ਸਥਾਪਨਾ ਦਿਵਸ ਦੇ ਇਕੱਠਾਂ ਦੀ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ

Discussion, Political, FoundationDay

ਸਾਧ-ਸੰਗਤ ਦੀ ਇੱਕਜੁਟਤਾ ਨੇ ਨਵੇਂ ਸਮੀਕਰਨ ਪੈਦਾ ਕੀਤੇ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਮਾਲਵੇ ‘ਚ ਡੇਰਾ ਸੱਚਾ ਸੌਦਾ ਦੇ ਮਨਾਏ ਗਏ ਸਥਾਪਨਾ ਦਿਵਸ ਮੌਕੇ ਨਾਮ-ਚਰਚਾ ਦੌਰਾਨ ਹੋਏ ਵੱਡੇ ਇਕੱਠ ਚਰਚਾ ਦਾ ਵਿਸ਼ਾ ਬਣ ਗਏ ਹਨ ਪਤਾ ਲੱਗਾ ਹੈ ਕਿ ਇਨ੍ਹਾਂ ਇਕੱਠਾਂ ਨੂੰ ਲੈ ਕੇ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਾਧ-ਸੰਗਤ ਦੇ ਏਕੇ ਨੂੰ ਬੜੀ ਤਵੱਜੋ ਦਿੱਤੀ ਜਾ ਰਹੀ ਹੈ। ਉਂਜ ਭਾਵੇਂ ਇਨ੍ਹਾਂ ਨਾਮ-ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਹੀ ਮੁੱਖ ਚਰਚਾ ਹੋਈ ਹੈ, ਪਰ ਰਾਜਸੀ ਗਲਿਆਰਿਆਂ ‘ਚ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਆਪਣੇ 71ਵੇਂ ਸਥਾਪਨਾ ਦਿਵਸ ਮੌਕੇ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਾਮ-ਚਰਚਾ ਕੀਤੀਆਂ ਗਈਆਂ ਹਨ। ਇਨ੍ਹਾਂ ਨਾਮ-ਚਰਚਾ ਵਿੱਚ ਸਾਧ-ਸੰਗਤ ਦੇ ਇਕੱਠ ਨੇ ਡੇਰੇ ਪ੍ਰਤੀ ਪ੍ਰਗਟਾਈ ਦ੍ਰਿੜਤਾ ਅਤੇ ਇੱਕਜੁਟਤਾ ਨੇ ਕਈਆਂ ਨੂੰ ਦੰਦਾਂ ਹੇਠ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ। ਪਟਿਆਲਾ, ਬਠਿੰਡਾ, ਸੰਗਰੂਰ, ਫਰੀਦਕੋਟ, ਮੋਗਾ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚ ਹੋਏ ਰਿਕਾਰਡ ਤੋੜ ਇਕੱਠ ਨੇ ਕਈਆਂ ਦੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ। ਇਨ੍ਹਾਂ ਨਾਮ-ਚਰਚਾ ਮੌਕੇ ਪੁੱਜੇ ਜਿੰਮੇਵਾਰਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੀ ਵਧ-ਚੜ੍ਹ ਕੇ ਕਰਨ ਦਾ ਸਾਧ-ਸੰਗਤ ਨੂੰ ਸੁਨੇਹਾ ਦਿੱਤਾ ਗਿਆ ਹੈ। ਉਂਜ ਭਾਵੇਂ ਆ ਰਹੇ ਮੌਸਮ ਨੂੰ ਦੇਖਦਿਆਂ ਸਾਧ-ਸੰਗਤ ਨੂੰ ਇੱਕਜੁਟਤਾ ਦਾ ਵੀ ਸੰਦੇਸ਼ ਦਿੱਤਾ ਗਿਆ ਹੈ, ਜਿਸ ਤੋਂ ਰਾਜਸੀ ਪਾਰਟੀਆਂ ਅਤੇ ਰਾਜਨੀਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਨਤੀਜਿਆਂ ਦੀ ਸੰਭਾਵਨਾ ਬਾਰੇ ਨਵੇਂ ਸਿਰਿਓਂ ਕਿਆਸ-ਅਰਾਈਆਂ ਸ਼ੁਰੂ ਕਰ ਦਿੱਤੀਆਂ ਹਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਇਕੱਠਾਂ ਦੀ ਖੁਫੀਆ ਵਿਭਾਗ ਨੇ ਰਿਪੋਰਟ ਸਰਕਾਰ ਦੇ ਕੰਨਾਂ ਵਿੱਚ ਪਾ ਦਿੱਤੀ ਹੈ। ਜਿਹੜੇ ਲੋਕ ਕੁਝ ਸਮਾਂ ਪਹਿਲਾਂ ਡੇਰੇ ਨੂੰ ਪ੍ਰਭਾਵਹੀਣ ਹੋਣ ਦੀ ਗੱਲ ਕਹਿ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਹਨ। ਇੱਕ ਰਾਜਸੀ ਆਗੂ ਦਾ ਆਖਣਾ ਸੀ ਕਿ ਡੇਰੇ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨਾਲ ਹੀ ਕਿਹਾ ਕਿ ਸਾਧ-ਸੰਗਤ ਦੀ ਵੋਟ ਫੈਸਲਾਕੁੰਨ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਾਰੀਆਂ ਹੀ ਪਾਰਟੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਅਤੇ ਪਟਿਆਲਾ ਸੀਟ ਉੱਪਰ ਸੱਤਾਧਿਰ ਪਾਰਟੀ ਦਾ ਗਣਿਤ ਵੀ ਗੜਬੜਾਇਆ ਹੋਇਆ ਹੈ।  ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਵਾਹ ਲਾਈ ਜਾ ਰਹੀ ਹੈ, ਪਰ ਸੰਗਤ ਦੇ ਇਨ੍ਹਾਂ ਇਕੱਠਾਂ ਨੇ ਉਨ੍ਹਾਂ ਦੀ ਅੰਦਰਲੀ ਤਾਰ ਨੂੰ ਧੜਕਣ ਲਾ ਦਿੱਤਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਪਾਰਟੀਆਂ ਨੇ ਹੁਣ ਡੇਰੇ ਦੀਆਂ ਹੋਣ ਵਾਲੀਆਂ ਅਗਲੀਆਂ ਮੀਟਿੰਗਾਂ ਉੱਪਰ ਨਜ਼ਰ ਗੱਡ ਲਈ ਹੈ, ਇਸਦੇ ਨਾਲ ਹੀ ਮੀਡੀਆ ਵੀ ਆਪਣੀਆਂ ਗਿਣਤੀਆਂ-ਮਿਣਤੀਆਂ ਕਰਨ ਲੱਗਾ ਹੈ। ਇੱਕ ਰਾਜਸੀ ਮਾਹਿਰ ਦਾ ਕਹਿਣਾ ਸੀ ਕਿ ਵੋਟ ਬੈਂਕ ਦਾ ਇਕੱਠਾ ਹੋਣਾ ਰਾਜਨੀਤਿਕ ਲੋਕਾਂ ਲਈ ਬੜਾ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਗਲੇ ਦਿਨਾਂ ਵਿੱਚ ਡੇਰਾ ਸ਼ਰਧਾਲੂ ਕਿਹੜੀ ਰਣਨੀਤੀ ਤਹਿਤ ਅੱਗੇ ਵਧਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।