ਸਦਨ ‘ਚ ਬਹਿਸ ਦੀ ਥਾਂ ਜੁੱਤੀਆਂ

ਹਰਿਆਣ ਵਿਧਾਨ ਸਭਾ ‘ਚ ਮਰਿਆਦਾ ਤਾਰ-ਤਾਰ , ਚੌਟਾਲਾ ਅਤੇ ਦਲਾਲ ਨੇ ਮਾਰਨ ਲਈ ਲਾਹੀ ਜੁੱਤੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਮਾਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦੀ ਮਰਿਆਦਾ ਤਾਰ-ਤਾਰ ਹੋ ਗਈ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਅਤੇ ਪਲਵਲ ਤੋਂ ਕਾਂਗਰਸੀ ਵਿਧਾਇਕ ਕਰਨ ਦਲਾਲ ਦਰਮਿਆਨ ਜੁੱਤਮ-ਜੁੱਤੀ ਹੋਣ ਦੀ ਨੌਬਤ ਆ ਗਈ। ਸਦਨ ‘ਚ ਹੋਈ ਇਸ ਹਰਕਤ ‘ਤੇ ਹਰ ਕਿਸੇ ਨੇ ਬੇਸ਼ੱਕ ਇਸ ਦੀ ਨਿੰਦਾ ਕੀਤੀ ਪਰ ਸੂਬੇ ਦੀ ਜਨਤਾ ‘ਚ ਇਸ ਦਾ ਗਲਤ ਸੰਦੇਸ਼ ਗਿਆ ਕਰਨ ਦਲਾਲ ਨੂੰ ਆਪਣੇ ਵਿਹਾਰ ਦਾ ਨਤੀਜਾ ਭੁਗਤਣਾ ਪਿਆ ਅਤੇ ਉਨ੍ਹਾਂ ਨੂੰ ਸਦਨ ਤੋਂ 1 ਸਾਲ ਲਈ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਦਾਲਤ ਦਾ ਰੁਖ ਕਰਨ ਦੀ ਗੱਲ ਕਹੀ।

ਜ਼ਿਕਰਯੋਗ ਹੈ ਕਿ ਅੱਜ ਸਦਨ ‘ਚ ਜਾਰੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਸੂਬੇ ਨੂੰ ਕਲੰਕਿਤ ਕਹੇ ਜਾਣ ਦੇ ਮੁੱਦੇ ‘ਤੇ ਕਰਨ ਸਿੰਘ ਦਲਾਲ ਖਿਲਾਫ਼ ਭਾਜਪਾ ਵਿਧਾਇਕਾਂ ਵੱਲੋਂ ਤਜਵੀਜ਼ ਲਿਆਂਦੇ ਜਾਣ ਦੀ ਹਮਾਇਤ ਕੀਤੀ। ਇਸ ‘ਤੇ ਕਰਨ ਸਿੰਘ ਦਲਾਲ ਭੜਕ ਗਏ ਅਤੇ ਚੌਟਾਲਾ ‘ਤੇ ਵਰ੍ਹ ਪਏ ਦੋਵਾਂ ਦਰਮਿਆਨ ਗਾਲੀ-ਗਲੋਚ ਹੋਣ ਲੱਗਾ ਅਪਸ਼ਬਦਾਂ ਦੇ ਮੀਂਹ ਦਰਮਿਆਨ ਗੱਲ ਵਧੀ ਅਤੇ ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਮਾਰਨ ਲਈ ਜੁੱਤੇ ਕੱਢ ਲਏ। ਅਭੈ ਚੌਟਾਲਾ ਕਰਨ ਦਲਾਲ ਵੱਲ ਵਧੇ ਇਸ ਦਰਮਿਆਨ ਸਦਨ ਦੇ ਮਾਰਸ਼ਲ ਵਿਚਾਲੇ ਆ ਗਏ।

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਮੈਂਬਰਾਂ ਨੇ ਬਚਾਅ ਕੀਤਾ ਅਤੇ ਦੋਵਾਂ ਮੈਂਬਰਾਂ ਨੂੰ ਅਲੱਗ ਕੀਤਾ। ਰੌਲੇ ਰੱਪੇ ਅਤੇ ਤਣਾਅ ਕਾਰਨ ਸਦਨ ਦੀ ਕਾਰਵਾਈ ਥੋੜੀ ਦੇਰ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਕਰਨ ਸਿੰਘ ਦਲਾਲ ਨਾਲ ਬਾਹਰ ਨਾ ਨਿਕਲਣਾ ਮੈਂ ਤੇਰਾ ਇਲਾਜ ਕਰਦਾ ਹੈ। ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਰਨ ਸਿੰਘ ਦਲਾਲ ਨੂੰ ਇਕ ਸਾਲ ਲਈ ਸਦਨ ਤੋਂ ਬਰਖਾਸਤ ਕਰਨ ਦੀ ਤਜਵੀਜ਼ ਰੱਖੀ। ਇਸ ‘ਤੇ ਚਰਚਾ ਦੌਰਾਨ ਤਜਵੀਜ਼ ਮਨਜ਼ੂਰ ਕਰ ਲਈ ਤਜਵੀਜ ‘ਤੇ ਚਰਚਾ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਲਾਲ ਦੇ ਪੱਖ ‘ਚ ਦਲੀਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਹ ਪਾਸ ਹੋ ਗਿਆ ਅਤੇ ਕਰਨ ਸਿੰਘ ਦਲਾਲ ਨੂੰ ਸਦਨ ਦੀ ਕਾਰਵਾਈ ਤੋਂ ਇਕ ਸਾਲ ਲਈ ਬਰਖਾਸਤ ਕਰ ਦਿੱਤਾ ਗਿਆ।