ਹਰਿਆਣਾ-ਪੰਜਾਬ ‘ਚ ਸਫ਼ਲ ਰਿਹਾ ‘ਭਾਰਤ ਬੰਦ’, 50 ਹਜ਼ਾਰ ਤੋਂ ਜਿਆਦਾ ਕਰਮਚਾਰੀ ਰਹੇ ਛੁੱਟੀ ‘ਤੇ

ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪ੍ਰੋਗਰਾਮ ਹੋਇਆ ਰੱਦ,

ਚੰਡੀਗੜ ਦੇ ਸੈਕਟਰ 17 ਵਿਖੇ ਪੱਤਰਕਾਰਾਂ ਯੂਨੀਅਨਾਂ ਅਤੇ ਸਰਕਾਰੀ ਕਰਮਚਾਰੀਆਂ ਨੇ ਕੀਤੇ ਪ੍ਰਦਰਸ਼ਨ

ਚੰਡੀਗੜ,(ਅਸ਼ਵਨੀ ਚਾਵਲਾ)। ਕੇਂਦਰ ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਗਠਨਾਂ ਵਲੋਂ ਦਿੱਤੇ ਗਏ ਭਾਰਤ ਬੰਦ ਦਾ ਸੱਦਾ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱੱਧਰ ‘ਤੇ ਸਫ਼ਲ ਰਿਹਾ। ਪੰਜਾਬ ਵਿੱਚ ਤਾਂ ਮੁਕੰਮਲ ਬੰਦ ਦਾ ਅਸਰ ਨਜ਼ਰ ਆਇਆ ਪਰ ਹਰਿਆਣਾ ਦੇ ਕੁਝ ਜੀ.ਟੀ. ਰੋੜ ਦੇ ਇਲਾਕੇ ਵਿੱਚ ਬੰਦ ਨੂੰ ਰਲਵਾ ਮਿਲਵਾ ਹੁੰਗਾਰਾ ਮਿਲਿਆ ਪਰ ਹਰਿਆਣਾ ਵਿੱਚ ਵੀ ਜ਼ਿਆਦਾਤਰ ਬੰਦ ਸਫ਼ਲ ਹੀ ਸਾਬਤ ਹੋਇਆ। ਇਥੇ ਹੀ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ ਵਿਖੇ ਬੰਦ ਨੂੰ ਕੋਈ ਜਿਆਦਾ ਹੁੰਗਾਰਾ ਨਹੀਂ ਮਿਲਿਆ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਾ ਹੀ ਬਾਜ਼ਾਰ ਬੰਦ ਹੋਏ ਅਤੇ ਨਾ ਹੀ ਸੜਕਾਂ ਜਾਮ ਰਹੀਆਂ। ਚੰਡੀਗੜ ਦੇ ਸੈਕਟਰ 17 ਵਿਖੇ ਪੱਤਰਕਾਰਾਂ ਅਤੇ ਕਰਮਚਾਰੀ ਯੂਨੀਅਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਪਰ ਸੈਕਟਰ 17 ਦੀ ਮਾਰਕਿਟ ਵੀ ਪਹਿਲਾਂ ਵਾਂਗ ਹੀ ਖੁੱਲੀ ਰਹੀ।

ਪੰਜਾਬ ਦੇ ਸਰਕਾਰੀ ਕਰਮਚਾਰੀ ਵੀ ਕਿਸਾਨਾਂ ਦੇ ਇਸ ਭਾਰਤ ਬੰਦ ਦੇ ਸਮਰਥਨ ਵਿੱਚ ਆਉਂਦੇ ਹੋਏ ਸਮੂਹਿਕ ਛੁੱਟੀ ‘ਤੇ ਹੀ ਰਹੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਰ ਵਿੱਚੋਂ 50 ਹਜ਼ਾਰ ਤੋਂ ਜਿਆਦਾ ਸਰਕਾਰੀ ਕਰਮਚਾਰੀਆਂ ਨੇ ਛੁੱਟੀ ਲੈਂਦੇ ਹੋਏ ਭਾਰਤ ਬੰਦ ਦਾ ਹਿੱਸਾ ਬਣਦੇ ਹੋਏ ਸੜਕਾਂ ‘ਤੇ ਉੱਤਰਦੇ ਹੋਏ ਨਰਿੰਦਰ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ।

ਜਿਸ ਕਾਰਨ ਸਰਕਾਰੀ ਦਫ਼ਤਰ ਖ਼ਾਲੀ ਨਜ਼ਰ ਆਏ, ਕਿਉਂਕਿ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਇਹ ਕਰਮਚਾਰੀ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨ ਆਗੂਆ ਨੇ ਵੱਖ-ਵੱਖ ਧਰਨਿਆਂ ਨੂੰ ਸੰਬੋਧਨ ਕਰਦਿਆ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਦੇ ਕਿਸਾਨ ਆਗੂਆ ਨੇ ਸਰਕਾਰ  ਵੱਲੋਂ ਸੋਧਾਂ ਦੀ ਪੇਸ਼ਕਸ ਨੂੰ ਨਕਾਰ ਦਿੱਤਾ

ਇਸ ਨਾਲ ਹੀ ਕਰਨਾਲ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪ੍ਰੋਗਰਾਮ ਸੀ, ਜਿਸ ਨੂੰ ਕਿ ਕੁਝ ਘੰਟੇ ਪਹਿਲਾਂ ਹੀ ਰੱਦ ਕਰਨਾ ਪਿਆ, ਕਿਉਂਕਿ ਜਿਹੜੀ ਥਾਂ ‘ਤੇ ਹੈਲੀਪੈਡ ਬਣਾਇਆ ਗਿਆ ਸੀ, ਉਸ ਥਾਂ ‘ਤੇ ਕਿਸਾਨਾਂ ਵਲੋਂ ਧਰਨਾ ਦਿੰਦੇ ਹੋਏ ਹੈਲੀਪੈਡ ਵਾਲੀ ਥਾਂ ਨੂੰ ਵੀ ਖਰਾਬ ਕਰ ਦਿੱਤਾ ਤਾਂ ਪ੍ਰੋਗਰਾਮ ਵਾਲੀ ਥਾਂ ‘ਤੇ ਕਿਸਾਨਾਂ ਵਲੋਂ ਨਾਅਰੇਬਾਜ਼ੀ ਕਰ ਦਿੱਤੀ ਗਈ, ਜਿਸ ਕਾਰਨ ਮਨੋਹਰ ਲਾਲ ਖੱਟਰ ਵਲੋਂ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।

ਇਥੇ ਹੀ ਪੰਜਾਬ ਅਤੇ ਹਰਿਆਣਾ ਵਿੱਚ ਵਕੀਲਾਂ ਵਲੋਂ ਵੀ ਇਸ ਬੰਦ ਦਾ ਸਮੱਰਥਨ ਕਰਦੇ ਹੋਏ ਅਦਾਲਤਾਂ ਦੀ ਕਾਰਵਾਈ ਨੂੰ ਠੱਪ ਹੀ ਰੱਖਿਆ ਤਾਂ ਕਈ ਥਾਂਵਾਂ ‘ਤੇ ਬਾਰ ਐਸੋਸੀਏਸਨਾ ਵਲੋਂ ਪ੍ਰਦਰਸ਼ਨ ਵੀ ਕੀਤੇ ਗਏ। ਹਰਿਆਣਾ ਦੇ ਫ਼ਰੀਦਾਬਾਦ ਵਿਖੇ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਚੌਧਰੀ ਨੂੰ ਪੁਲਿਸ ਵਲੋਂ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਲਗਭਗ 160 ਥਾਂਵਾਂ ‘ਤੇ ਬੰਦ ਦੇ ਸਮੱਰਥਨ ਵਿੱਚ ਚੱਕਾ ਜਾਮ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਇਹ ਚੱਕਾ ਜਾਮ 11 ਵਜੇ ਤੋਂ 3 ਵਜੇ ਤੱਕ ਲਈ ਸੀ ਪਰ ਕਈ ਥਾਂਵਾਂ ‘ਤੇ ਕਿਸਾਨਾਂ ਜਾਂ ਫਿਰ ਹੋਰ ਯੂਨੀਅਨਾਂ ਵਲੋਂ 10 ਤੋਂ ਹੀ ਚੱਕਾ ਜਾਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਕਾਰਨ ਬਾਜ਼ਾਰਾਂ ਦੇ ਨਾਲ ਹੀ ਸੜਕਾਂ ਵੀ ਸੁੰਨਸਾਨ ਹੀ ਨਜ਼ਰ ਆਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.