ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ

Special, Saka Sirhind, Baba Jorawar Singh, Baba Fateh Singh, article

ਸਾਕਾ ਸਰਹੰਦ ‘ਤੇ ਵਿਸ਼ੇਸ਼ | Apocalypse Sirhind

ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਮੁੱਠੀ ਕੁ ਭਰ ਸਿਦਕੀ ਸਿੱਖਾਂ ਦੇ ਅਣਖ਼ੀ ਲਹੂ ਨਾਲ ਰੰਗੀ ਹੋਈ ਚਮਕੌਰ ਸਾਹਿਬ ਦੀ ਧਰਤੀ ਹਿੰਦੋਸਤਾਨ ਦੇ ਕਿਸੇ ਇਤਿਹਾਸਕ-ਮਿਥਿਹਾਸਕ ਤੀਰਥ ਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ।ਆਪਣੀ ਸ਼ਰਧਾਮਈ ਭਾਵਨਾ ਤਹਿਤ ਉਹ ਲਿਖਦਾ ਹੈ:- (Apocalypse Sirhind)

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀ ਸੇ ਬਨ ਸਿਤਾਰੇ ਗਏ ਸਮਾ ਕੇ ਲਿਯੇ।

ਇਸ ਕਵੀ ਦੇ ਇਨ੍ਹਾਂ ਸ਼ਰਧਾਮਈ ਅਤੇ ਸਤਿਕਾਰਤ ਬੋਲਾਂ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਅਤੇ ਉਨ੍ਹਾਂ ਦੇ ਸਿੱਖ ਕਿਸੇ ਖਾਹ-ਮ-ਖਾਹ (ਬਿਨਾਂ ਕਿਸੇ ਠੋਸ ਕਾਰਨ) ਦੀ ਲੜਾਈ ਦੇ ਹੱਕ ਵਿਚ ਨਹੀਂ ਸਨ ਪਰ ਉਸ ਵਕਤ ਦੀ ਰਜਵਾੜਾਸ਼ਾਹੀ ਅਤੇ ਮੁਗ਼ਲੀਆ ਸਲ਼ਤਨਤ ਦੀਆਂ ਆਪਹੁਦਰੀਆਂ ਤੇ ਘਾਤਕ ਨੀਤੀਆਂ ਨੂੰ ਠੱਲ੍ਹ ਪਾਉਣ ਹਿੱਤ ਉਨ੍ਹਾਂ ਨੇ ਪਰਿਵਾਰ ਅਤੇ ਖ਼ਾਲਸਾ ਫ਼ੌਜ ਅੰਦਰ ‘ਮੁਹਿ ਮਰਨੇ ਕਾ ਚਾਉ ਹੈ’ ਦੀ ਬਿਰਤੀ ਨੂੰ ਬਲਵਾਨ ਬਣਾਈ ਰੱਖਿਆ। ਇਸ ਬਿਰਤੀ ਦੀ ਹੀ ਗਵਾਹੀ ਭਰਦਾ ਹੈ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ। ਪੋਹ ਮਹੀਨੇ ਦੀ ਠੰਢੀ-ਠਾਰ ਰੁੱਤ ਵਿਚ ਕੁੱਝ ਕੁ ਦਿਹਾੜਿਆਂ ਦੀ ਵਿੱਥ ਨਾਲ ਵਾਪਰੇ ਸਿੱਖ ਇਤਿਹਾਸ ਦੇ ਇਨ੍ਹਾਂ ਦੋ ਮਹਾਨ ਸਾਕਿਆਂ ਵਿਚ ਜਿੱਥੇ ਗੁਰੂ ਕੇ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਿਖਾ ਕੇ ਮੌਤ ਨੂੰ ਗਲੇ ਲਾਇਆ ਹੈ, ਉੱਥੇ ਗੁਰੂ-ਪਰਿਵਾਰ ਨੇ ਵੀ (ਸੌਖੇ ਪਰ ਸਿਧਾਂਤਹੀਣ ਜੀਵਨ ਨੂੰ ਪ੍ਰਵਾਨ ਨਾ ਕਰਦਿਆਂ) ‘ਸੀਸ ਦੀਆ ਪਰ ਸਿਰਰੁ ਨ ਦੀਆ’ ਦੀ ਅਣਖੀਲੀ ਰਿਵਾਇਤ ਨੂੰ ਕਾਇਮ ਰੱਖਿਆ।

ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ (ਗੁਰੁ ਸਾਹਿਬ ਨੂੰ ਜਿਉਂਦਾ ਫੜ ਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਅਤੇ ਇਨਾਮ ਹਾਸਲ ਕਰਨ ਦਾ) ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। ਹਾਕਮ ਧਿਰ ਨੇ ਇਸ ਬਾਬਤ ਕਈ ਹੱਥਕੰਡੇ ਵੀ ਅਪਣਾਏ ਪਰ ਉਹ ਸਭ ਨਾਕਾਮਯਾਬ ਰਹੇ। ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ (ਜਿੱਤ-ਹਾਰ) ‘ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ। (Apocalypse Sirhind)

ਇਹ ਵੀ ਪੜ੍ਹੋ : Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ

ਪਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ। 20 ਦਸੰਬਰ 1704 ਈ. ਦੀ ਸਿਆਲੀ ਰਾਤ ਨੂੰ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿਲ੍ਹੇ ‘ਚੋਂ ਬਾਹਰ ਆ ਗਏ। ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ‘ਤੇ ਪਹੁੰਚ ਗਈ। ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ਵਿਚ ਵਿਛੋੜਾ ਪੈ ਗਿਆ। ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਕਿਸੇ ਔਝੜੇ ਰਾਹ ਪੈ ਗਏ। (Apocalypse Sirhind)

ਇੱਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਸਾਹਿਬਜ਼ਾਦਿਆਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੰਘਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਠਾਣ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ ਗਈ।

ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ। ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਅਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਨਾਲ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ‘ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ।ਸਿੱਖਾਂ ਦੀ ਤਾਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਅਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਦਸਮੇਸ਼ ਪਿਤਾ ਜੀ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ‘ਤੇ ਜਾ ਪੈਂਦਾ ਅਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ। (Apocalypse Sirhind)

ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਗ਼ੱਦਾਰ ਦੀ ਗ਼ੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲਾ ਗੰਗੂ ਜਦੋਂ ਮਾਤਾਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਨੂੰ ਮਿਲਿਆ ਤਾਂ ਮਾਤਾ ਜੀ ਨੇ ਔਖੀ ਘੜੀ ਵਿਚ ਕਿਸੇ ਆਪਣੇ ਦੇ ਮਿਲਾਪ ਲਈ ਅਕਾਲ-ਪੁਰਖ਼ ਦੀ ਸ਼ੁਕਰਗੁਜ਼ਾਰੀ ਕੀਤੀ। ਪਰ ਜਿਸ ਨੂੰ ਮਾਤਾ ਜੀ ਨੇ ਆਪਣਾ ਸਮਝਿਆ ਸੀ ਉਸ ਦਾ ਵਿਹਾਰ ਤਾਂ ਸਤ-ਬਿਗਾਨਿਆਂ ਤੋਂ ਵੀ ਘਟੀਆ ਹੋ ਨਿੱਬੜਿਆ। ਲਾਲਚ ਵਿਚ ਆ ਕੇ ਉਸ ਨੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ।

ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਅਤੇ ਉਸ ਦੇ ਮਾਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਅਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ। ਪਰ ਇਹ ਕੇਵਲ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਅਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦ੍ਰਿੜ੍ਹਤਾ ਅੱਗੇ ਉਨ੍ਹਾਂ ਕਰਿੰਦਿਆਂ ਦੀ ਕੋਈ ਪੇਸ਼ ਨਾ ਗਈ। (Apocalypse Sirhind)

ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਅਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਮੁਤਾਬਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਦਿੱਲੀ ਦੇ ਸਰਕਾਰੀ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਗੁਰੂ ਕੇ ਦੋਹਾਂ ਲਾਲਾਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। 27 ਦਸੰਬਰ ਦੀ ਸਵੇਰ ਨੂੰ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਦੋਵੇਂ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰ ਕੌਰ ਜੀ ਵੀ ਸੱਚਖੰਡ ਨੂੰ ਪਿਆਨਾ ਕਰ ਗਏ। ਇਸ ਤਰ੍ਹਾਂ ਪੋਹ ਦੇ ਅਤਿ ਸਰਦੀਲੇ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਦੇ ਪਰਿਵਾਰ ਦਾ ਇੱਕ ਵਡੇਰਾ ਹਿੱਸਾ ਅਤੇ ਜਾਨ ਤੋਂ ਪਿਆਰੇ ਸਿੱਖ ਅਕਾਲ-ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਭਾਰੀਆਂ ਮੰਜ਼ਿਲਾਂ ਨੂੰ ਸਰ ਕਰ ਗਏ ਤੇ ਪਿੱਛੇ ਛੱਡ ਗਏ ਹੱਕ ਤੇ ਸੱਚ ‘ਤੇ ਡਟ ਕੇ ਪਹਿਰਾ ਦੇਣ ਦਾ ਸੁਨੇਹਾ (Apocalypse Sirhind)