ਸੁਖਦੇਵ ਢੀਂਡਸਾ ਦੇ ਫੈਸਲੇ ਨੇ ਫਿਰ ਛੇੜੀ ਸਿਆਸੀ ਹਲਚਲ

Sukhdev Dhindsa

ਅਕਾਲੀ-ਭਾਜਪਾ ‘ਚ ਵਧ ਰਹੀਆਂ ਦੂਰੀਆਂ ਦੌਰਾਨ ਕਿਸੇ ਵੱਡੇ ਸਿਆਸੀ ਪਲਟੇ ਦੀ ਸੰਭਾਵਨਾ

ਗੁਰਪ੍ਰੀਤ ਸਿੰਘ/ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਦੇ ਦਿਮਾਗ ਕਹੇ ਜਾਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਰਾਜ ਸਭਾ ਵਿੱਚ ਪਾਰਟੀ ਦੀ ਲੀਡਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਹਰਿਆਣਾ ‘ਚ ਅਕਾਲੀ ਭਾਜਪਾ ਦਰਮਿਆਨ ਗਠਜੋੜ ਨਾ ਹੋਣ ਅਤੇ ਪੰਜਾਬ ਭਾਜਪਾ ਦੇ ਤਿੱਖੇ ਹੋ ਰਹੇ ਤੇਵਰਾਂ ਦੇ ਪ੍ਰਸੰਗ ‘ਚ ਢੀਂਡਸਾ ਦੇ ਅਸਤੀਫ਼ੇ ਨੂੰ ਕਿਸੇ ਵੱਡੀ ਸਿਆਸੀ ਘਟਨਾ ਲਈ ਬਣ ਰਹੀ ਜ਼ਮੀਨ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਬੇਸ਼ੱਕ ਸੁਖਦੇਵ ਢੀਂਡਸਾ ਵੱਲੋਂ ਇਸ ਅਸਤੀਫ਼ੇ ਨੂੰ ਆਪਣੀ ਸਿਹਤ ਠੀਕ ਨਾ ਰਹਿਣ ਨੂੰ ਅਧਾਰ ਬਣਾ ਕੇ ਚੁੱਕਿਆ ਕਦਮ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਹਲਕਿਆਂ ਵਿੱਚ ਹੋਰ ਚਰਚਾ ਛਿੜ ਗਈ ਹੈ ਹਰਿਆਣਾ ‘ਚ ਅਕਾਲੀ-ਭਾਜਪਾ ਦੀ ਗਠਜੋੜ ਦੀ ਗੱਲ ਨਾ ਬਣਨ ਕਰਕੇ ਅਕਾਲੀ ਦਲ ਨੇ ਇਨੈਲੋ ਨਾਲ ਗਠਜੋੜ ਕਰ ਲਿਆ  ਜਿਸ ਨਾਲ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ‘ਚ ਆਪਣੀ ਹੀ ਸਹਿਯੋਗੀ ਪਾਰਟੀ ਵੱਲੋਂ ਚੁਣੌਤੀ ਮਿਲ ਰਹੀ ਹੈ ਭਾਜਪਾ ਹਾਈਕਮਾਨ ਅਕਾਲੀ ਦਲ ਦੀ ਇਸ ਕਾਰਵਾਈ ਤੋਂ ਨਰਾਜ਼ ਨਜ਼ਰ ਆ ਰਹੀ ਹੈ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਪੰਜਾਬ ਅੰਦਰ ਵੀ ਭਾਜਪਾ ਅਕਾਲੀ ਦਲ ਦੀ ਦਾਬੂ ਪਾਰਟੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਅਤੇ ਆਪਣੀਆਂ ਹਿੱਸੇ ਦੀਆਂ ਸੀਟਾਂ ‘ਚ ਕੌਮੀ ਸਥਿਤੀ ਅਨੁਸਾਰ ਵਾਧਾ ਚਾਹੁੰਦੀ ਹੈ ਇਹ ਵੀ ਚਰਚਾ ਹੈ ਕਿ ਭਾਜਪਾ-ਅਕਾਲੀ ਦਲ ਦਾ ਤੋੜ ਲੱਭਣ ਲਈ ਪੰਜਾਬ ‘ਚ ਨਵੇਂ ਚਿਹਰੇ ਤਲਾਸ਼ ਰਹੀ ਹੈ।

ਪਾਰਟੀ ਸੂਤਰਾਂ ਅਨੁਸਾਰ ਵੱਡੇ ਢੀਂਡਸਾ ਕਾਫੀ ਸਮੇਂ ਤੋਂ ਛੋਟੇ ਬਾਦਲ ਨਾਲ ਨਾਰਾਜ਼ ਚੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਇਹ ਦੂਜਾ ਵੱਡਾ ਕਦਮ ਚੁੱਕਿਆ ਹੈ ਇਸ ਤੋਂ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਵੀ ਅਸਤੀਫਾ ਦਿੱਤਾ ਸੀ ਭਾਵੇਂ ਸੁਖਬੀਰ ਬਾਦਲ ਨੇ ਪਾਰਟੀ ਪ੍ਰਧਾਨ ਦੇ ਤੌਰ ‘ਤੇ ਉਹਨਾਂ ਨੂੰ ਮਨਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਫ ਜਵਾਬ ਦੇ ਦਿੱਤਾ ਸੀ ਇਸ ਦੇ ਬਾਵਜੂਦ ਪਰਟੀ ਨੇ ਉਹਨਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਬਣਾਇਆ ਸੀ ਵੱਡੇ ਢੀਂਡਸਾ ਨੇ ਇਸ ਚੋਣ ਵਿੱਚ ਵੀ ਆਪਣੇ ਪੁੱਤਰ ਦੀ ਚੋਣ ਵਿੱਚ ਇਕ ਦਿਨ ਵੀ ਹਿੱਸਾ ਨਹੀਂ ਲਿਆ ਸੀ ਅਤੇ ਢੀਂਡਸਾ ਨੂੰ ਚੋਣ ਨਤੀਜੇ ਵਿੱਚ ਤੀਜੇ ਥਾਂ ਰਹਿਣਾ ਪਿਆ ਸੀ ਇਸ ਪਿੱਛੋਂ ਉਹਨਾਂ ਨੂੰ ਭਾਜਪਾ ਨਾਲ ਨੇੜਤਾ ਹੋਣ ਦੀਆਂ ਕਿਆਸਰਾਈਆਂ ਨੂੰ ਉਹਨਾਂ ਨੇ ਸਪੱਸ਼ਟ ਕਹਿ ਕੇ ਰੋਕ ਦਿੱਤਾ ਸੀ ਅਕਾਲੀ ਦਲ ਉਹਨਾਂ ਦੀ ਆਪਣੀ ਪਾਰਟੀ ਹੈ, ਸਾਰੀ ਉਮਰ ਉਹਨਾਂ ਪਾਰਟੀ ਲਈ ਕੰਮ ਕੀਤਾ ਤੇ ਹੁਣ ਉਹ ਹੋਰ ਕਿਸੇ ਪਰਟੀ ਵਿੱਚ ਕਦੇ ਸ਼ਾਮਲ ਨਹੀਂ ਹੋਣਗੇ।

ਪਰ ਵੱਡੇ ਢੀਂਡਸਾ ਦਾ ਮੌਜ਼ੂਦਾ ਫੈਸਲਾ ਅਕਾਲੀ ਦਲ ਲਈ ਸੁਖਾਵਾਂ ਨਜ਼ਰ ਨਹੀਂ ਆ ਰਿਹਾ ਜ਼ਿਮਨੀ ਚੋਣਾਂ ‘ਚ ਪਰਮਿੰਦਰ ਢੀਂਡਸਾ ਦਾ ਚੋਣ ਪ੍ਰਚਾਰ ਤੋਂ ਪਾਸੇ ਰਹਿਣਾ ਵੀ ਕਈ ਸਵਾਲ ਖੜੇ ਕਰਦਾ ਹੈ ਸਿਆਸੀ ਪੰਡਿਤਾਂ ਅਨੁਸਾਰ  ਸੁਖਦੇਵ ਢੀਂਡਸਾ ਵੱਲੋਂ ਅਹਿਮ ਮੌਕਿਆਂ ‘ਤੇ ਲਏ ਜਾ ਰਹੇ ਫੈਸਲੇ ਪੰਜਾਬ ‘ਚ ਅਕਾਲੀ-ਭਾਜਪਾ ਸਿਆਸਤ ‘ਚ ਕੋਈ ਨਵਾਂ ਮੋੜ ਵੀ ਲਿਆ ਸਕਦੇ ਹਨ ਜਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ 2010 ਤੋਂ ਲਗਾਤਾਰ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਚੱਲੇ ਆ ਰਹੇ ਨੇ ਉਹ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵਜ਼ਾਰਤ ਵਿੱਚ ਕੇਂਦਰੀ ਰਸਾਇਣ ਮੰਤਰੀ ਵੀ ਰਹੇ ਹਨ ਤੇ ਪਿਛਲੀ ਕੇਂਦਰੀ ਸਰਕਾਰ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਪਾਰਟੀ ਪਹਿਲਾਂ ਹੀ ਬਦਲ ਚੁੱਕੀ ਹੈ ਲੀਡਰ : ਚੀਮਾ

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਰਾਜ ਸਭਾ ‘ਚ ਪਹਿਲਾਂ ਹੀ ਆਪਣਾ ਨੇਤਾ ਬਦਲ ਚੁੱਕੇ ਹਨ ਅਤੇ ਬਲਵਿੰਦਰ ਸਿੰਘ ਭੂੰਦੜ ਹੀ ਰਾਜ ਸਭਾ ‘ਚ ਉਨ੍ਹਾਂ ਦੇ ਲੀਡਰ ਤੇ ਨਰੇਸ਼ ਗੁਜਰਾਲ ਡਿਪਟੀ ਲੀਡਰ ਹਨ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਬੰਧੀ 12 ਜੂਨ ਨੂੰ ਰਾਜ ਸਭਾ ਦੀ ਲੀਡਰਸ਼ਿਪ ‘ਚ ਤਬਦੀਲੀ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਇਸ ਦੀ ਇੱਕ ਕਾਪੀ ਰਾਜ ਸਭਾ ਜਨਰਲ ਸਕੱਤਰ ਨੂੰ ਭੇਜ ਦਿੱਤੀ ਗਈ ਹੈ।

ਚੋਣਾਂ ਦੇ ਨੇੜੇ ਹੀ ਝਟਕਾ ਦਿੰਦੇ ਹਨ ਢੀਂਡਸਾ

ਸੁਖਦੇਵ ਸਿੰਘ ਢੀਂਡਸਾ ਭਾਵੇਂ ਹਰ ਵਾਰ ਆਪਣੇ ਅਸਤੀਫ਼ੇ ਪਿੱਛੇ ਸਿਹਤ ਕਾਰਨਾਂ ਦੀ ਦਲੀਲ ਦਿੰਦੇ ਹਨ ਪਰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਦਾ ਮੌਕਾ ਕਈ ਹੋਰ ਇਸ਼ਾਰੇ ਕਰਦਾ ਹੈ ਪਹਿਲਾਂ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਦਿੱਤਾ ਤੇ ਹੁਣ ਵੀ ਦੋ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਮੌਕੇ ਦਿੱਤਾ ਹੈ ਸਿਆਸੀ ਪੰਡਿਤ ਇਸ ਨੂੰ ਅਚਾਨਕ ਘਟਨਾ ਨਾਲੋਂ ਜ਼ਿਆਦਾ ਸੁਖਦੇਵ ਢੀਂਡਸਾ ਦੀ ਕਿਸੇ ਰਣਨੀਤੀ ਦਾ ਹਿੱਸਾ ਮੰਨਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।