ਅਨਾਜ ਦੀਆਂ ਸਪੈਸ਼ਲਾਂ ਚਾਲੂ ਹੋਣ ਨਾਲ ਮਜਦੂਰਾਂ ਦੇ ਚਿਹਰਿਆਂ ‘ਤੇ ਰੌਣਕ ਪਰਤੀ

ਦੂਜੇ ਸੂਬਿਆਂ ਨੂੰ ਅਨਾਜ ਸਪਲਾਈ ਤੇਜੀ ਨਾਲ ਸ਼ੁਰੂ ਹੋਈ

ਨਾਭਾ (ਤਰੁਣ ਕੁਮਾਰ ਸ਼ਰਮਾ)। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦਿਆਂ ਦੇਸ਼ ਦੇ ਅੰਨਦਾਤਾ ਦੇ ਨਾਮ ਨਾਲ ਪ੍ਰਸਿੱਧ ਪੰਜਾਬ ਵੱਲੋਂ ਦੂਜੇ ਸੂਬਿਆਂ ਨੂੰ ਅਨਾਜ ਦੀ ਸਪਲਾਈ ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਖੇਤੀਬਾੜੀ ਆਧਾਰਿਤ ਸੂਬਾ ਹੋਣ ਨਾਤੇ ਪੰਜਾਬ ਵਿੱਚ ਖਾਣ ਵਾਲੇ ਅਨਾਜ ਚਾਵਲ ਅਤੇ ਕਣਕ ਦੀ ਫਸਲ ਵੱਡੇ ਪੱਧਰ ‘ਤੇ ਪੈਦਾ ਕੀਤੀ ਜਾਂਦੀ ਹੈ। ਮੰਡੀਆਂ ਰਾਹੀਂ ਕਿਸਾਨਾਂ ਤੋਂ ਖਰੀਦ ਕੇ ਸਰਕਾਰੀ ਗੋਦਾਮਾਂ ਵਿੱਚ ਵੱਡੇ ਪੱਧਰ ‘ਤੇ ਸਟੋਰ ਕੀਤੇ ਇਸ ਅਨਾਜ ਨੂੰ ਲੋੜ ਪੈਣ ‘ਤੇ ਦੂਜੇ ਸੂਬਿਆਂ ਵਿੱਚ ਭੇਜਿਆ ਜਾਂਦਾ ਹੈ। ਇਸੇ ਕ੍ਰਮ ਅਧੀਨ ਨਾਭਾ ਵਿਖੇ ਅਨਾਜ ਦੀਆਂ ਸਪੈਸ਼ਲਾਂ ਲਗਾਤਾਰ ਜਾਰੀ ਹਨ।

ਜਾਣਕਾਰੀ ਅਨੁਸਾਰ ਅੱਜ ਕੇਂਦਰ ਦੀ ਐਫ ਸੀ ਆਈ ਏਜੰਸੀ ਵੱਲੋਂ ਚਾਵਲਾਂ ਦੀ ਲਗਾਈ ਸਪੈਸ਼ਲ ਨਾਲ ਭਰੀ ਮਾਲ ਗੱਡੀ ਨੂੰ ਗੁਜਰਾਤ ਪ੍ਰਦੇਸ਼ ਵਿੱਚ ਭੇਜਿਆ ਜਾਣਾ ਹੈ ਜਦਕਿ ਦੋ ਦਿਨ ਪਹਿਲਾਂ ਲੱਗੀ ਸਪੈਸ਼ਲ ਰਾਹੀਂ ਆਸਾਮ ਵਿੱਚ ਚਾਵਲਾਂ ਦੀ ਭਰੀ ਗੱਡੀ ਭੇਜੀ ਗਈ ਹੈ। 9 ਦਿਨਾਂ ਤੋਂ ਪੰਜਾਬ ਵਿੱਚ ਜਾਰੀ ਕਰਫਿਊ ਅਤੇ ਲਾਕਡਾਊਨ ਤੋਂ ਅੱਕੇ ਮਜਦੂਰਾਂ ਦੇ ਚਿਹਰਿਆਂ ‘ਤੇ ਅਨਾਜ ਦੀਆਂ ਸਪੈਸ਼ਲਾਂ ਦੇ ਚਾਲੂ ਹੋਣ ਨਾਲ ਰੌਣਕ ਮੁੜ ਪਰਤ ਆਈ ਹੈ। ਦੱਸਣਯੋਗ ਹੈ ਕਿ ਅੱਜ ਚਾਵਲ ਦੀ ਲੱਗੀ ਸਪੈਸ਼ਲ ਵਿੱਚ ਲਗਪੱਗ 100 ਤੋਂ ਉਪਰ ਟਰੱਕ ਅਤੇ 200 ਦੇ ਕਰੀਬ ਮਜਦੂਰ ਕੰਮ ਕਰ ਰਹੇ ਸਨ।

ਕਮਾਲ ਦੀ ਗੱਲ ਇਹ ਹੈ ਕਿ ਸਪੈਸ਼ਲ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਸਰਕਾਰੀ ਹਦਾਇਤਾਂ ਦੀ ਟਰੱਕ ਆਪ੍ਰੇਟਰ ਅਤੇ ਮਜਦੂਰਾਂ ਵੱਲੋਂ ਆਪਣੇ ਪੱਧਰ ‘ਤੇ ਪਾਲਣਾ ਕੀਤੀ ਜਾਂਦੀ ਨਜ਼ਰ ਤਾਂ ਆਈ ਜਦਕਿ ਵਿਭਾਗ ਵੱਲੋਂ ਸੈਨੇਟਾਇਜ ਦਾ ਇਸਤੇਮਾਲ ਨਹੀਂ ਕੀਤਾ ਗਿਆ। ਵੱਖ-ਵੱਖ ਸਮਾਜਿਕ ਜੱਥੇਬੰਦੀਆਂ ਵੱਲੋਂ ਲਗਾਤਾਰ ਸਟੇਸ਼ਨ ‘ਤੇ ਚੱਲ ਰਹੀ ਅਨਾਜ ਦੀ ਸਪੈਸ਼ਲ ਦੌਰਾਨ ਮਜਦੂਰਾਂ ਅਤੇ ਟਰੱਕ ਆਪ੍ਰੇਟਰਾਂ ਨੂੰ ਲੰਗਰ ਦੀ ਸੇਵਾ ਪਹੁੰਚਾਈ ਜਾ ਰਹੀ ਹੈ।

ਅਨਾਜ ਦੀ ਸਪੈਸ਼ਲ ‘ਤੇ ਧੁੱਪ ਵਿੱਚ ਪਸੀਨਾ ਵਹਾ ਰਹੇ ਕਈ ਮਜਦੂਰਾਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕਰਫਿਊ ਅਤੇ ਲਾਕਡਾਊਨ ਤੋਂ ਅੱਕ ਗਏ ਸੀ। ਸਰਕਾਰ ਨੇ ਅਨਾਜ ਦੀਆਂ ਸਪੈਸ਼ਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਾਨੂੰ ਕਾਫੀ ਰਾਹਤ ਮਹਿਸੂਸ ਹਈ ਹੈ। ਅਸੀਂ ਆਪਣੇ ਪਰਿਵਾਰਾਂ ਲਈ ਥੋੜਾ ਬਹੁਤ ਰੁਜਗਾਰ ਕਮਾ ਲਵਾਂਗੇ। ਉਨ੍ਹਾਂ ਦੱਸਿਆ ਕਿ ਬੱਸ ਸਰਕਾਰ ਅੱਗੇ ਬੇਨਤੀ ਹੈ ਕਿ ਕੱਚੇ ਮਜਦੂਰਾਂ ਦੀ ਤਰਜ ‘ਤੇ ਕੰਮ ਕਰਦੇ ਮਜਦੂਰਾਂ ਨੂੰ ਪੱਕਾ ਕਰ ਦੇਵੇ।

Âਸ ਮੌਕੇ ਸਟੇਸ਼ਨ ਮਾਸਟਰ ਗਗਨ ਨੇ ਦੱਸਿਆ ਕਿ ਅਨਾਜ ਦੀਆਂ ਇਹ ਸਪੈਸ਼ਲਾਂ ਰੂਟੀਨ ਵਾਂਗ ਹੀ ਚਾਲੂ ਹਨ। ਪੂਰੇ ਮਹੀਨੇ ਵਿੱਚ ਲਗਪੱਗ 10 ਸਪੈਸ਼ਲਾਂ ਲੱਗ ਜਾਂਦੀਆਂ ਹਨ। ਕਿਸ ਪ੍ਰਦੇਸ਼ ਵਿੱਚ ਮਾਲ ਜਾਣਾ ਹੈ, ਇਹ ਸਭ ਕੇਂਦਰ ਸਰਕਾਰ ਦੇ ਉੱਚ ਅਧਿਕਾਰੀ ਤੈਅ ਕਰਦੇ ਹਨ। ਉਨ੍ਹਾਂ ਆਪਣੀਆਂ ਸਮੱਸਿਆ ਸਾਂਝੀ ਕਰਦਿਆਂ ਕਿਹਾ ਕਿ ਸਟੇਸ਼ਨ ‘ਤੇ ਸੈਨੇਟਾਇਜਰ ਦੀ ਕਮੀ ਹੈ।

ਕੌਂਸਲ ਨੂੰ ਬੇਨਤੀ ਕੀਤੀ ਸੀ ਤਾਂ ਦੋ ਦਿਨ ਪਹਿਲਾਂ ਥੋੜ੍ਹੇ ਜਿਹੇ ਖੇਤਰ ‘ਚ ਨੂੰ ਸੈਨੇਟਾਇਜ ਕਰ ਦਿੱਤਾ ਗਿਆ ਸੀ ਪਰੰਤੂ ਉਸ ਤੋਂ ਬਾਦ ਕਈ ਬੇਨਤੀਆਂ ਕਰਨ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਸੈਨੇਟਾਇਜ ਕਰਨ ਦਾ ਉਪਰਾਲਾ ਨਹੀਂ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।