ਕੁਝ ਬੁਰੇ ਕਿਰਦਾਰ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਉਧਾਰ ਕੀਤਾ

GuruNanakDevJi

ਬਲਰਾਜ ਸਿੰਘ ਸਿੱਧੂ ਐਸ.ਪੀ.

ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਇਸ ਦੌਰਾਨ ਕਈ ਵਾਰ ਉਹਨਾਂ ਦਾ ਕੁਝ ਅਜਿਹੇ ਵਿਅਕਤੀਆਂ ਨਾਲ ਸਾਹਮਣਾ ਹੋਇਆ ਜੋ ਘੋਰ ਪਾਪ ਦੇ ਰਸਤੇ ‘ਤੇ ਚੱਲ ਰਹੇ ਸਨ। ਗੁਰੂ ਜੀ ਨੇ ਤਰਕ ਨਾਲ ਸਿੱਖਿਆ ਦੇ ਕੇ ਉਹਨਾਂ ਦਾ ਅਗਿਆਨ ਦੂਰ ਕੀਤਾ ਤੇ ਧਰਮ ਦੇ ਰਸਤੇ ‘ਤੇ ਚਲਾਇਆ।

ਸੱਜਣ ਠੱਗ- ਸੱਜਣ ਠੱਗ ਜਾਂ ਸ਼ੇਖ ਸੱਜਣ ਤੁਲੰਬਾ ਪਿੰਡ ਵਿੱਚ ਇੱਕ ਸਰਾਂ ਦਾ ਮਾਲਕ ਸੀ। ਤੁਲੰਬਾ ਪਹਿਲਾਂ ਪਾਕਿਸਤਾਨ ਦੇ ਜਿਲ੍ਹਾ ਮੁਲਤਾਨ ਵਿੱਚ ਪੈਂਦਾ ਸੀ ਪਰ ਹੁਣ 1985 ਤੋਂ ਨਵੇਂ ਬਣੇ ਜਿਲ੍ਹੇ ਖਾਨੇਵਾਲ ਵਿੱਚ ਆ ਗਿਆ ਹੈ ਤੇ ਲਾਹੌਰ ਤੋਂ ਤਕਰੀਬਨ 280 ਕਿ.ਮੀ. ਦੂਰ ਹੈ। ਸੱਜਣ ਨੇ ਹਿੰਦੂਆਂ ਅਤੇ ਮੁਸਲਮਾਨਾਂ ‘ਤੇ ਪ੍ਰਭਾਵ ਪਾਉਣ ਲਈ ਸਰਾਂ ਵਿੱਚ ਇੱਕ ਛੋਟੀ ਜਿਹੀ ਮਸੀਤ ਅਤੇ ਮੰਦਰ ਬਣਾਇਆ ਹੋਇਆ ਸੀ। ਸਰਾਂ ਦੇ ਨੌਕਰ-ਚਾਕਰ ਅਸਲ ਵਿੱਚ ਕਾਤਲ ਅਤੇ ਲੁਟੇਰੇ ਸਨ ਜੋ ਸ਼ਰੀਫਾਂ ਵਰਗੇ ਕੱਪੜੇ ਪਹਿਨਦੇ ਤੇ ਮੁਸਾਫਰਾਂ ਦੀ ਟਹਿਲ ਸੇਵਾ ਕਰਦੇ। ਪਰ ਰਾਤ ਦੇ ਹਨ੍ਹੇਰੇ ਵਿੱਚ ਸੁੱਤੇ ਪਏ ਰਾਹੀਆਂ ਦਾ ਕਤਲ ਕਰ ਕੇ ਮਾਲ ਲੁੱਟ ਲੈਂਦੇ ਤੇ ਲਾਸ਼ਾਂ ਨੂੰ ਰਾਤੋ-ਰਾਤ ਗਾਇਬ ਕਰ ਦਿੰਦੇ। ਮੁਸਾਫਰਾਂ ਦੇ ਲੁੱਟੇ ਹੋਏ ਮਾਲ ਨਾਲ ਸੱਜਣ ਅਮੀਰ ਬਣ ਗਿਆ ਤੇ ਲੋਕ ਉਸ ਨੂੰ ਧਰਮਾਤਮਾ ਸਮਝ ਕੇ ਸ਼ੇਖ ਸੱਜਣ ਪੁਕਾਰਨ ਲੱਗੇ।

ਜਦੋਂ ਪਹਿਲੀ ਉਦਾਸੀ ਦੌਰਾਨ ਲਗਭਗ 1500 ਈਸਵੀ ਵਿੱਚ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਸਰਾਂ ਵਿੱਚ ਪਹੁੰਚੇ ਤਾਂ ਸੱਜਣ ਦੀ ਠੱਗੀ ਦਾ ਧੰਦਾ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਸੀ। ਉਸ ਨੇ ਗੁਰੂ ਜੀ ਨੂੰ ਕੋਈ ਧਨਾਢ ਵਪਾਰੀ ਸਮਝ ਕੇ ਰੱਜ ਕੇ ਸੇਵਾ ਕੀਤੀ। ਜਾਣੀ ਜਾਣ ਗੁਰੂ ਜੀ ਨੂੰ ਸੱਜਣ ਦੀਆਂ ਕਰਤੂਤਾਂ ਬਾਰੇ ਗਿਆਨ ਸੀ। ਉਹਨਾਂ ਨੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ ਜਿਸ ਵਿੱਚ ਪਾਖੰਡੀ ਤੇ ਲਾਲਚੀ ਮਨੁੱਖਾਂ ਦੇ ਪਾਪਾਂ ਬਾਰੇ ਵਰਨਣ ਸੀ। ਇਹ ਸ਼ਬਦ ਸੱਜਣ ਦੇ ਕਲੇਜੇ ‘ਤੇ ਅਸਰ ਕਰ ਗਏ। ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਆਪਣੇ ਪਾਪਾਂ ਦੀ ਖਿਮਾ ਮੰਗਣ ਲੱਗਾ। ਗੁਰੂ ਜੀ ਨੇ ਉਸ ਨੂੰ ਪਾਪਾਂ ਦਾ ਰਸਤਾ ਛੱਡ ਕੇ ਧਰਮ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ਸੱਜਣ ਸੱਚਮੁੱਚ ਦਾ ਸੱਜਣ ਬਣ ਗਿਆ ਤੇ ਆਪਣੀ ਸਾਰੀ ਪਾਪਾਂ ਦੀ ਕਮਾਈ ਗਰੀਬਾਂ ਵਿੱਚ ਵੰਡ ਦਿੱਤੀ। ਉਸ ਨੇ ਆਪਣੀ ਸਰਾਂ ਨੂੰ ਧਰਮਸ਼ਾਲਾ ਵਿੱਚ ਬਦਲ ਦਿੱਤਾ ਤੇ ਆਏ-ਗਏ ਗਰੀਬ-ਗਰੁੱਬੇ ਤੇ ਸਾਧਾਂ-ਸੰਤਾਂ ਦੀ ਸੇਵਾ ਕਰਨ ਲੱਗਾ।

ਕੌਡਾ ਰਾਖਸ਼- ਕੌਡਾ ਰਾਖਸ਼ ਇੱਕ ਨਰ ਭਖਸ਼ੀ ਇਨਸਾਨ ਸੀ, ਜੋ ਭੀਲ ਜਾਤੀ ਦੇ ਇੱਕ ਕਬੀਲੇ ਦਾ ਸਰਦਾਰ ਸੀ ਤੇ ਪ੍ਰੋ. ਸਾਹਿਬ ਸਿੰਘ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਜਿਲ੍ਹੇ ਦੇ ਕੁਡੱਪਾ ਪਿੰਡ ਦੇ ਨਜ਼ਦੀਕ ਜੰਗਲਾਂ ਵਿੱਚ ਰਹਿੰਦਾ ਸੀ। ਉਸ ਦਾ ਮੇਲ ਗੁਰੂ ਜੀ ਨਾਲ ਦੱਖਣ ਦੀ ਉਦਾਸੀ ਦੌਰਾਨ ਲਗਭਗ 1507-08 ਈਸਵੀ ਵਿੱਚ ਹੋਇਆ। ਖੁਸ਼ਕ ਬੀਆਬਾਨ ਜੰਗਲ ਵਿੱਚ ਸ਼ਿਕਾਰ ਅਤੇ ਕੰਦ ਮੂਲ ਦੀ ਘਾਟ ਕਾਰਨ ਕੌਡਾ ਅਤੇ ਉਸ ਦਾ ਕਬੀਲਾ ਇਨਸਾਨਾਂ ਨੂੰ ਮਾਰ ਕੇ ਖਾ ਜਾਂਦੇ ਸਨ। ਆਪਣੀ ਦੱਖਣ ਯਾਤਰਾ ਦੌਰਾਨ ਗੁਰੂ ਜੀ ਉਸ ਜੰਗਲ ਦੇ ਬਾਹਰ ਇੱਕ ਕਸਬੇ ਵਿੱਚ ਠਹਿਰੇ ਹੋਏ ਸਨ। ਉੱਥੇ ਕੌਡੇ ਤੋਂ ਦੁਖੀ ਲੋਕਾਂ ਨੇ ਗੁਰੂ ਸਾਹਿਬ ਕੋਲ ਫਰਿਆਦ ਕੀਤੀ।

ਗੁਰੂ ਜੀ ਲੋਕਾਂ ਦਾ ਦੁੱਖ ਦੂਰ ਕਰਨ ਲਈ ਕੌਡੇ ਨੂੰ ਮਿਲਣ ਲਈ ਬਾਲੇ ਤੇ ਮਰਦਾਨੇ ਸਮੇਤ ਜੰਗਲ ਵੱਲ ਚੱਲ ਪਏ। ਕੌਡੇ ਨੂੰ ਵੇਖ ਕੇ ਚਾਅ ਚੜ੍ਹ ਗਿਆ ਕਿ ਤਿੰਨ ਸ਼ਿਕਾਰ ਖੁਦ ਬਾਖੁਦ ਹੀ ਉਸ ਦੇ ਚੁੰਗਲ ਵਿੱਚ ਫਸਣ ਲਈ ਚਲੇ ਆ ਰਹੇ ਹਨ। ਉਸ ਨੇ ਉਹਨਾਂ ਨੂੰ ਤਲਣ ਲਈ ਕੜਾਹਾ ਚਾੜ੍ਹ ਲਿਆ, ਪਰ ਸਾਰੀ ਕੋਸ਼ਿਸ਼ ਦੇ ਬਾਵਜੂਦ ਤੇਲ ਗਰਮ ਨਾ ਹੋਇਆ। ਉਹ ਹੈਰਾਨ ਰਹਿ ਗਿਆ, ਉਸ ਨੇ ਭੁੰਨ੍ਹਣ ਲਈ ਗੁਰੂ ਸਾਹਿਬ ਨੂੰ ਅੱਗ ਵਿੱਚ ਧੱਕ ਦਿੱਤਾ ਪਰ ਉਹ ਮੁਸਕਰਾਉਂਦੇ ਹੋਏ ਭਾਂਬੜ ‘ਚੋਂ ਬਾਹਰ ਆ ਗਏ। ਇਹ ਕੌਤਕ ਵੇਖ ਕੇ ਕੌਡੇ ਦਾ ਸਰੀਰ ਠੰਢਾ ਹੋ ਗਿਆ। ਗੁਰੂ ਜੀ ਨੇ ਉਸ ਨੂੰ ਧਰਮ ਕਰਮ ਦਾ ਉਪਦੇਸ਼ ਦਿੱਤਾ ਤਾਂ ਕੌਡੇ ਦੀਆਂ ਅੱਖਾਂ ਖੁੱਲ੍ਹ ਗਈਆਂ, ਉਸ ਦਾ ਜਨਮਾਂ-ਜਨਮਾਂ ਦਾ ਅਗਿਆਨ ਦੂਰ ਹੋ ਗਿਆ। ਉਸ ਨੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ। ਗੁਰੂ ਸਾਹਿਬ ਦੀ ਸਿੱਖਿਆ ਕਾਰਨ ਕੌਡੇ ਤੇ ਉਸ ਦੇ ਕਬੀਲ਼ੇ ਨੇ ਪਾਪਾਂ ਦਾ ਰਸਤਾ ਛੱਡ ਦਿੱਤਾ ਤੇ ਸਾਤਵਿਕ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ।

ਵਲੀ ਕੰਧਾਰੀ-ਵਲੀ ਕੰਧਾਰੀ ਇੱਕ ਸੂਫੀ ਸੰਤ ਸੀ ਜਿਸ ਦਾ ਜਨਮ 1476 ਈਸਵੀ ਵਿੱਚ ਕੰਧਾਰ (ਅਫਗਾਨਿਸਤਾਨ) ਵਿਖੇ ਹੋਇਆ। 1498 ਈਸਵੀ ਵਿੱਚ ਉਹ ਹਿਜ਼ਰਤ ਕਰ ਕੇ ਹਸਨ ਅਬਦਾਲ ਆ ਗਿਆ ਤੇ ਇੱਕ ਉੱਚੀ ਪਹਾੜੀ (750 ਮੀਟਰ) ‘ਤੇ ਨਿਰਮਲ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾ ਲਿਆ। ਇਸੇ ਚਸ਼ਮੇ ਦਾ ਪਾਣੀ ਥੱਲੇ ਲੋਕਾਂ ਦੀ ਵਰਤੋਂ ਲਈ ਪਹੁੰਚਦਾ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਵਿੱਚ ਇਸਲਾਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਵਿੱਚ ਪ੍ਰਸਿੱਧ ਹੋ ਗਿਆ। ਲੋਕ ਉਸ ਨੂੰ ਪੀਰ ਵਲੀ ਕੰਧਾਰੀ ਕਹਿਣ ਲੱਗ ਪਏ ਜਿਸ ਕਾਰਨ ਉਹ ਕੁਝ ਹੰਕਾਰੀ ਹੋ ਗਿਆ। ਗੁਰੂ ਨਾਨਕ ਦੇਵ ਜੀ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ 1521 ਈਸਵੀ ਦੀਆਂ ਗਰਮੀਆਂ ਨੂੰ ਹਸਨ ਅਬਦਾਲ ਪਧਾਰੇ। ਉਹਨਾਂ ਨੇ ਵਲੀ ਕੰਧਾਰੀ ਵਾਲੀ ਪਹਾੜੀ ਦੇ ਪੈਰਾਂ ਵਿੱਚ ਆਪਣਾ ਆਸਣ ਜਮਾ ਲਿਆ। ਜਦ ਵਲੀ ਕੰਧਾਰੀ ਨੇ ਵੇਖਿਆ ਕਿ ਲੋਕ ਉਸ ਨੂੰ ਛੱਡ ਕੇ ਗੁਰੂ ਜੀ ਦੇ ਪ੍ਰਵਚਨ ਸੁਣਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਡੇਰੇ ਵਾਲੇ ਚਸ਼ਮੇ ਦਾ ਪਾਣੀ ਬੰਨ੍ਹ ਮਾਰ ਕੇ ਥੱਲੇ ਆਉਣ ਤੋਂ ਰੋਕ ਦਿੱਤਾ।

ਲੋਕੀਂ ਪਾਣੀ ਖੁਣੋਂ ਤੜਫਣ ਲੱਗੇ। ਉਹਨਾਂ ਨੇ ਵਲੀ ਕੰਧਾਰੀ ਨੂੰ ਪਾਣੀ ਛੱਡਣ ਦੀ ਬੇਨਤੀ ਕੀਤੀ ਤਾਂ ਉਸ ਨੇ ਕਿਹਾ ਕਿ ਆਪਣੇ ਗੁਰੂ ਕੋਲ ਜਾਉ, ਉਹ ਹੀ ਤੁਹਾਨੂੰ ਪਾਣੀ ਦੇਵੇਗਾ। ਇਸ ‘ਤੇ ਗੁਰੂ ਸਾਹਿਬ ਨੇ ਕਈ ਵਾਰ ਮਰਦਾਨੇ ਨੂੰ ਵਲੀ ਕੰਧਾਰੀ ਵੱਲ ਬੇਨਤੀ ਕਰਨ ਲਈ ਭੇਜਿਆ, ਪਰ ਉਸ ਨੇ ਹਰ ਵਾਰ ਇਨਕਾਰ ਕਰ ਦਿੱਤਾ ਤੇ ਕੌੜੇ ਸ਼ਬਦ ਬੋਲੇ। ਇਸ ‘ਤੇ ਗੁਰੂ ਸਾਹਿਬ ਨੇ ਇੱਕ ਪੱਥਰ ਚੁੱਕਿਆ ਤਾਂ ਸਵੱਛ ਜਲ ਦੀ ਧਾਰਾ ਵਗ ਉੱਠੀ ਤੇ ਵਲੀ ਕੰਧਾਰੀ ਵਾਲਾ ਚਸ਼ਮਾ ਸੁੱਕ ਗਿਆ। ਗੁੱਸੇ ਵਿੱਚ ਸੜੇ-ਬਲੇ ਵਲੀ ਕੰਧਾਰੀ ਨੇ ਇੱਕ ਵੱਡਾ ਸਾਰਾ ਪੱਥਰ ਥੱਲੇ ਨੂੰ ਰੇਹੜ ਦਿੱਤਾ, ਜਿਸ ਨੂੰ ਗੁਰੂ ਸਾਹਿਬ ਨੇ ਸੱਜੇ ਹੱਥ ਦੇ ਪੰਜੇ ਨਾਲ ਰੋਕ ਲਿਆ। ਉਸ ਜਗ੍ਹਾ ‘ਤੇ ਹੁਣ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ।

ਮਲਕ ਭਾਗੋ- ਪਹਿਲੀ ਉਦਾਸੀ ਦੌਰਾਨ 1501-02 ਈਸਵੀ ਵਿੱਚ ਗੁਰੂ ਸਾਹਿਬ ਆਪਣੇ ਅਨਿੰਨ ਭਗਤ ਭਾਈ ਲਾਲੋ ਨੂੰ ਮਿਲਣ ਲਈ ਸੈਦਪੁਰ (ਹੁਣ ਅਮੀਨਾਬਾਦ ਜਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਪਧਾਰੇ ਸਨ। ਭਾਈ ਲਾਲੋ ਘਟੌੜਾ ਗੋਤਰ ਦਾ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਮਿਹਨਤਕਸ਼ ਸਿੱਖ ਸੀ। ਜਦੋਂ ਗੁਰੂ ਸਾਹਿਬ ਭਾਈ ਲਾਲੋ ਦੇ ਗ੍ਰਹਿ ਵਿਖੇ ਵਿਸ਼ਰਾਮ ਕਰ ਰਹੇ ਸਨ ਤਾਂ ਇਲਾਕੇ ਦੇ ਇੱਕ ਵੱਡੇ ਸਰਕਾਰੀ ਅਹਿਲਕਾਰ ਮਲਕ ਭਾਗੋ ਨੇ ਮਹਾਂ ਭੋਜ ਦਾ ਪ੍ਰੋਗਰਾਮ ਰੱਖਿਆ। ਉਸ ਨੇ ਸਾਰੇ ਸ਼ਹਿਰ ਨੂੰ ਖਾਣੇ ‘ਤੇ ਬੁਲਾਇਆ ਪਰ ਗੁਰੂ ਸਾਹਿਬ ਨਾ ਗਏ। ਮਲਕ ਭਾਗੋ ਗੁਰੂ ਸਾਹਿਬ ਦੀ ਪ੍ਰਸਿੱਧੀ ਤੋਂ ਵਾਕਿਫ ਸੀ। ਉਸ ਦੇ ਵਾਰ-ਵਾਰ ਸੱਦੇ ਭੇਜਣ ‘ਤੇ ਆਖਰ ਗੁਰੂ ਸਾਹਿਬ ਭਾਈ ਲਾਲੋ ਸਮੇਤ ਉਸ ਦੇ ਘਰ ਪਹੁੰਚ ਗਏ। ਮਲਕ ਭਾਗੋ ਨੇ ਗੁੱਸੇ ਨਾਲ ਲੋਹੇ-ਲਾਖੇ ਹੋ ਕੇ ਗੁਰੂ ਸਾਹਿਬ ਨੂੰ ਨਾ ਆਉਣ ਦਾ ਕਾਰਨ ਪੁੱਛਿਆ ਤੇ ਹੰਕਾਰ ਨਾਲ ਕਿਹਾ, ‘ਤੁਸੀਂ ਇੱਕ ਛੋਟੀ ਜਾਤ ਦੇ ਬੰਦੇ ਦੇ ਘਰ ਤਾਂ ਰੁੱਖੀ-ਮਿੱਸੀ ਰੋਟੀ ਖਾ ਸਕਦੇ ਹੋ, ਪਰ ਮੇਰੇ ਘਰ ਬਣੇ ਸਵਾਦਿਸ਼ਟ ਪਕਵਾਨ ਖਾਣ ਤੋਂ ਇਨਕਾਰ ਕਰ ਰਹੇ ਹੋ।’ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਭਾਈ ਲਾਲੋ ਦੀਆਂ ਰੋਟੀਆਂ ਸੱਚੀ ਕਿਰਤ ਨਾਲ ਕਮਾਈਆਂ ਗਈਆਂ ਹਨ, ਪਰ ਤੇਰੇ ਸ਼ਾਹੀ ਪਕਵਾਨ ਗਰੀਬਾਂ ਦਾ ਖੂਨ ਚੂਸ ਕੇ ਕਮਾਏ ਹੋਏ ਪੈਸੇ ਨਾਲ ਬਣੇ ਹਨ। ਉਹਨਾਂ ਨੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਤੇ ਦੂਸਰੇ ਹੱਥ ਵਿੱਚ ਮਲਕ ਭਾਗੋ ਦੀ ਦੇਸੀ ਘਿਉ ਨਾਲ ਚੋਪੜੀ ਰੋਟੀ ਪਕੜ ਕੇ ਨਿਚੋੜੀ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਟਪਕਣ ਲੱਗਾ। ਇਹ ਕੌਤਕ ਵੇਖ ਕੇ ਮਲਕ ਭਾਗੋ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ। ਗੁਰੂ ਸਾਹਿਬ ਨੇ ਉਸ ਨੂੰ ਅਧਰਮ ਦਾ ਮਾਰਗ ਛੱਡਣ ਅਤੇ ਹੱਕ-ਸੱਚ ਨਾਲ ਕਮਾਈ ਕਰਨ ਦਾ ਉਪਦੇਸ਼ ਦਿੱਤਾ।

ਪੰਡੋਰੀ ਸਿੱਧਵਾਂ  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।