ਬਠਿੰਡਾ ਨੂੰ ਨਗਰ ਨਿਗਮ ਬਣਾਉਣ ਲਈ ਯਾਦ ਰਹਿਣਗੇ ਸੁਰਿੰਦਰ ਸਿੰਗਲਾ

Surinder Singla, Remember, Bathinda, Municipal, Corporation

ਉਨ੍ਹਾਂ ਨੇ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ

ਬਠਿੰਡਾ (ਅਸ਼ੋਕ ਵਰਮਾ) ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਪਰ ਜਦੋਂ ਵੀ ਬਠਿੰਡਾ ਦੀ ਤਰੱਕੀ ਦੀ ਗੱਲ ਤੁਰੇਗੀ ਉਨ੍ਹਾਂ ਦਾ ਨਾਂਅ ਸ਼ਹਿਰ ਨੂੰ ਅੱਗੇ ਲਿਜਾਣ ਵਾਲਿਆਂ ‘ਚੋਂ ਮੂਹਰਲੀ ਕਤਾਰ ਦੇ ਨੇਤਾਵਾਂ ਵਜੋਂ ਚੇਤੇ ਕੀਤਾ ਜਾਂਦਾ ਰਹੇਗਾ ਮਰਹੂਮ ਕਾਂਗਰਸੀ ਆਗੂ ਦਾ ਬਠਿੰਡਾ ਨਾਲ ਕਦੇ ਵੀ ਵਾਹ-ਵਾਸਤਾ ਨਹੀਂ ਰਿਹਾ ਸੀ ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਹੋਣ ਕਰਕੇ ਕਾਂਗਰਸ ਹਾਈਕਮਾਂਡ ਨੇ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ‘ਚ ਬਠਿੰਡਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ।

ਉਨ੍ਹੀਂ ਦਿਨੀਂ ਬਠਿੰਡਾ ਨਿਰੋਲ ਸ਼ਹਿਰੀ ਹਲਕਾ ਨਹੀਂ ਸੀ ਤੇ ਇਸ ਨਾਲ ਕਾਫੀ ਪਿੰਡ ਵੀ ਜੁੜੇ ਹੋਏ ਸਨ ਟਿਕਟ ਦੇ ਚਾਹਵਾਨ ਆਗੂਆਂ ਵੱਲੋਂ ਜਬਰਦਸਤ ਵਿਰੋਧ ਅਤੇ ਹਿੰਦੂ ਹੋਣ ਕਰਕੇ ਉਨ੍ਹਾਂ ਨੂੰ ਸ਼ਹਿਰ ਅਤੇ ਪਿੰਡਾਂ ‘ਚ ਕਾਫੀ ਚੁਣੌਤੀਆਂ ਦਰਪੇਸ਼ ਸਨ ਜਿਨ੍ਹਾਂ ਦਾ ਸ੍ਰੀ ਸਿੰਗਲਾ ਨੇ ਦ੍ਰਿੜਤਾ ਅਤੇ ਦਲੇਰੀ ਨਾਲ ਸਾਹਮਣਾ ਕੀਤਾ ਉਨ੍ਹਾਂ ਨੇ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਨਾਲ ਤੋਰਨ ‘ਚ ਸਫਲ ਰਹੇ।

2002 ਦੀਆਂ ਚੋਣਾਂ ਉਪਰੰਤ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਵਜ਼ਾਰਤ ‘ਚ ਸ਼ਾਮਲ ਕੀਤਾ

ਆਪਣੀ ਸ਼ਖਸੀਅਤ ਅਤੇ ਰਣਨੀਤਕ ਕੁਸ਼ਲਤਾ ਦਾ ਨਤੀਜਾ ਸੀ ਕਿ ਸ੍ਰੀ ਸਿੰਗਲਾ ਨੇ ਬਾਗੀ ਕਾਂਗਰਸੀ ਉਮੀਦਵਾਰ ਵੱਲੋਂ 14788 ਵੋਟਾਂ ਲਿਜਾਣ ਦੇ ਬਾਵਜੂਦ ਬਾਦਲ ਪਰਿਵਾਰ ਦੀ ਸੱਜੀ ਬਾਂਹ ਸਮਝੇ ਜਾਂਦੇ ਸਾਬਕਾ ਅਕਾਲੀ ਮੰਤਰੀ ਨੂੰ 13413 ਵੋਟਾਂ ਦੇ ਫਰਕ ਨਾਲ ਹਰਾ ਕੇ ਸਿਆਸੀ ਹਲਕਿਆਂ ‘ਚ ਤੂਫਾਨ ਲਿਆ ਦਿੱਤਾ ਸੀ।

ਸਾਲ 2002 ਦੀਆਂ ਚੋਣਾਂ ਉਪਰੰਤ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਵਜ਼ਾਰਤ ‘ਚ ਸ਼ਾਮਲ ਕੀਤਾ ਅਤੇ ਵਿੱਤ ਮੰਤਰੀ ਬਣਾਇਆ ਆਪਣੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੇ ਪੰਜਾਬ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸ੍ਰੀ ਸਿੰਗਲਾ ਦਾ ਬਠਿੰਡਾ ਨਾਲ ਪਹਿਲਾਂ ਕਦੇ ਵੀ ਕੋਈ ਵਾਹ-ਵਾਸਤਾ ਨਹੀਂ ਰਿਹਾ ਸੀ ਪਰ ਵਿਧਾਇਕ ਬਣਨ ਮਗਰੋਂ ਉਨ੍ਹਾਂ ਦੇ ਦਿਲ ‘ਚ ਬਠਿੰਡੇ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀ ਰੀਝ ਸੀ ਅਤੇ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਿਲੋਂ ਯਤਨ ਕੀਤੇ।

ਮਾਨਸਾ ਰੋਡ ਤੇ ਪਟਿਆਲਾ ਰੇਲਵੇ ਲਾਈਨ ‘ਤੇ ਰੇਲ ਆਵਾਜਾਈ ਕਾਫੀ ਜਿਆਦਾ ਸੀ ਸਿੱਟੇ ਵਜੋਂ ਫਾਟਕ ਬੰਦ ਰਹਿਣ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ਸ੍ਰੀ ਸਿੰਗਲਾ ਨੇ ਫਲਾਈਓਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਇਸੇ ਤਰ੍ਹਾਂ ਹੀ ਸ਼ਹਿਰ ਦੀ ਤਰੱਕੀ ਨੂੰ ਹੋਰ ਗਤੀ ਦੇਣ ਦੇ ਮੰਤਵ ਨਾਲ ਮਿਊਂਸਪਲ ਕਮੇਟੀ ਬਠਿੰਡਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਬਠਿੰਡਾ ਦੀ ਬਹੁਪੱਖੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਸ੍ਰੀ ਸਿੰਗਲਾ ਦੇ ਅਰੰਭੇ ਕਾਰਜਾਂ ਨੂੰ ਆਧੁਨਿਕ ਦੌਰ ਵਿੱਚ ਪਹੁੰਚਾਉਣ ਲਈ ਹੁਣ ਨਗਰ ਨਿਗਮ ਇੱਕ ਬਹੁਮੰਤਵੀ ਕਾਰਜ ਕੇਂਦਰ ਵਜੋਂ ਵੀ ਆਪਣੀ ਪਛਾਣ ਬਣਾ ਚੁੱਕਾ ਹੈ।

ਇਸ ਨੇ ਬੇਸ਼ੱਕ ਹਾਲੇ ਮੰਜਿਲ ਤਾਂ ਸਰ ਨਹੀਂ ਕੀਤੀ ਪਰ ਸਾਬਕਾ ਵਿੱਤ ਮੰਤਰੀ ਦੇ ਚਲੇ ਜਾਣ ਤੋਂ ਬਾਅਦ ਵੀ ਸ਼ਹਿਰ ਦੀ ਤਰੱਕੀ ਲਈ ਯਤਨਸ਼ੀਲ ਹੈ. ਜਿਸ ਦਾ ਸਿਹਰਾ ਸ੍ਰੀ ਸਿੰਗਲਾ ਦੇ ਸਿਰ ਬੱਝਦਾ ਹੈ ਸ੍ਰੀ ਸਿੰਗਲਾ ਦੀ ਦਿਲੀ ਇੱਛਾ ਸੀ ਕਿ ਬਠਿੰਡੇ ਦਾ ਸਰਬਪੱਖੀ ਵਿਕਾਸ ਹੋਵੇ ਜਿਸ ਤਹਿਤ ਹੋਰ ਵੀ ਕਈ ਕੰਮ ਹਨ ਜਿਨ੍ਹਾਂ ਨੂੰ ਮਰਹੂਮ ਸੁਰਿੰਦਰ ਸਿੰਗਲਾ ਨੇ ਪੂਰੀ ਦਿਲਚਸਪੀ ਲੈ ਕੇ ਨੇਪਰੇ ਚਾੜ੍ਹਿਆ।

ਸ੍ਰੀ ਸਿੰਗਲਾ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਪਰ ਉਨ੍ਹਾਂ ਨੂੰ ਬਠਿੰਡਾ ਜਿੰਨਾ ਸਤਿਕਾਰ ਨਾ ਮਿਲਿਆ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਅਕਤੂਬਰ 2016 ਨੂੰ ਉਨ੍ਹਾਂ ਨੇ ਬਠਿੰਡਾ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਤੇ ਆਖਿਆ ਕਿ ਇੱਥੋਂ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਇਸ ਗੱਲ ਦਾ ਅਫਸੋਸ ਹੈ ਕਿ ਉਹ ਬਠਿੰਡਾ ਛੱਡ ਕੇ ਅੰਮ੍ਰਿਤਸਰ ਚਲੇ ਗਏ ਅੱਜ ਜਦੋਂ ਸ੍ਰੀ ਸਿੰਗਲਾ ਸਾਡੇ ਵਿੱਚ ਨਹੀਂ ਰਹੇ ਪਰੰਤੂ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਕਾਰਨ ਬਠਿੰਡਾ ਦੁਨੀਆਂ ਦੇ ਨਕਸ਼ੇ ‘ਤੇ ਉੱਭਰਿਆ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਯਾਦ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਸਦੀਵੀ ਬਣੀ ਰਹੇਗੀ।

ਸੁਰਿੰਦਰ ਸਿੰਗਲਾ ਨੂੰ ਵਿਕਾਸ ਪੁਰਸ਼ ਵਜੋਂ ਜਾਣਿਆ ਜਾਵੇਗਾ: ਡਾ. ਸਤਪਾਲ ਭਟੇਜਾ

ਸੀਨੀਅਰ ਕਾਂਗਰਸੀ ਆਗੂ ਡਾ. ਸੱਤਪਾਲ ਭਟੇਜਾ ਦਾ ਕਹਿਣਾ ਸੀ ਕਿ ਬੇਸ਼ੱਕ ਸ੍ਰੀ ਸੁਰਿੰਦਰ ਸਿੰਗਲਾ ਇੱਥੇ ਬਾਹਰੋਂ ਆਉਣ ਵਾਲੇ ਸਿਆਸਤਦਾਨ ਸਨ ਪਰ ਉਨ੍ਹਾਂ ਬਠਿੰਡਾ ਦੀ ਤਰੱਕੀ ਦੇ ਮਾਮਲੇ ‘ਚ ਵਿਕਾਸ ਪੁਰਸ਼ ਵਜੋਂ ਜਾਣਿਆ ਜਾਏਗਾ ਉਨ੍ਹਾਂ ਆਖਿਆ ਕਿ ਆਪਣੇ ਕਾਰਜਾਂ ਤੇ ਬਿਨਾ ਦਵੇਸ਼ ਭਾਵ ਵਾਲੀ ਰਾਜਨੀਤੀ ਕਰਦਿਆਂ ਹਰ ਕਿਸੇ ਨੂੰ ਬਰਾਬਰਤਾ ਦਾ ਦਰਜਾ ਦੇਣ ਕਾਰਨ ਉਨ੍ਹਾਂ ਦਾ ਨਾਂਅ ਬਠਿੰਡਾ ਹਲਕੇ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ।

ਸਿੰਗਲਾ ਦੀ ਮੌਤ ਨਾਲ ਕਾਂਗਰਸ ਨੂੰ ਵੱਡਾ ਘਾਟਾ ਪਿਆ: ਮਨਪ੍ਰੀਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੌਤ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਵਿੱਤ ਮੰਤਰੀ ਨੇ ਕਿਹਾ ਕਿ ਸ੍ਰੀ ਸਿੰਗਲਾ ਨੇ ਖਜ਼ਾਨਾ ਮੰਤਰੀ ਵਜੋਂ ਜਿੱਥੇ ਨਗਰ ਨਿਗਮ ਦਾ ਗਠਨ ਕਰਵਾਇਆ ਉਥੇ ਹੀ ਸ਼ਹਿਰ ਦਾ ਵੱਡੀ ਪੱਧਰ ‘ਤੇ ਵਿਕਾਸ ਹੋਇਆ ਹੈ ਉਨ੍ਹਾਂ  ਕਿਹਾ ਕਿ ਬਠਿੰਡਾ ਨੂੰ ਸੁਰਿੰਦਰ ਸਿੰਗਲਾ ਦੇ ਸੁਫਨਿਆਂ  ਦਾ ਸ਼ਹਿਰ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬਠਿੰਡਾ ਦੀ ਤਰੱਕੀ ਤੇ ਵਿਕਾਸ ਵਿੱਚ ਸਿੰਗਲਾ ਦਾ ਵੱਡਾ ਯੋਗਦਾਨ ਹੈ ਜਿਸ ਲਈ ਸ਼ਹਿਰ ਵਾਸੀ ਸਿੰਗਲਾ ਨੂੰ ਸਦਾ ਯਾਦ ਰੱਖਣਗੇ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ,ਚਿੰਰਜੀ ਲਾਲ ਗਰਗ,ਮੋਹਨ ਲਾਲ ਝੂੰਬਾ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰਾਂ ਹਰਜੋਤ ਸਿੰਘ ਸਿੱਧੂ ਤੇ ਚਮਕੌਰ ਮਾਨ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਰਾਜਨ ਗਰਗ, ਪਵਨ ਮਾਨੀ, ਕੇਕੇ ਅਗਰਵਾਲ, ਸਤਪਾਲ ਭਟੇਜਾ, ਟਹਿਲ ਸਿੰਘ ਸੰਧੂ ਅਤੇ ਪਿਰਥੀਪਾਲ ਜਲਾਲ ਨੇ ਵੀ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : Weather Update : ਹਰਿਆਣਾ ’ਚ ਅੱਜ ਵੀ ਕਈ ਥਾਵਾਂ ’ਤੇ ਮੀਂਹ ਅਤੇ ਤੁਫਾਨ ਦੀ ਸੰਭਾਵਨਾ