ਪਟਿਆਲਾ ਰੈਲੀ ਲਈ ਕੋਈ ਸੱਦਾ ਪੱਤਰ ਨਹੀਂ ਮਿਲਿਆ
ਸੁਖਬੀਰ ਆਪਣੇ ਪੱਧਰ ‘ਤੇ ਕਰ ਰਿਹੈ ਰੈਲੀ ‘ਚ ਕਰ ਰਹੇ ਹਨ ਤੰਗ
ਤਰੁਣ ਕੁਮਾਰ ਸ਼ਰਮਾ/ਨਾਭਾ। ‘ਮੈਂ ਅਕਾਲੀ ਹਾਂ ਅਤੇ ਅਕਾਲੀ ਦਲ ਨਹੀਂ ਛੱਡਿਆ ਪਰ ਮੈਂ ਅਕਾਲੀ ਦਲ ਤੋਂ ਨਾਰਾਜ਼ ਹਾਂ’ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਾਰਾਜ਼ ਚੱਲ ਰਹੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕਰਦਿਆਂ ਪ੍ਰਗਟਾਏ ਸੁਖਦੇਵ ਢੀਂਡਸਾ ਨੇ ਕਿਹਾ ਕਿ ਉਸ ਨੇ ਪਾਰਟੀ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਜੇਲ੍ਹਾਂ ਵੀ ਕੱਟੀਆਂ ਹਨ ਜਦਕਿ ਸੁਖਬੀਰ ਬਾਦਲ ਦੀ ਪਾਰਟੀ ਲਈ ਕੋਈ ਕੁਰਬਾਨੀ ਹੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਹੈ ਸਗੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੈਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ, ਪਰੰਤੂ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹਾਂ। ਪਟਿਆਲਾ ਵਿਖੇ ਅਕਾਲੀ ਦਲ ਦੀ ਰੈਲੀ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਲੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਰੈਲੀ ਸੁਖਬੀਰ ਬਾਦਲ ਵੱਲੋਂ ਆਪਣੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਰੈਲੀ ਸਬੰਧੀ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਆਪਣੀਆਂ ਮੰਗਾਂ ਦੱਸਦਿਆਂ ਕਿਹਾ ਕਿ ਜਿਨ੍ਹਾਂ ਚਿਰ ਪਾਰਟੀ ਵਿੱਚ ਸੁਧਾਰ ਨਹੀਂ ਹੋ ਜਾਂਦਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਦਬਾਅ ਤੋਂ ਮੁਕਤ ਨਹੀਂ ਕੀਤਾ ਜਾਂਦਾ।
ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਆਪਣੇ ਭਵਿੱਖ ਦੀ ਰਣਨੀਤੀ ਸਬੰਧੀ ਕਿਹਾ ਕਿ ਉਹ ਇੱਕ ਸਾਲ ਤਾਂ ਸ੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਸਬੰਧੀ ਪ੍ਰੋਗਰਾਮ ਜਾਰੀ ਕਰਨਗੇ ਅਤੇ ਅਕਾਲੀ ਦਲ ਨੂੰ ਬਚਾਉਣ ਦੀ ਵਿਚਾਰਧਾਰਾ ਵਾਲੇ ਵਿਅਕਤੀਆਂ, ਨਾਰਾਜ਼ ਹੋ ਕੇ ਘਰ ਬੈਠੇ ਅਕਾਲੀਆਂ, ਬੁੱਧੀਜੀਵੀਆਂ, ਕਿਸਾਨਾਂ ਅਤੇ ਸੰਸਥਾਵਾਂ ਨੂੰ ਇੱਕ ਮੰਚ ‘ਤੇ ਇਕੱਤਰ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਸੁਖਬੀਰ ‘ਤੇ ਵਰਦਿਆਂ ਕਿਹਾ ਕਿ ਸੁਖਬੀਰ ਬਾਦਲ ਤੋਂ ਅਕਾਲੀ ਦਲ ਦੇ ਕਾਫੀ ਲੀਡਰ ਔਖੇ ਅਤੇ ਤੰਗ ਚੱਲ ਰਹੇ ਹਨ।
ਸੁਖਬੀਰ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਜਿੱਤ ਨਹੀਂ
ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸੁਖਬੀਰ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਜਿੱਤ ਨਹੀਂ ਸਕਦਾ। ਆਪਣੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਸਬੰਧੀ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਉਹ ਅਜੇ ਵਿਦੇਸ਼ ਗਏ ਹੋਏ ਹਨ ਪਰੰਤੂ ਵਾਪਸ ਪਰਤ ਕੇ ਉਹ ਉਨ੍ਹਾਂ ਦੇ ਹੀ ਸਮੱਰਥਣ ਵਿੱਚ ਆਉਣਗੇ। ਪੰਜਾਬ ‘ਚ ਮੌਜੂਦਾ ਕਾਂਗਰਸ ਸਰਕਾਰ ਸਬੰਧੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਭਰਮਾ ਰਹੀ ਹੈ। ਘਰ-ਘਰ ਨੌਕਰੀ ਦਾ ਵਾਅਦਾ ਅੱਜ ਵੀ ਹਵਾ ਵਿੱਚ ਹੀ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ, ਕਿਸਾਨ, ਵਪਾਰੀਆਂ, ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮ ਤੱਕ ਪੰਜਾਬ ਸਰਕਾਰ ਤੋਂ ਅੋਖੇ ਹੋਏ ਪਏ ਹਨ। ਇਸ ਮੌਕੇ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਨਾਗਰਿਕਤਾ ਸੋਧ ਐਕਟ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਲੈਣ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।