ਟੀਮ ਇੰਡੀਆ ਨੂੰ ਝਟਕਾ: ਜਡੇਜਾ, ਸ਼ੁਭਮਨ, ਅਕਸ਼ਰ ਅਤੇ ਇਸ਼ਾਂਤ ਨੂੰ ਗੰਭੀਰ ਸੱਟਾਂ, ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ 

ਜ਼ਖਮੀ ਖਿਡਾਰੀਆਂ ਵਿੱਚ ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ੁਭਮਨ ਗਿੱਲ ਸ਼ਾਮਲ

(ਏਜੰਸੀ), ਨਵੀਂ ਦਿੱਲੀ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਜਲਦ ਹੀ ਟੀਮ ਇੰਡੀਆ ਦਾ ਐਲਾਨ ਹੋਣ ਜਾ ਰਿਹਾ ਹੈ। ਟੀਮ ਦੇ ਐਲਾਨ ਤੋਂ ਪਹਿਲਾਂ ਟੀਮ ਦੇ ਚਾਰ ਖਿਡਾਰੀਆਂ ਦੀਆਂ ਸੱਟਾਂ ਗੰਭੀਰ ਦੱਸੀਆਂ ਗਈਆਂ ਹਨ। ਜ਼ਖਮੀ ਖਿਡਾਰੀਆਂ ਵਿੱਚ ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ੁਭਮਨ ਗਿੱਲ ਸ਼ਾਮਲ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਖਿਡਾਰੀ ਫਿੱਟ ਨਹੀਂ ਹਨ। ਰਵਿੰਦਰ ਜਡੇਜਾ ਅਤੇ ਇਸ਼ਾਂਤ ਸ਼ਰਮਾ ਵੀ ਨਿਊਜ਼ੀਲੈਂਡ ਖਿਲਾਫ ਮੁੰਬਈ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਨਹੀਂ ਖੇਡੇ ਸਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਡੇਜਾ ਲਿਗਾਮੈਂਟ ਫਟਣ ਤੋਂ ਪੀੜਤ ਹੈ। ਇਸ ਦੇ ਨਾਲ ਹੀ ਇਸ਼ਾਂਤ ਦੀ ਉਂਗਲੀ ਟੁੱਟ ਗਈ ਹੈ।

ਬੀਸੀਸੀਆਈ ਨੇ ਮੁੰਬਈ ਟੈਸਟ ਤੋਂ ਪਹਿਲਾਂ ਜਡੇਜਾ ਬਾਰੇ ਕਿਹਾ ਸੀ, ‘ਆਲ ਰਾਊਂਡਰ ਰਵਿੰਦਰ ਜਡੇਜਾ ਨੂੰ ਕਾਨਪੁਰ ‘ਚ ਪਹਿਲੇ ਟੈਸਟ ਮੈਚ ਦੌਰਾਨ ਸੱਜੇ ਹੱਥ ‘ਤੇ ਸੱਟ ਲੱਗ ਗਈ ਸੀ। ਸਕੈਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਮੋਢੇ ‘ਚ ਸੋਜ ਹੈ। ਉਸ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਲਈ ਉਹ ਮੁੰਬਈ ਵਿੱਚ ਦੂਜੇ ਟੈਸਟ ਤੋਂ ਬਾਹਰ ਹੋ ਗਿਆ ਹੈ। ਦੂਜੇ ਟੈਸਟ ਵਿੱਚ ਜਡੇਜਾ ਦੀ ਥਾਂ ਜਯੰਤ ਯਾਦਵ ਨੂੰ ਮੌਕਾ ਮਿਲਿਆ।

ਜਿਕਰਯੋਗ ਹੈ ਕਿ ਅਕਸ਼ਰ ਪਟੇਲ ਨੇ ਨਿਊਜ਼ੀਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 9 ਵਿਕਟਾਂ ਲਈਆਂ ਸਨ। ਉਹ ਏਜਾਜ਼ ਪਟੇਲ ਅਤੇ ਅਸ਼ਵਿਨ ਤੋਂ ਬਾਅਦ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਅਕਸ਼ਰ ਨੇ ਨਿਊਜ਼ੀਲੈਂਡ ਖਿਲਾਫ ਵੀ ਆਪਣੇ ਬੱਲੇ ਦਾ ਦਮ ਦਿਖਾਇਆ। ਉਸਨੇ ਮੁੰਬਈ ਟੈਸਟ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਵੀ ਲਗਾਇਆ। ਅਕਸ਼ਰ ਅਤੇ ਜਡੇਜਾ ਦੀ ਜਗ੍ਹਾ ਸ਼ਾਹਬਾਜ਼ ਨਦੀਮ ਅਤੇ ਸੌਰਭ ਕੁਮਾਰ ਨੂੰ ਚੁਣਿਆ ਜਾ ਸਕਦਾ ਹੈ। ਸੌਰਭ ਕੁਮਾਰ ਇਸ ਸਮੇਂ ਭਾਰਤ ਏ ਟੀਮ ਨਾਲ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹਨ।

ਇਹ ਵੀ ਦੱਸਣਯੋਗ ਹੈ ਕਿ ਇਸ ਸਾਲ ਜਡੇਜਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 7 ਮੈਚਾਂ ‘ਚ 24.45 ਦੀ ਔਸਤ ਨਾਲ 269 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਇਸ ਖਿਡਾਰੀ ਨੇ 16 ਵਿਕਟਾਂ ਵੀ ਲਈਆਂ ਹਨ। ਪਿਛਲੇ ਇੱਕ ਸਾਲ ਵਿੱਚ ਇਸ ਖਿਡਾਰੀ ਨੇ ਤਿੰਨਾਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਜਿਹੇ ‘ਚ ਇਸ ਖਿਡਾਰੀ ਦੀ ਦੱਖਣੀ ਅਫਰੀਕਾ ‘ਚ ਬਹੁਤ ਕਮੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ