ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ…

chhaj

ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ…

ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ ਜਦ ਵੀ ਕਣਕ, ਜੌਂ, ਛੋਲੇ ਆਦਿ ਫ਼ਸਲਾਂ ਦੀ ਗਹਾਈ ਕਰਦੇ ਸਨ ਤਾਂ ਪਿੜਾਂ ਵਿੱਚ ਛੱਜਲੀ ਦੀ ਲੋੜ ਪੈਂਦੀ ਸੀ ਘਰ ਵਿੱਚ ਕਣਕ ਦਾ ਪੀਹਣ ਬਣਾਉਣ ਲਈ ਛੱਜ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ ਜਿਸ ਘਰ ਵਿੱਚ ਛੱਜ ਨਹੀਂ ਸੀ ਹੁੰਦਾ ਓਸ ਘਰ ਦੀ ਸਵਾਣੀ ਨੂੰ ਕੁੱਢਰ, (ਭਾਵ ਕਮਲੇ ਲਾਣੇ ਦੀ ਧੀ) ਵੀ ਆਮ ਹੀ ਪੁਰਾਤਨ ਵਡੇਰੀ ਉਮਰ ਦੀਆਂ ਸਵਾਣੀਆਂ ਕਹਿ ਦਿੰਦੀਆਂ ਸਨ ਓਹ ਐਸੇ ਸਮੇਂ ਰਹੇ ਨੇ ਪੰਜਾਬ ਵਿੱਚ ਕਿ ਕੋਈ ਵੀ ਸੱਜ ਵਿਆਹੀ ਮੁਟਿਆਰ ਜਾਂ ਫਿਰ ਘਰ ਦੀ ਕੁਆਰੀ ਕੁੜੀ ਓਹਨਾਂ ਦਾ ਬਿਲਕੁਲ ਵੀ ਗੁੱਸਾ ਨਹੀਂ ਕਰਦੀਆਂ ਸਨ ਸਗੋਂ ਹੱਸ ਕੇ ਹਰ ਗੱਲ ਟਾਲ਼ ਦਿੱਤੀ ਜਾਂਦੀ ਸੀ ਤੇ ਓਹਨਾਂ ਦੀਆਂ ਮਿਆਰੀ ਗੱਲਾਂ ‘ਚੋਂ ਸਿੱਖਣ ਲਈ ਵੀ ਬਹੁਤ ਕੁਝ ਮਿਲਦਾ ਸੀ

ਸਮੇਂ ਨੇ ਕਰਵਟ ਬਦਲੀ ਤੇ ਅੱਜ ਅਸੀਂ ਓਹ ਪੁਰਾਤਨ ਸਭ ਚੀਜ਼ਾਂ ਭੁੱਲਦੇ ਜਾ ਰਹੇ ਹਾਂ ਜੋ ਉੱਪਰ ਛੱਜ, ਛੱਜਲੀ ਅਤੇ ਕੁੱਢਰ ਸ਼ਬਦਾਂ ਦਾ ਵਰਨਣ ਕੀਤਾ ਗਿਆ ਹੈ ਉਸ ਦਾ ਸਾਡੀ ਅਜੋਕੀ ਪੀੜ੍ਹੀ ਨੂੰ ਬਿਲਕੁਲ ਵੀ ਗਿਆਨ ਨਹੀਂ ਹੋਵੇਗਾ, ਹਾਂ ਜੋ ਵਡੇਰੀ ਉਮਰ ਭਾਵ ਪੰਜਾਹ-ਸੱਠ ਸਾਲ ਦੇ ਲੋਕ ਹੋਣਗੇ ਸਿਰਫ ਤੇ ਸਿਰਫ ਓਹੋ ਹੀ ਸਮਝ ਸਕਣਗੇ

ਅੱਜ-ਕੱਲ੍ਹ ਤਾਂ ਨਾ ਹੀ ਓਹੋ-ਜਿਹੇ ਵਿਆਹ ਰਹਿ ਗਏ ਤੇ ਨਾ ਹੀ ਨਾਨਕੇ ਮੇਲ! ਪੁਰਾਤਨ ਸਮਿਆਂ ਵਿੱਚ ਨਾਨਕਾ ਮੇਲ ਆਪਣੇ ਨਾਲ ਹੀ ਛੱਜ ਲੈ ਕੇ ਆਉਂਦਾ ਸੀ ਤੇ ਗਿੱਧਾ ਪਾ ਕੇ ਛੱਜ ਭੰਨ੍ਹਣ ਦੀ ਵੀ ਇੱਕ ਰਸਮ ਹੁੰਦੀ ਸੀ ਓਹਨਾਂ ਸਮਿਆਂ ਵਿੱਚ ਦੋ-ਦੋ ਤਿੰਨ-ਤਿੰਨ ਦਿਨ ਵਿਆਹਾਂ ਦੇ ਜਸ਼ਨ ਚੱਲਦੇ ਸਨ, ਪਰ ਹੁਣ ਅਸੀਂ ਬਹੁਤ ਅਮੀਰੀ ਦੀ ਝਲਕ ਵਾਲੇ ਤੇ ਮਸ਼ੀਨੀ ਜ਼ਿੰਦਗੀ ਜੀਅ ਰਹੇ ਹਾਂ ਕਿਸੇ ਕੋਲ ਵੀ ਇਹੋ-ਜਿਹੀਆਂ ਗੱਲਾਂ ਕਰਨ ਦਾ, ਛੱਜ ਭੰਨ੍ਹਣ ਦਾ ਤੇ ਫਾਲਤੂ ਰਸਮਾਂ-ਰਿਵਾਜਾਂ ਦਾ ਸਮਾਂ ਹੀ ਨਹੀਂ ਬਚਿਆ ਹੁਣ ਤਾਂ ਦੋ-ਤਿੰਨ ਦਿਨ ਚੱਲਣ ਵਾਲੇ ਵਿਆਹਾਂ ਦੀਆਂ ਰਸਮਾਂ-ਰੀਤਾਂ ਕੁੱਝ ਕੁ ਘੰਟਿਆਂ ਵਿੱਚ ਹੀ ਨਿਪਟਾ ਲਈਦੀਆਂ ਹਨ
ਜੇਕਰ ਕਿਸੇ ਘਰ ਵਿੱਚ ਪੁਰਾਣੇ ਬਜ਼ੁਰਗ ਬੈਠੇ ਹਨ ਓਹ ਤਾਂ ਬੇਸ਼ੱਕ ਆਪਣੇ ਮਨ ਦੀ ਗੱਲ ਪੁਗਾ ਕੇ ਪੁਰਾਣੇ ਰਸਮ ਰਿਵਾਜ਼ ਨਿਭਾ ਲੈਣ ਜਾਂ ਨਿਭਾਉਣ ਲਈ ਆਪਣੇ ਪੁੱਤਰ-ਪੋਤਰਿਆਂ ਨੂੰ ਮਜਬੂਰ ਕਰ ਦੇਣ, ਉਂਜ

ਕਿਸੇ ਕੋਲ ਵੀ ਇਹੋ-ਜਿਹੇ ਫਾਲਤੂ ਕੰਮਾਂ ਲਈ ਸਮਾਂ ਕਿੱਥੇ?

ਜੇਕਰ ਫਿਰ  ਛੱਜ ਦੀ ਇਹੋ-ਜਿਹੀ ਰਸਮ ਲਈ ਲੋੜ ਵੀ ਪੈਂਦੀ ਹੈ ਤਾਂ ਫਿਰ ਦੁਕਾਨਾਂ ਤੋਂ ਹੀ ਮਿਲਦਾ ਹੈ ਤੇ ਦੁਕਾਨਦਾਰਾਂ ਦੀ ਤਾਂ ਫਿਰ ਚਾਂਦੀ ਹੁੰਦੀ ਹੈ ਓਹ ਮੂੰਹੋਂ ਮੰਗੇ ਪੈਸੇ ਲੈਂਦੇ ਹਨ ਤੇ ਓਹਨਾਂ ਨੇ ਛੱਜ ਨੂੰ ਪੂਰਾ ਸ਼ਿੰਗਾਰ ਕੇ ਵੀ ਰੱਖਿਆ ਹੁੰਦਾ ਹੈ ਪਰ ਇਹ ਸਾਰੇ ਰਸਮੋ-ਰਿਵਾਜ ਸਿਰਫ਼ ਉਤਲੇ ਮਨੋ ਹੀ ਕੀਤੇ ਜਾਂਦੇ ਹਨ ਅਜੋਕੇ ਸਮਿਆਂ ਵਿੱਚ ਇਹ ਸਿਰਫ ਵਿਖਾਵੇ ਦੇ ਤੌਰ ‘ਤੇ ਹੀ ਕੀਤੇ ਜਾਂਦੇ ਹਨ

ਅਜੋਕਾ ਇਨਸਾਨ ਚੱਲਦੀ ਫਿਰਦੀ ਮਸ਼ੀਨ ਬਣ ਚੁੱਕਿਆ ਹੈ ਤੇ ਇਹਨਾਂ ਇਨ੍ਹਾਂ ਵੱਲੋਂ ਫਾਲਤੂ ਜਿਹੇ ਸਮਝੇ ਜਾਂਦੇ ਕੰਮਾਂ ਲਈ ਕਿਸੇ ਕੋਲ ਵੀ ਸਮਾਂ ਨਹੀਂ ਬਚਿਆ ਹੈ ਪਰ ਸਾਡੇ ਪੁਰਖਿਆਂ ਦੇ ਸੁਪਨੇ ਸਾਕਾਰ ਕਰਨ ਲਈ ਸਾਡਾ ਸਭਨਾਂ ਦਾ ਫਰਜ਼ ਹੈ ਕਿ ਅਸੀਂ ਆਪਣੇ ਅਤੀਤ ਅਤੇ ਵਿਰਸੇ ਨਾਲ ਜੁੜ ਕੇ ਰਹੀਏ ਤੇ ਸਾਡੀ ਅਜੋਕੀ ਪੀੜ੍ਹੀ ਨੂੰ ਵੀ ਵਿਰਸੇ ਪ੍ਰਤੀ ਜਾਣੂੰ ਕਰਵਾਈਏ ਕਿ ਸਾਡੇ ਪੁਰਾਤਨ ਪੰਜਾਬ ਦੇ ਕੀ ਰਸਮੋ-ਰਿਵਾਜ ਸਨ ਤੇ ਸਾਡੇ ਪੁਰਖਿਆਂ ਦੀ ਜੀਵਨਸ਼ੈਲੀ ਕਿਹੋ-ਜਿਹੀ ਰਹੀ ਹੈ ਤੇ ਸਾਡਾ ਖਾਣ ਪੀਣ ਕਿਹੋ-ਜਿਹਾ ਸੀ ਵਡੇਰੀ ਉਮਰ ਦੇ ਬਜ਼ੁਰਗਾਂ ਦਾ ਇਹ ਫਰਜ਼ ਬਣਦਾ ਹੈ ਤਾਂ ਹੀ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਵਿਰਸੇ ਤੋਂ ਤੇ ਪੁਰਾਤਨ ਰਸਮਾਂ-ਰਿਵਾਜਾਂ ਤੋਂ ਵਾਕਿਫ਼ ਹੋ ਸਕਦੀ ਹੈ
ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।