ਅੱਧੀ ਦਰਜ਼ਨ ਤੋਂ ਵੱਧ ਜ਼ਿਲਿਆਂ ਦੇ ਕੱਚੇ ਬੈਂਕ ਕਾਮਿਆਂ ਵੱਲੋਂ ਠੇਕੇਦਾਰੀ ਸਿਸਟਮ ਵਿਰੁੱਧ ਡੀਸੀ ਦਫ਼ਤਰ ਅੱਗੇ ਨਾਅਰੇਬਾਜ਼ੀ

DC Office

ਭਾਰਤ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪ ਕੇ ਪੱਕੇ ਕਰਨ ਅਤੇ ਤਨਖ਼ਾਹਾਂ ਵਧਾਉਣ ਦੀ ਕੀਤੀ ਮੰਗ | DC Office

ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਊਟ ਸੋਰਸਿੰਗ ਬੈਂਕ ਕਾਮਿਆਂ ਨੇ ਸਥਾਨਕ ਡੀਸੀ ਦਫ਼ਤਰ ਦੇ ਬੂਹੇ ’ਤੇ ਠੇਕੇਦਾਰੀ ਸਿਸਟਮ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਨੂੰ ਭਾਰਤ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪ ਕੇ ਸੂਬੇ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲਿਆਂ ਦੇ ਕੱਚੇ ਕਾਮਿਆਂ ਨੇ ਠੇਕਾ ਸਿਸਟਮ ਬੰਦ ਕਰਕੇ ਪੱਕੇ ਕਰਨ ਤੇ ਤਨਖ਼ਾਹਾਂ ਵਧਾਉਣ ਦੀ ਮੰਗ ਕੀਤੀ। (DC Office)

ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਆਊਟ ਸੋਰਸਿੰਗ ਆਲ ਬੈਂਕ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਮਲੇਰਕੋਟਲਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਅਹਿਮਦਗੜ ਆਦਿ ਨੇ ਦੱਸਿਆ ਕਿ ਉਨਾਂ ਨੂੰ ਵੱਖ ਵੱਖ ਬੈਂਕਾਂ ਵੱਲੋਂ ਪੱਕੇ ਕਰਨ ਦੇ ਵਾਅਦੇ ਨਾਲ ਭਰਤੀ ਕੀਤਾ ਗਿਆ ਸੀ ਪਰ 15 ਸਾਲਾਂ ਦੀਆਂ ਸੇਵਾਵਾਂ ਦੇਣ ਦੇ ਬਾਵਜੂਦ ਉਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਆਗੂਆਂ ਦੱਸਿਆ ਕਿ ਬੈਂਕ ’ਚ ਭਾਵੇਂ ਉਨਾਂ ਤੋਂ ਹਰ ਛੋਟਾ- ਵੱਡਾ ਕੰਮ ਲਿਆ ਜਾਂਦਾ ਹੈ ਪਰ ਉਨਾਂ ਨੂੰ ਤਨਖ਼ਾਹ ਮਾਤਰ 6500-7000 ਹਜ਼ਾਰ ਰੁਪਏ ਹੀ ਦਿੱਤੀ ਜਾ ਰਹੀ ਹੈ। ਜਦਕਿ ਠੇਕੇਦਾਰ ਪ੍ਰਤੀ ਮੁਲਾਜ਼ਮ 25 ਹਜ਼ਾਰ ਤੋਂ ਵੀ ਵੱਧ ਦੇ ਬਿੱਲ ਬੈਂਕ ਬਰਾਂਚਾਂ ’ਚ ਪਾ ਰਹੇ ਹਨ।

ਅੱਠ ਤੋਂ 12 ਘੰਟੇ ਉਨਾਂ ਤੋਂ ਕੰਮ ਲਿਆ ਜਾ ਰਿਹਾ ਹੈ

ਇੰਨਾਂ ਹੀ ਨਹੀਂ ਘਰੇਲੂ ਕਿਸੇ ਵੀ ਜ਼ਰੂਰੀ ਕੰਮ ਲਈ ਛੁੱਟੀ ਮੰਗਣ ’ਤੇ ਉਨਾਂ ਨੂੰ ਕੰਮ ਤੋਂ ਜਵਾਬ ਦਿੱਤੇ ਜਾਣ ਦਾ ਰੋਹਬ ਝਾੜਿਆ ਜਾ ਰਿਹਾ ਹੈ। ਆਗੂਆਂ ਅੱਗੇ ਦੱਸਿਆ ਕਿ ਬੈਂਕ ’ਚ ਕੰਮ ਕਰਨ ਲਈ ਕੋਈ ਸਮਾਂ ਨਿਰਧਾਰਿਤ ਨਹੀਂ, ਜਿਸ ਕਰਕੇ ਅੱਠ ਤੋਂ 12 ਘੰਟੇ ਉਨਾਂ ਤੋਂ ਕੰਮ ਲਿਆ ਜਾ ਰਿਹਾ ਹੈ। ਜਿਸ ਦੇ ਮੁਕਾਬਲੇ ਤਨਖ਼ਾਹ ਲੇਬਰ ਦੇ ਬੇਸਿਕ ਸਕੇਲ ਤੋਂ ਵੀ ਘੱਟ ਹੈ ਜੋ ਕਦੇ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਆਗੂਆਂ ਮੰਗ ਕੀਤੀ ਕਿ ਸਮੂਹ ਵਿਭਾਗਾਂ ’ਚ ਠੇਕੇਦਾਰੀ ਸਿਸਟਮ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਤੇ ਉਨਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਜਾਵੇ।

ਉਪਰੰਤ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਤੇ ਸਬੰਧਿਤ ਕੇਂਦਰੀ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਜਿਕਰਯੋਗ ਹੈ ਕਿ ਇਸ ਪ੍ਰਦਰਸ਼ਨ ’ਚ ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਬਠਿੰਡਾ, ਮੁਕਤਸਰ, ਖੰਨਾ, ਫ਼ਿਰੋਜਪੁਰ, ਲੁਧਿਆਣਾ ਤੇ ਫਾਜਿਲਕਾ ਆਦਿ ਜ਼ਿਲਿਆਂ ਦੇ ਆਊਟ ਸੋਰਸਿੰਗ ਮੁਲਾਜ਼ਮਾਂ ਨੇ ਭਾਗ ਲਿਆ। ਚੇਤਾਵਨੀ ਦਿੱਤੀ ਕਿ ਜੇਕਰ ਉਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਸੂਬੇ ਭਰ ’ਚ ਸੰਘਰਸ਼ ਨੂੰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਕੌਰ, ਕੁਲਵਿੰਦਰ ਕੌਰ, ਓਮ ਪ੍ਰਕਾਸ਼, ਅਜੈ, ਹਰਜਿੰਦਰ ਕੁਮਾਰ, ਰਜੇਸ ਕੁਮਾਰ, ਹਿਤੰਦਰ ਕੌਰ, ਜਸਵੀਰ ਸਿੰਘ, ਪੱਪੂ ਤੇ ਹਰਪ੍ਰੀਤ ਕੌਰ ਆਦਿ ਮੁਲਾਜ਼ਮ ਹਾਜ਼ਰ ਸਨ।