Amit Shah: ਰਾਹੁਲ ਗਾਂਧੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਕਦੇ ਨਹੀਂ ਹੋਵੇਗਾ ਪੂਰਾ : ਅਮਿਤ ਸ਼ਾਹ

ਚੰਡੀਗੜ੍ਹ ’ਚ ਕਾਂਗਰਸ ’ਤੇ ਵਰੇ ਕੇਂਦਰੀ ਗ੍ਰਹਿ ਮੰਤਰੀ, ਕਿਹਾ- ਮੌਕ ਪਾਰਲੀਮੈਂਟ ’ਚ ਹੀ ਪ੍ਰਧਾਨ ਮੰਤਰੀ ਬਣੇ ਰਹੋ, ਅਸਲੀ ਵਾਰੀ ਕਦੇ ਨਹੀਂ ਆਵੇਗੀ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਤੋਂ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਤਿੱਖਾ ਸਿਆਸੀ ਹਮਲਾ ਕਰਦੇ ਹੋਏ ਸੁਫ਼ਨਿਆਂ ਦਾ ਹੀ ਰਾਜ ਕੁਮਾਰ ਕਰਾਰ ਦੇ ਦਿੱਤਾ ਹੈ। ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਫਨੇ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਆਪਣੀ ਪੂਰੀ ਜ਼ਿੰਦਗੀ ਮੌਕ ਪਾਰਲੀਮੈਂਟ ਵਿੱਚ ਹੀ ਪ੍ਰਧਾਨ ਮੰਤਰੀ ਬਣੇ ਰਹਿਣ।

ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਉਨ੍ਹਾਂ ਦੀ ਵਾਰੀ ਕਦੇ ਨਹੀਂ ਆਵੇਗੀ। ਚੰਡੀਗੜ੍ਹ ਵਿੱਚ ਇਹ ਬਿਆਨ ਉਨ੍ਹਾਂ ਨੇ ਸ਼ਹਿਰ ਦੇ 60ਵੇਂ ਸਥਾਪਨਾ ਦਿਵਸ ਅਤੇ ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਦਿੱਤੇ। ਇਸ ਮੌਕੇ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸਿੱਖਿਆ, ਸਿਹਤ, ਨਿਆਂ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ 258 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।

ਅਮਿਤ ਸ਼ਾਹ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਧਿਰ ਦੇ ਇੰਡੀਆ ਗੱਠਜੋੜ ਵੱਲੋਂ ਕਥਿਤ ਵੋਟ ਚੋਰੀ ਅਤੇ ਚੋਣ ਕਮਿਸ਼ਨ ਖ਼ਿਲਾਫ਼ ਰੈਲੀ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਵਿਰੋਧੀ ਧਿਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੌਕ ਪਾਰਲੀਮੈਂਟ ਵੀ ਕਰਵਾਈ ਸੀ। ਅਮਿਤ ਸ਼ਾਹ ਨੇ ਇਸੇ ਕਾਰਵਾਈ ਨੂੰ ਰਾਹੁਲ ਗਾਂਧੀ ਦੀ ਨਵੀਂ ਸਿਆਸੀ ਰਣਨੀਤੀ ਕਰਾਰ ਦਿੰਦਿਆਂ ਨਿਸ਼ਾਨਾ ਬਣਾਇਆ।

ਉਨ੍ਹਾਂ ਨੇ ਕਾਂਗਰਸ ਦੇ ‘ਮੁਹੱਬਤ ਦੀ ਦੁਕਾਨ’ ਵਾਲੇ ਨਾਅਰੇ ’ਤੇ ਵੀ ਨਿਸ਼ਾਨਾ ਵਿੰਨਿ੍ਹਆ। ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਵਿੱਚੋਂ ਲੋਕਾਂ ਨੂੰ ਮੁਹੱਬਤ ਨਹੀਂ, ਸਗੋਂ ਨਫ਼ਰਤ ਹੀ ਮਿਲੇਗੀ। ਉਨ੍ਹਾਂ ਕਾਂਗਰਸ ਦੀਆਂ ਚੋਣਾਂ ਵਿੱਚ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਅਗਲੀਆਂ ਤਿੰਨ ਚੋਣਾਂ ਵਿੱਚ ਵੀ ਉਸ ਦਾ ਖਾਤਾ ਨਹੀਂ ਖੁੱਲੇ੍ਹਗਾ।

ਅਮਿਤ ਸ਼ਾਹ ਨੇ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਦੇ ਫ਼ੈਸਲੇ ’ਤੇ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੀ ਬਰਸੀ ਵਾਲੇ ਦਿਨ ਰੈਲੀ ਕਰਕੇ ਕਾਂਗਰਸ ਨੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ 1984 ਦੀ ਹਿੰਸਾ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸਨ ਅਤੇ ਕਈ ਪਰਿਵਾਰ ਉੱਜੜ ਗਏ ਸਨ। ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਉਸ ਵਿਵਾਦਤ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। 

ਇਹ ਵੀ ਪੜ੍ਹੋ : IND vs NZ: ਨਿਊਜੀਲੈਂਡ ਦੇ ਮਾਰਕ ਚੈਪਮੈਨ ਤੇ ਰਚਿਨ ਰਵਿੰਦਰ ਵਨਡੇ ਸੀਰੀਜ਼ ਤੋਂ ਬਾਹਰ

Comments

Post Your Comment

About The Author

Related Posts