ਅੱਜ ਦੇ ਇਕੱਠ ਨੇ ਸਾਬਤ ਕੀਤਾ ਕਿ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ: ਢੀਂਡਸਾ

sukhdev singh Dhindsa

ਪਿੰਡ ਛਾਜਲੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਸੁਨਾਮ ਊਧਮ ਸਿੰਘ ਵਾਲਾ , (ਖੁਸਪ੍ਰੀਤ ਜੋਸਨ) ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (sukhdev singh Dhindsa) ਦੇ ਸਮਰਥਕਾਂ ਨੇ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਛਾਜਲੀ ਵਿਖੇ ਰਿਕਾਰਡ ਤੋੜ ਇਕੱਠ ਕਰਕੇ ਢੀਂਡਸਾ ਦੁਆਰਾ ਲਏ ਗਏ ਫੈਸਲੇ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਅਹਿਦ ਲਿਆ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਵਰਕਰਾਂ ਨੇ ਇੱਕ ਮੀਟਿੰਗ ਨੂੰ ਰੈਲੀ ਵਿੱਚ ਬਦਲਕੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ‘ਤੇ ਤੋਰਨ, ਪੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਲਈ ਸ਼ੁਰੂ ਕੀਤਾ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੰਗਰੂਰ ਰੈਲੀ ਦਾ ਲੋਕ ਮੁੱਦਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ , ਇਹ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਡਿੱਗ ਚੁੱਕੀ ਸਾਖ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।ਢੀਂਡਸਾ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਉੱਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਵਿੱਤਰ ਰੁਤਬੇ ਨੂੰ ਨੀਵਾਂ ਦਿਖਾਉਣ ਦਾ ਦੋਸ਼ ਲਾਉਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਦਾ ਸਿੱਖ ਜਗਤ ਅੰਦਰ ਬਹੁਤ ਵੱਡਾ ਰੁਤਬਾ ਹੈ

ਪਰ ਭਾਈ ਲੌਂਗੋਵਾਲ ਨੇ ਸੰਗਰੂਰ ਦੀ ਰਾਜਨੀਤਕ ਰੈਲੀ ਵਿੱਚ ਇਕੱਠ ਕਰਨ ਲਈ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਬੱਸਾਂ ਭਰਕੇ ਲਿਆਉਣ ਬਦਲੇ ਸ਼੍ਰੋਮਣੀ ਕਮੇਟੀ ਦੇ ਕੋਟੇ ਵਿੱਚੋਂ ਗ੍ਰਾਟਾਂ ਦੇ ਲਾਲਚ ਦੇਣੇ ਸ਼ੁਰੂ ਕੀਤੇ ਹੋਏ ਹਨ। ਸੰਗਤਾਂ ਦੇ ਤਿਲ ਫੁੱਲ ਭੇਂਟ ਦੀ ਭੇਟਾ ਦੀ ਦੁਰਵਰਤੋਂ ਕਰਨ ਵਾਲਾ ਪਹਿਲਾ ਪ੍ਰਧਾਨ ਹੈ। ਢੀਂਡਸਾ ਨੇ ਕਿਹਾ ਇਹ ਸੰਘਰਸ਼ ਸਿਧਾਂਤਾਂ ਤੇ ਪੰਥਕ ਸੰਸਥਾਵਾਂ ਦੇ ਮਾਣ ਮਰਿਆਦਾ ਲਈ ਲੜਿਆ ਜਾ ਰਿਹਾ ਹੈ, ਕਿਸੇ ਅਹੁਦੇ ਜਾਂ ਨਿੱਜੀ ਮੁਫਾਦ ਲਈ ਨਹੀਂ। ਇਸ ਕਰਕੇ ਸੰਗਤ ਦਾ ਕਾਫਲਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਦੇ ਸਾਬਕਾ ਮੰਤਰੀਆਂ ਤੇ ਆਗੂਆਂ ਨੇ ਰੈਲੀ ਲਈ ਕੀਤੀਆਂ ਮੀਟਿੰਗਾਂ ਦੌਰਾਨ ਕੇਵਲ ਸਾਡੇ ਪਰਿਵਾਰ ਤੇ ਸਮਰਥਕਾਂ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਹੈ। ਲੋਕ ਮੁੱਦਿਆਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਇੱਕ ਵੀ ਗੱਲ ਨਹੀਂ ਕੀਤੀ ਗਈ।

ਢੀਂਡਸਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੋਕ ਪੱਖੀ ਲਹਿਰਾਂ ਇਸ ਇਲਾਕੇ ਅੰਦਰੋਂ ਉਠੀਆਂ ਹਨ।  ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਅਤੇ ਸਾਬਕਾ ਏ ਐਮ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਵਰਕਰਾਂ ਦੇ ਉਤਸਾਹ ਤੇ ਜੋਸ਼ ਅੰਦਰੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਮੁੱਚਾ ਸਿੱਖ ਪੰਥ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜਾ ਹੈ।

ਇਸ ਸਮੇਂ ਹਰਦੇਵ ਸਿੰਘ ਰੋਗਲਾ ਸ੍ਰੋਮਣੀ ਕਮੇਟੀ ਮੈਂਬਰ, ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਜਥੇਦਾਰ ਹਰੀਨੰਦ ਸਿੰਘ ਛਾਜਲਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਕੌਰ ਸਿੰਘ ਮੌੜ, ਸੁਖਜਿੰਦਰ ਸਿੰਘ ਸੰਧੜਾ, ਹਰਪਾਲ ਸਿੰਘ ਖਡਿਆਲ, ਰਣਧੀਰ ਸਿੰਘ ਸਮੂਰਾਂ, ਬਲਜੀਤ ਸਿੰਘ ਢੰਡੋਲੀ ਕਲਾਂ, ਪੱਪੀ ਨੰਗਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਮਾਸਟਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।