31 ਦਿਨ ਬਾਅਦ ਵੀ ਫੂਲਕਾ ਦੇ ਅਸਤੀਫ਼ੇ ‘ਤੇ ਸ਼ਸ਼ੋਪੰਜ ਬਰਕਰਾਰ, ਸਪੀਕਰ ਨੇ ਨਹੀਂ ਲਿਆ ਕੋਈ ਫੈਸਲਾ

Shobhapanj, Resigns, Phoolka, Resignation 31 Days, Speaker, Decision

ਵਿਧਾਨ ਸਭਾ ਦੀ ਫਾਈਲ ਤੋਂ ਬਾਹਰ ਨਹੀਂ ਨਿਕਲਿਆ ਐੱਚ.ਐੱਸ. ਫੂਲਕਾ ਦਾ ਅਸਤੀਫ਼ਾ

12 ਅਕਤੂਬਰ ਨੂੰ ਫੂਲਕਾ ਨੇ ਦਿੱਤਾ ਸੀ ਅਸਤੀਫ਼ਾ ਅਜੇ ਨਹੀਂ ਹੋਇਆ ਸਵੀਕਾਰ

ਅਸ਼ਵਨੀ ਚਾਵਲਾ, ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦੇ ਅਸਤੀਫ਼ੇ ਨੂੰ ਲੈ ਕੇ 31 ਦਿਨ ਬਾਅਦ ਵੀ ਸ਼ਸ਼ੋਪੰਜ ਬਰਕਰਾਰ ਹੈ। ਇਸ ਅਸਤੀਫ਼ੇ ਨੂੰ ਸਵੀਕਾਰ ਕਰਨ ਜਾਂ ਫਿਰ ਨਾ ਕਰਨ ਸਬੰਧੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਇੱਕ ਮਹੀਨੇ ਦੇ ਸਮੇਂ ਦੌਰਾਨ ਵੀ ਕੋਈ ਫੈਸਲਾ ਹੀ ਨਹੀਂ ਕਰ ਸਕੇ। ਜਿਸ ਕਾਰਨ ਫੂਲਕਾ ਵੱਲੋਂ ਬੀਤੀ 12 ਅਕਤੂਬਰ ਨੂੰ ਦਿੱਤਾ ਗਿਆ ਅਸਤੀਫ਼ਾ ਵਿਧਾਨ ਸਭਾ ਦੀ ਫਾਈਲ ਦਾ ਹੀ ਸ਼ਿੰਗਾਰ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਫੂਲਕਾ ਇਸ ਸਬੰਧੀ ਕੋਈ ਕਾਰਵਾਈ ਜਾਂ ਫਿਰ ਸਪੀਕਰ ਵੱਲੋਂ ਸੱਦੇ ਜਾਣ ਸਬੰਧੀ ਇੰਤਜ਼ਾਰ ਕਰਨ ‘ਚ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਨੇ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਮਾਮਲੇ ‘ਚ ਬਾਦਲਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੇ ਜਾਣ ਦੇ ਰੋਸ ‘ਚ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ‘ਤੇ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚਲੇ ਜਾਣ ਕਾਰਨ ਉਨ੍ਹਾਂ ਵੱਲੋਂ ਬੀਤੀ 12 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਗਿਆ ਸੀ।

ਹਾਲਾਂਕਿ ਐੱਚ.ਐੱਸ. ਫੂਲਕਾ ਨੇ ਵੀ ਚਲਾਕੀ ਨਾਲ ਦੋ ਸਤਰਾਂ ‘ਚ ਅਸਤੀਫ਼ਾ ਭੇਜਣ ਦੀ ਥਾਂ ਦੋ ਸਫ਼ੇ ਭਰ ਦਿੱਤੇ ਸਨ, ਜਿਸ ਕਾਰਨ ਉਨ੍ਹਾਂ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਸਬੰਧੀ ਸ਼ੁਰੂਆਤ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਪਰ ਇਸ ਮਾਮਲੇ ‘ਚ ਆਖ਼ਰੀ ਫੈਸਲਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਹੀ ਕਰਨਾ ਹੈ। ਐੱਚ.ਐੱਸ. ਫੂਲਕਾ ਵੱਲੋਂ ਭੇਜਿਆ ਗਿਆ ਅਸਤੀਫ਼ਾ ਵਿਧਾਨ ਸਭਾ ਸਕੱਤਰੇਤ ਪੁੱਜੇ ਨੂੰ 31 ਦਿਨ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਅਸਤੀਫ਼ਾ ਅਜੇ ਤੱਕ ਫਾਈਲ ਤੋਂ ਬਾਹਰ ਆਉਂਦੇ ਹੋਏ ਕਾਰਵਾਈ ਹਿੱਤ ਨਹੀਂ ਆਇਆ ਹੈ। ਇਸ ਮਾਮਲੇ ‘ਚ ਨਾ ਹੀ ਐੱਚ.ਐੱਸ. ਫੂਲਕਾ ਨੂੰ ਸੱਦਿਆ ਗਿਆ ਹੈ ਤੇ ਨਾ ਹੀ ਅਸਤੀਫ਼ਾ ਸਵੀਕਾਰ ਕਰਨ ਸਬੰਧੀ ਕੋਈ ਕਾਰਵਾਈ ਕੀਤੀ ਗਈ ਹੈ।

ਅਸਤੀਫ਼ੇ ਨੂੰ ਘੋਖਣ ਤੋਂ ਬਾਅਦ ਹੋਏਗੀ ਕਾਰਵਾਈ : ਰਾਣਾ ਕੇ. ਪੀ. ਸਿੰਘ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਐੱਚ.ਐੱਸ. ਫੂਲਕਾ ਵੱਲੋਂ ਦਿੱਤੇ ਗਏ ਅਸਤੀਫ਼ੇ ਸਬੰਧੀ ਅਜੇ ਕੋਈ ਆਖ਼ਰੀ ਫੈਸਲਾ ਨਹੀਂ ਲਿਆ ਗਿਆ ਹੈ, ਕਿਉਂਕਿ ਉਸ ਨੂੰ ਘੋਖਿਆ ਜਾ ਰਿਹਾ ਹੈ ਤੇ ਉਹ ਜਲਦ ਹੀ ਇਸ ਸਬੰਧੀ ਫੈਸਲਾ ਲੈਣਗੇ।

ਨਾ ਕੋਈ ਸੁਨੇਹਾ, ਨਾ ਹੀ ਆਇਆ ਕੋਈ ਖ਼ਤ : ਫੂਲਕਾ

ਐੱਚ.ਐੱਸ. ਫੂਲਕਾ ਨੇ ਕਿਹਾ ਕਿ ਉਹ ਆਪਣਾ ਕੰਮ ਕਰ ਚੁੱਕੇ ਹਨ ਅਤੇ ਇੰਤਜ਼ਾਰ ਵਿੱਚ ਹਨ ਕਿ ਕਦੋਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਤੱਕ ਵਿਧਾਨ ਸਭਾ ਦੇ ਸਪੀਕਰ ਜਾਂ ਫਿਰ ਅਧਿਕਾਰੀਆਂ ਵੱਲੋਂ ਨਾ ਹੀ ਕੋਈ ਸੁਨੇਹਾ ਆਇਆ ਹੈ ਤੇ ਨਾ ਹੀ ਕੋਈ ਖ਼ਤ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਅਸਤੀਫ਼ਾ ਦੇ ਚੁੱਕੇ ਹਨ ਤੇ ਹੁਣ ਕਾਰਵਾਈ ਕਰਨਾ ਜਾਂ ਫਿਰ ਨਾ ਕਰਨਾ ਵਿਧਾਨ ਸਭਾ ਸਪੀਕਰ ਨੇ ਦੇਖਣਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।