Punjab
Fatehgarh Sahib News: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਬਣਾਉਣਾ ਪਹਿਲ : ਵਿਧਾਇਕ ਰਾਏ
ਸਕੂਲਾਂ-ਕਾਲਜਾਂ ’ਚ ਨਸ਼ੇ ਦੀਆਂ ਸ਼ਿਕਾਇਤਾਂ ਲਈ ਲਗਾਏ ਬਾਕਸ : ਡੀਸੀ
Fatehgarh Sahib News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ‘ਨਸ਼ਾ ਮੁਕਤ ਭਾਰਤ ਅਭਿਆਨ’ ਅਧੀਨ ਬਚਤ ਭਵਨ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ’ਚ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਮੁੱਖ ਮਹਿਮਾਨ ਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਨਸ਼ਾ ਇੱਕ ਕੋਹੜ ਹੈ ਜਿਸ ਨੇ ਪੰਜਾਬ ਦੀ ਜਵਾਨੀ ਰੋਲ ਕੇ ਰੱਖ ਦਿੱਤੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਨਸ਼ਾ ਤਸਕਰਾਂ ਨੂੰ ਜੇਲ੍ਹਾਂ ’ਚ ਸੁੱਟਿਆ ਗਿਆ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Arvind Kejriwal Statement: 'ਆਪ' ਸੰਸਦ ਮੈਂਬਰਾਂ ਦੇ ਟੁੱਟਣ 'ਤੇ ਅਰਵਿੰਦ ਕੇਜਰੀਵਾਲ ਆਇਆ ਵੱਡਾ ਬਿਆਨ, ਜਾਣੋ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ’ਚ ਖੇਡ ਸਟੇਡੀਅਮ ਬਣਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪਹਿਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਸ਼ੇ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਸਤਰਕ ਹੈ। ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਕੂਲਾਂ-ਕਾਲਜਾਂ ’ਚ ਸ਼ਿਕਾਇਤ ਬਾਕਸ ਲਗਾਏ ਗਏ ਹਨ। ਇਨ੍ਹਾਂ ਰਾਹੀਂ ਵਿਦਿਆਰਥੀ ਨਸ਼ਾ ਕਰਨ ਵਾਲਿਆਂ ਦੀ ਗੁਪਤ ਸ਼ਿਕਾਇਤ ਦੇ ਸਕਦੇ ਹਨ। ਨਸ਼ਾ ਕਰਨ ਵਾਲੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀ ਜਾਵੇਗੀ ਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਡੀ-ਅਡਿਕਸ਼ਨ ਸੈਂਟਰਾਂ ’ਚ ਵੀ ਭੇਜਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਪ੍ਰੋਗਰਾਮ ’ਚ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ, ਡੀਐੱਸਐੱਸਓ ਜਸਬੀਰ ਕੌਰ, ਨੋਡਲ ਅਫ਼ਸਰ ਨਸ਼ਾ ਮੁਕਤੀ ਅਭਿਆਨ ਲੈਕਚਰਾਰ ਦੀਪਕ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
