਰ ਦੇ ਨਿਯਮਾਂ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਹੋ ਸਕਦਾ ਹੈ।
ਸਥਾਨਕ ਸਰਕਾਰਾਂ ਵਿਭਾਗ ਕੋਲ ਇਸ ਤਰ੍ਹਾਂ ਦਾ ਕੋਈ ਵੀ ਡਾਟਾ ਨਹੀਂ ਹੈ, ਜਿਸ ਰਾਹੀਂ ਇਹ ਪਤਾਲ ਚਲ ਸਕੇ ਕਿ ਕਿੰਨੇ ਸਫ਼ਾਈ ਕਰਮਚਾਰੀ ਕੱਚੇ ਹਨ ਅਤੇ ਉਨ੍ਹਾਂ ਕੱਚੇ ਕਰਮਚਾਰੀਆਂ ਵਿੱਚੋਂ ਕਿੰਨੇ ਕਰਮਚਾਰੀਆਂ ਦਾ ਈ.ਪੀ.ਐਫ. ਕੱਟਿਆ ਜਾ ਰਿਹਾ ਹੈ। ਇਸ ਲਈ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾਂ ਨੇ ਪੰਜਾਬ ਭਰ ਦੇ ਈ.ਓ. ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਜਲਦ ਹੀ ਕੱਚੇ ਕਰਮਚਾਰੀਆਂ ਦੀ ਲਿਸਟਾਂ ਤਿਆਰ ਕਰਕੇ ਭੇਜਣ ਅਤੇ ਇਸ ਵਿੱਚ ਇਹ ਵੀ ਦੱਸਿਆ ਜਾਵੇ ਕਿ ਕਿੰਨੇ ਕੱਚੇ ਕਰਮਚਾਰੀਆਂ ਦਾ ਈ.ਪੀ.ਐਫ. ਕੱਟਿਆ ਜਾ ਰਿਹਾ ਹੈ। ਬ੍ਰਹਮ ਮਹਿੰਦਰਾਂ ਵਲੋਂ ਇਹ ਲਿਸਟਾਂ ਭੇਜਣ ਲਈ ਈ.ਓਜ਼. ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਗਿਣਤੀ ਪਤਾ ਚਲਣ ਤੋਂ ਬਾਅਦ ਦੇਖਿਆ ਜਾਏਗਾ ਕਿੰਨਾ ਪਏਗਾ ਬੋਝ : ਬ੍ਰਹਮ ਮਹਿੰਦਰਾਂ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਲਿਸਟਾਂ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਇਹ ਲਿਸਟਾਂ ਸੋਮਵਾਰ ਤੱਕ ਆ ਜਾਣਗੀਆਂ। ਪੰਜਾਬ ਭਰ ਦੇ ਕੱਚੇ ਕਰਮਚਾਰੀਆਂ ਦੀ ਲਿਸਟਾਂ ਦੇਖਣ ਤੋਂ ਬਾਅਦ ਪਤਾ ਚੱਲੇਗਾ ਕਿ ਇਨ੍ਹਾਂ ਨੂੰ ਪੱਕਾ ਕਰਨ ਲਈ ਕੁਲ ਕਿੰਨਾ ਬੋਝ ਪਏਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੱਚੇ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਪੱਕਾ ਕੀਤਾ ਜਾਏਗਾ ਅਤੇ ਇਸ ਲਈ ਸਰਕਾਰ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਲਈ ਕੁਝ ਸਮਾਂ ਲਗਦਾ ਹੈ, ਜਿਸ ਨੂੰ ਜਲਦ ਹੀ ਮੁਕੰਮਲ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। ਉਸ ਸਮੇਂ ਸਫ਼ਾਈ ਕਰਮਚਾਰੀ ਯੂਨੀਅਨਾਂ ਨੂੰ ਹੜਤਾਲ ਖ਼ਤਮ ਕਰਦੇ ਹੋਏ ਸਫ਼ਾਈ ਕਰਨ ਦੇ ਕਹਿ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।