ਸੀਨੀਅਰ ਅਧਿਕਾਰੀ ਤੋਂ ਪਰੇਸ਼ਾਨੀ ਹੋਏ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ

Suicide, committed, Senior Officer, Employee

ਮੁੱਖ ਸਕੱਤਰ ਨੂੰ ਪਹਿਲਾਂ ਵੀ ਕਈ ਆਈ.ਏ.ਐਸ. ਅਧਿਕਾਰੀਆਂ ਖ਼ਿਲਾਫ਼ ਹੋ ਚੁੱਕੀ ਐ ਸ਼ਿਕਾਇਤ

ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਦੀ 8ਵੀ ਮੰਜ਼ਿਲ ਤੋਂ ਐਫ.ਸੀ.ਆਰ. ਵਿਭਾਗ ਦੇ ਇੱਕ ਕਰਮਚਾਰੀ ਨੇ ਛਾਲ ਮਾਰਦੇ ਹੋਏ ਖੁਦਕੁਸ਼ੀ ਕਰ ਲਈ ਹੈ। ਇਹ ਸਰਕਾਰੀ ਕਰਮਚਾਰੀ ਆਪਣੇ ਹੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਪਰੇਸ਼ਾਨ ਹੁੰਦੇ ਹੋਏ ਇਹ ਕਦਮ ਚੁੱਕਿਆ ਹੈ। ਇਸ ਕਰਮਚਾਰੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਦੇ ਹੋਏ ਆਪਣੇ ਅਧਿਕਾਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਰਮਚਾਰੀ ਯੂਨੀਅਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਜਿਆਦਾ ਰੋਸ ਪਾਇਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਜੇਕਰ ਮੁੱਖ ਸਕੱਤਰ ਦੇ ਦਫ਼ਤਰ ਵਲੋਂ ਸਮਾਂ ਰਹਿੰਦੇ ਹੋਏ ਉਸ ਸ਼ਿਕਾਇਤ ‘ਤੇ ਕਾਰਵਾਈ ਕਰ ਲਈ ਜਾਂਦੀ, ਜਿਹੜੀ ਕਿ ਕੁਝ ਮਹੀਨੇ ਪਹਿਲਾਂ ਸਾਰੇ ਕਰਮਚਾਰੀਆਂ ਨੇ ਮਿਲ ਕੇ ਉਕਤ ਦੋਸ਼ੀ ਅਧਿਕਾਰੀ ਖ਼ਿਲਾਫ਼ ਦਿੱਤੀ ਸੀ ਤਾਂ ਅੱਜ ਖ਼ੁਦਕੁਸ਼ੀ ਕਰਨ ਵਾਲੇ ਕਰਮਚਾਰੀ ਦੀ ਜਾਨ ਬਚ ਸਕਦੀ ਸੀ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਸਿਵਲ ਸਕੱਤਰੇਤ ਵਿਖੇ ਦਫ਼ਤਰ ਖੁੱਲਣ ਤੋਂ ਕੁਝ ਦੇਰ ਬਾਅਦ ਹੀ ਐਫ.ਸੀ.ਆਰ. ਵਿਭਾਗ ਦੇ ਰਿਕਾਰਡ ਰੂਮ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਨੇ ਸਕੱਤਰੇਤ ਦੀ 8ਵੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਸਕੱਤਰੇਤ ਵਿਖੇ ਭਾਜਡ ਮੱਚ ਗਈ ਅਤੇ ਚੰਡੀਗੜ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਭੇਜਿਆ ਪਰ ਉਸ ਤੋਂ ਪਹਿਲਾਂ ਹੀ ਪਰਮਜੀਤ ਸਿੰਘ ਦਮ ਤੋੜ ਚੁੱਕਿਆ ਸੀ।

ਪਰਮਜੀਤ ਸਿੰਘ ਦੀ ਜੇਬ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਥੇ ਕਿ ਉਸ ਨੇ ਆਪਣੇ ਹੀ ਐਫ.ਸੀ.ਆਰ. ਵਿਭਾਗ ਦੇ ਇੱਕ ਅਧਿਕਾਰੀ ‘ਤੇ ਦੋਸ਼ ਲਗਾਉਂਦੇ ਹੋਏ ਆਪਣੀ ਖ਼ੁਦਕੁਸ਼ੀ ਦਾ ਜਿੰਮੇਵਾਰ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਕਰਮਚਾਰੀਆਂ ਨੂੰ ਕਾਫ਼ੀ ਜਿਆਦਾ ਪਰੇਸ਼ਾਨ ਕਰਨ ਦੇ ਨਾਲ ਹੀ ਕਾਫ਼ੀ ਜਿਆਦਾ ਗਲਤ ਵੀ ਬੋਲਦਾ ਸੀ। ਇਸ ਸਬੰਧੀ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਵੀ ਦਿੱਤੀ ਗਈ ਸੀ ਪਰ ਹੁਣ ਤੱਕ ਕੋਈ ਵੀ ਇਸ ਸਬੰਧੀ ਕਾਰਵਾਈ ਨਹੀਂ ਹੋਈ ਹੈ।

ਇਥੇ ਹੀ ਸਕੱਤਰੇਤ ਕਰਮਚਾਰੀ ਯੂਨੀਅਨ ਵੱਲੋਂ ਪਹਿਲਾਂ ਵੀ ਕਈ ਆਈ.ਏ.ਐਸ. ਅਧਿਕਾਰੀਆਂ ਖ਼ਿਲਾਫ਼ ਮੁੱਖ ਸਕੱਤਰ ਨੂੰ ਸ਼ਿਕਾਇਤ ਦਿੱਤੀ ਹੋਈ ਹੈ, ਜਿਸ ਵਿੱਚ ਉਨਾਂ ਅਧਿਕਾਰੀਆਂ ‘ਤੇ ਕਰਮਚਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ ਹੀ ਗਲਤ ਵਿਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹੁਣ ਤੱਕ ਇਸ ਤਰਾਂ ਦੀ ਕਿਸੀ ਵੀ ਸ਼ਿਕਾਇਤ ਦੇ ਮਾਮਲੇ ਵਿੱਚ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।