ਗਰਮੀ-ਸਰਦੀ

Poems, Letrature

ਜੇਠ-ਹਾੜ ਦੀ ਗਰਮੀ ਦੇ ਵਿੱਚ,
ਤਨ ਸਾੜ ਦੀਆਂ ਗਰਮ ਹਵਾਵਾਂ
ਸਿਖ਼ਰ ਦੁਪਹਿਰੇ ਗੁੱਲ ਬਿਜਲੀ,
ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ
ਜਦ ਠੰਢੀ ਛਾਂ ਦਾ ਸੁਖ ਮਾਣਦੇ,
ਫਿਰ ਚੇਤੇ ਆਉਂਦੀਆਂ ਮਾਵਾਂ
ਲੱਗਣ ਮਾਂ ਦੀ ਛਾਂ ਵਰਗੀਆਂ,
ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ
ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ,
ਬਣ-ਬਣਕੇ ਜਦ ਹੈ ਆਉਂਦੀ
ਸੀਤ ਲਹਿਰ ਤੇ ਬਰਫਬਾਰੀ ਨਾਲ,
ਫਿਰ ਆਪਣਾ ਰੰਗ ਦਿਖਆਉਂਦੀ
ਹਰ ਕੋਈ ਧੁੱਪ ਨੂੰ ਲੱਭਦਾ ਫਿਰਦਾ,
ਸੂਰਜ ਉੱਤੇ ਧੁੰਦ,ਆਪਣੀ ਚਾਦਰ ਪਾਉਂਦੀ
ਧੁੰਦ ਦੇ ਬੱਦਲ ਉੱਡ ਜਾਂਦੇ ਜਦ,
ਫਿਰ ਸੂਰਜ ਮੁੱਖ ਦਿਖਾਉਂਦਾ
ਚਿਹਰੇ ਸਭ ਦੇ ਖਿੜ ਜਾਂਦੇ ਫਿਰ,
ਹਰ ਕੋਈ ਰੱਬ ਦਾ ਸ਼ੁਕਰ ਮਨਾਉਂਦਾ
ਕਿੰਨੀ ਮਰਜੀ ਅੱਗ ਸੇਕੀਏ,
ਜਾਂਦੀ ਧੁੱਪ ਬਿਨਾ ਨਾ ਸਰਦੀ
ਧੁੱਪ ਦੀ ਨਿੱਘ ਤਾਂ ਲੱਗਦੀ ਮੈਨੂੰ,
ਸੱਚੀਂ ਮਾਂ ਦੀ ਬੁੱਕਲ ਵਰਗੀ
ਲੋੜ ਪੈਣ ‘ਤੇ ਚੇਤੇ ਕਰਦੇ,
ਰੁੱਖਾਂ ਧੁੱਪਾਂ ਛਾਵਾਂ ਨੂੰ
ਜਦ ਕੋਈ ਲੋੜ ਨਾ ਹੁੰਦੀ,
ਵੇਖੇ ਮਾਰਦੇ ਠ੍ਹੋਕਰ ਮਾਵਾਂ ਨੂੰ
ਗਰਮੀ ਵੇਲੇ ਧੁੱਪ ਨਾ ਚੰਗੀ,
ਨਾ ਚੰਗੀ ਲੱਗਦੀ,ਸਰਦੀ ਦੇ ਵਿੱਚ ਛਾਂ
ਬਹੁਤਿਆਂ ਨੂੰ ਚੰਗੇ ਲੱਗਦੇ ਨਹੀਂ
ਬਿਰਧ ਆਸ਼ਰਮ ਦੇ ਵਿੱਚ,
ਛੱਡ ਆਉਂਦੇ ਪਿਓ-ਮਾਂ
ਜਸਵੰਤ ਘਾਰੂ ਮਸੀਤਾਂ
ਮੋ: 99968-95308

ਹਿੰਮਤ

ਜਿਹੜਾ ਕਰਦਾ ਤੁਰਨ ਦੀ ਹਿੰਮਤ ਨਹੀਂ,
ਉਸ ਨੂੰ ਮਿਲ ਸਕਦੀ ਕਦੇ ਮੰਜ਼ਲ ਨਹੀਂ
ਕਿੰਜ ਹੋਵੇ ਵਰਖਾ ਵਕਤ ਸਿਰ,
ਆਦਮੀ ਨੇ ਛੱਡੇ ਜਦ ਜੰਗਲ ਨਹੀਂ
ਗ਼ਮ ਤੇ ਖੁਸ਼ੀਆਂ ਜ਼ਿੰਦਗੀ ਦਾ ਅੰਗ ਨੇ,
ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ
ਜ਼ਿੰਦਗੀ ਦੇ ਸਫਰ ਨੂੰ ਤੈਅ ਕਰਦਿਆਂ,
ਕੋਈ ਪੱਕਾ ਵੈਰੀ ਜਾਂ ਮਿੱਤਰ ਨਹੀਂ
ਝੂਠਿਆਂ ਨੂੰ ਮਾਣ ਮਿਲਦਾ ਹੈ ਬੜਾ,
ਸੱਚਿਆਂ ਦੇ ਵੱਜੇ ਕਦ ਪੱਥਰ ਨਹੀਂ?
‘ਨ੍ਹੇਰੇ ਵਿੱਚ ਦੀਵੇ ਜਗਾਣੇ ਪੈਂਦੇ ਨੇ,
ਦੂਰ ਕਰਦੇ ‘ਨ੍ਹੇਰੇ ਨੂੰ ਜੁਗਨੂੰ ਨਹੀਂ
ਜਿਸਦਾ ਪਾਣੀ ਪੰਛੀ ਪੀ ਸਕਦੇ ਨਹੀਂ,
ਕੋਈ ਕੀਮਤ ਰੱਖਦਾ ਉਹ ਸਾਗਰ ਨਹੀਂ
ਮਹਿੰਦਰ ਸਿੰਘ ਮਾਨ
ਰੱਕੜਾਂ ਢਾਹਾ (ਸ਼.ਭ.ਸ.ਨਗਰ)
ਮੋ. 99158-03554