ਹਰਿਆਣਾ ਦੀ ਸਾਕਸ਼ੀ ‘ਤੇ ਭਾਰੀ ਪਈ ਪੰਜਾਬ ਦੀ ਸਵਰੀਤ

Swareet,Punjab, Defeated, Sakshi, Haryana, sports

ਫਿਰੋਜ਼ਪੁਰ ‘ਚ ਚਾਰ ਰੋਜ਼ਾ ਨੌਰਥ ਜੋਨ ਬੈਡਮਿੰਟਨ ਟੂਰਨਾਮੈਂਟ ਸਮਾਪਤ

ਸਤਪਾਲ ਥਿੰੰਦ, ਫਿਰੋਜ਼ਪੁਰ: ਚਾਰ ਰੋਜ਼ਾ ਨੋਰਥ ਜੌਨ ਬੈਡਮਿੰਟਨ ਟੂਰਨਾਮੈਂਟ 27 ਜੂਨ ਤੋਂ 30 ਜੂਨ ਤੱਕ ਸ਼ਹੀਦ ਭਗਤ ਸਿੰਘ ਇੰਡੋਰ ਹਾਲ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਮਮਦੋਟ ਬੈਡਮਿੰਟਨ ਅਕੈਡਮੀ ਵੱਲੋਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਿਰੋਜਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਟੂਰਨਾਮੈਂਟ ਵਿੱਚ ਉੱਤਰ ਭਾਰਤ ਦੇ ਪੰਜਾਬ ਸੂਬੇ ਤੋਂ ਇਲਾਵਾ ਹਰਿਆਣਾ,ਰਾਜਸਥਾਨ, ਜੰਮੂ ਕਸ਼ਮੀਰ, ਉੱਤਰਾਖੰਡ, ਆਦਿ ਸੂਬਿਆਂ ਦੇ ਲਗਭਗ 500 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਅੰਡਰ 11,13,15,17,19 ਸਾਲ ਲੜਕੇ ਅਤੇ ਅੰਡਰ 15 ਲੜਕੀਆਂ ਦੇ ਦਿਲਚਸਪ ਮੁਕਾਬਲੇ ਹੋਏ ਟੂਰਨਾਮੈਂਟ ਵਿੱਚ ਅੰਡਰ 15 ਲੜਕੀਆਂ ਦੇ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਨੈਸ਼ਨਲ ਖਿਡਾਰਨ ਸਵਰੀਤ ਕੌਰ ਨੇ ਸੋਨ ਅਤੇ ਹਰਿਆਣਾ ਦੀ ਨੈਸ਼ਨਲ ਖਿਡਾਰਨ ਸ਼ਾਕਸ਼ੀ ਨੇ ਚਾਂਦੀ ਤਮਗਾ ਪ੍ਰਾਪਤ ਕੀਤਾ, ਅੰਡਰ 11 ਲੜਕੇ ਵਿੱਚ ਫਿਰੋਜਪੁਰ ਦੇ ਗਰਵ ਕੁਮਾਰ ਨੇ ਸੋਨ ਅਤੇ ਜਲੰਧਰ ਦੇ ਸਮਰੱਥ ਨੇ ਚਾਂਦੀ ਤਮਗਾ , ਅੰਡਰ 13 ਵਿੱਚ ਜੰਮੂ ਕਸ਼ਮੀਰ ਦੇ ਐਸ਼ ਨੇ ਸੋਨ , ਫਿਰੋਜਪੁਰ ਦੇ ਗਰਵ ਨੇ ਚਾਂਦੀ ਤਮਗਾ ਹਾਸਲ ਕੀਤਾ ।

ਇਸੇ ਤਰ੍ਹਾਂ ਅੰਡਰ 15 ਵਿੱਚ ਜੰਮੂ ਕਸ਼ਮੀਰ ਦੇ ਐਸ਼ ਨੇ ਸੋਨ ਅਤੇ ਫ਼ਾਜ਼ਿਲਕਾ ਦੇ ਵਿਸ਼ੇਸ਼ ਨੇ ਚਾਂਦੀ ਤੇ , ਅੰਡਰ 17 ਵਿੱਚ ਵਿਕਰਾਂਤ ਕੌਂਸ਼ਲ ਰਾਜਸਥਾਨ ਨੇ ਸੋਨ ਅਤੇ ਮਨੀਤ ਬਿੰਦਰਾ ਫਿਰੋਜਪੁਰ ਨੇ ਚਾਂਦੀ ਤਮਗਾ ਅਤੇ ਅੰਡਰ 19 ਵਿੱਚ ਵਿਕਰਾਂਤ ਰਾਜਸਥਾਨ ਨੇ ਸੋਨ ਅਤੇ ਪੁਸ਼ਪਿੰਦਰ ਰਾਜਸਥਾਨ ਨੇ ਚਾਂਦੀ ਤਮਗਾ ਹਾਸਲ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ  ਬਲਵੰਤ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜੇਗਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਮੱਦਦ ਕਰੇਗਾ। ਟੂਰਨਾਮੈਂਟ ਵਿੱਚ ਜਸਵਿੰਦਰ ਸਿੰਘ ਨੇ ਚੀਫ਼ ਰੈਫ਼ਰੀ ਦੀ ਜਿੰਮੇਵਾਰੀ ਨਿਭਾਈ। ਅੰਤ ਵਿਚ ਜ਼ਿਲ੍ਹਾ ਖੇਡ ਅਫ਼ਸਰ ਫਿਰੋਜਪੁਰ ਬਲਵੰਤ ਸਿੰਘ ਅਤੇ ਆਏ ਹੋਏ ਮੁੱਖ ਮਹਿਮਾਨ ਵਜੋਂ  ਡੀ.ਬੀ.ਏ. ਦੇ ਪ੍ਰਧਾਨ ਮਨੋਜ ਗੁਪਤਾ, ਸਕੱਤਰ ਵਿਨੈ ਵੋਹਰਾ, ਅਨੂਪ ਅਗਰਵਾਲ, ਪ੍ਰੈਸ ਸਕੱਤਰ ਸੰਜੇ ਕਟਾਰੀਆ ਵੱਲੋਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।