ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਵਿਦਾਈ, ਧੀ ਨੇ ਕੀਤਾ ਸਲੂਟ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੰਘੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ’ਚ ਹੋਏ ਅੱਤਵਾਦੀ ਹਮਲੇ ਦੌਰਾਨ ਲੁਧਿਆਣਾ ਜ਼ਿਲ੍ਹੇ ਦਾ ਵਸਨੀਕ ਕਾਂਸਟੇਬਲ ਮਨਦੀਪ ਸਿੰਘ ਸ਼ਹੀਦ (Shaheed Mandeep Singh) ਹੋ ਗਿਆ ਸੀ ਅੱਜ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਚੰਨਣਕੋਈਆ ਪਹੁੰਚ ਗਈ ਹੈ। ਜਿਉਂ ਹੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਮਾਹੌਲ ਸੋਗਮਈ ਹੋ ਗਿਆ। ਰਿਸ਼ਤੇਦਾਰਾਂ ਨੇ ਲਾਸ਼ ਨੂੰ ਗਲਵੱਕੜੀ ਪਾ ਲਿਆ। ਅਤੇ ਉਨ੍ਹਾਂ ਦੀ ਬੇਟੀ ਖੁਸ਼ਦੀਪ ਕੌਰ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਕੁਝ ਹੀ ਦੇਰ ‘ਚ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਜਾਵੇਗਾ।

ਸ਼ਹੀਦ ਮਨਦੀਪ ਨੇ ਇੱਕ ਦਿਨ ਪਹਿਲਾਂ ਕੀਤਾ ਸੀ ਭਰਾ ਨੂੰ ਫੋਨ

ਲੰਘੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ’ਚ ਹੋਏ ਅੱਤਵਾਦੀ ਹਮਲੇ ਦੌਰਾਨ ਲੁਧਿਆਣਾ ਜ਼ਿਲ੍ਹੇ ਦਾ ਵਸਨੀਕ ਕਾਂਸਟੇਬਲ ਮਨਦੀਪ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਮਨਦੀਪ ਸਿੰਘ ਦੇ ਜੱਦੀ ਪਿੰਡ ਚਣਕੋਈਆਂ ਕਲਾਂ (ਬਲਾਕ ਦੋਰਾਹਾ) ਵਿਖੇ ਪਰਿਵਾਰਕ ਮੈਂਬਰ ਗਹਿਰੇ ਸਦਮੇ ’ਚ ਹਨ।

ਮਨਦੀਪ ਸਿੰਘ ਦੇ ਸ਼ਹਾਦਤ ਪ੍ਰਾਪ੍ਰਤ ਕਰਨ ਦੀ ਖ਼ਬਰ ਜਿਉਂ ਹੀ ਪਿੰਡ ਪੁੱਜੀ ਤਾਂ ਪਰਿਵਾਰ ਸਮੇਤ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਦੇਖਦੇ ਹੀ ਦੇਖਦੇ ਮਨਦੀਪ ਸਿੰਘ ਦੇ ਘਰ ਦੁੱਖ ਵੰਡਾਉਣ ਵਾਲਿਆਂ ਦਾ ਹੜ ਆ ਗਿਆ। ਪ੍ਰਾਪਤ ਵੇਰਵਿਆਂ ਮੁਤਾਬਕ ਸਾਬਕਾ ਸਰਪੰਚ ਮਰਹੂਮ ਰੂਪ ਸਿੰਘ ਦਾ ਸਪੁੱਤਰ ਹੌਲਦਾਰ ਮਨਦੀਪ ਸਿੰਘ (39) ਦੇ ਪਿੱਛੇ ਘਰ ’ਚ 7 ਸਾਲ ਦੇ ਪੁੱਤਰ ਤੇ 10 ਸਾਲ ਦੀ ਪੁੱਤਰੀ ਸਮੇਤ ਪਤਨੀ ਰਹਿ ਗਏ ਹਨ। ਜਿੰਨਾਂ ਦਾ ਇਸ ਸਮੇਂ ਰੋ ਰੋ ਕੇ ਬੇਹੱਦ ਬੁਰਾ ਹਾਲ ਹੈ।

Shaheed Mandeep Singh

ਰਾਸ਼ਟਰੀ ਰਾਈਫਲ ਯੂਨਿਟ ’ਚ ਡਿਊਟੀ ਨਿਭਾ ਰਹੇ ਮਨਦੀਪ ਸਿੰਘ 2005 ’ਚ ਫੌਜ ’ਚ ਭਰਤੀ ਹੋਏ ਸਨ। ਸ਼ਹੀਦ ਮਨਦੀਪ ਸਿੰਘ ਦੇ ਭਰਾ ਜਗਜੀਤ ਸਿੰਘ ਨੇ ਕਿਹਾ ਕਿ ਉਨਾਂ ਨੂੰ ਆਪਣੇ ਵੱਡੇ ਭਰਾ ’ਤੇ ਅਥਾਹ ਮਾਣ ਹੈ ਕਿ ਉਹ ਦੇਸ਼ ਲਈ ਸ਼ਹੀਦ ਹੋਏ ਹਨ। ਬੇਸ਼ੱਕ ਉਨ੍ਹਾਂ ਲਈ ਇਹ ਬੇਹੱਦ ਦੁੱਖ ਦੀ ਘੜੀ ਹੈ ਪਰ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਦੀ ਪੋਸਟਿੰਗ ਜੰਮੂ ਤੋਂ ਕਰੀਬ 80 ਕਿੱਲੋਮੀਟਰ ਦੂਰ ਸੀ। ਭਰਾ ਅਕਸਰ ਘਰ ਫੋਨ ਕਰਦਾ ਸੀ। ਬੀਤੇ ਦਿਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਵੀ ਉਸ ਦਾ ਫੋਨ ਆਇਆ, ਜਿਸ ਦੌਰਾਨ ਉਸਨੇ ਜਿੱਥੇ ਇੱਥੇ ਸਭ ਦੀ ਖੈਰ-ਸੁੱਖ ਪੁੱਛੀ, ਓਥੇ ਹੀ ਡਿਊਟੀ ’ਤੇ ਤਾਇਨਾਤ ਸਭ ਦਾ ਹਾਲ-ਚਾਲ ਵੀ ਦੱਸਿਆ ਸੀ।

ਮਨਦੀਪ ਸਿੰਘ ਅਗਲੇ ਵਰ੍ਹੇ ਹੋਣਾ ਸੀ ਸੇਵਾ ਮੁਕਤ

ਜਿਕਰਯੋਗ ਹੈ ਕਿ ਮਨਦੀਪ ਸਿੰਘ 4 ਮਾਰਚ 2023 ਨੂੰ 20 ਕੁ ਦਿਨ ਦੀ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਪਹੁੰਚਿਆ ਸੀ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਅਗਲੇ ਵਰੇ ਸੇਵਾ ਮੁਕਤ ਹੋ ਰਿਹਾ ਸੀ ਜੋ ਸੇਵਾ ਮੁਤਕੀ ਤੋਂ ਪਹਿਲਾਂ ਹੀ ਸ਼ਹੀਦੀ ਪ੍ਰਾਪਤ ਕਰਕੇ ਆਪਣੀ ਮਾਂ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ ਤੇ ਛੋਟੇ ਨੰਨੇ੍ਹ-ਮੁੰਨੇ ਪੁੱਤ ਕਰਨਦੀਪ ਸਿੰਘ (7) ਤੇ ਧੀ ਖੁਸ਼ਦੀਪ ਕੌਰ (11), ਛੋਟੇ ਭਰਾਵਾਂ ਜਗਪਾਲ ਸਿੰਘ ਤੇ ਜਗਜੀਤ ਸਿੰਘ ਸਮੇਤ ਹੱਸਦੇ- ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।

2012 ’ਚ ਮਨਦੀਪ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਦੱਸ ਦਈਏ ਕਿ ਮਨਦੀਪ ਸਿੰਘ ਪੁੰਛ ਇਲਾਕੇ ’ਚ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਤਾਇਨਾਤ ਸੀ। ਜਿੱਥੇ ਵੀਰਵਾਰ ਨੂੰ ਅੱਤਵਾਦੀਆਂ ਨੇ ਘਾਤ ਲਗਾ ਕੇ ਪਹਿਲਾਂ ਫੌਜ ਦੇ ਟਰੱਕ ’ਤੇ ਗੋਲੀਬਾਰੀ ਕੀਤੀ ਤੇ ਫਿਰ ਗ੍ਰੇਨੇਡ ਸੁੱਟਿਆ, ਜਿਸ ਨਾਲ ਟਰੱਕ ਨੂੰ ਅੱਗ ਲੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ਸਨ। ਜਦਕਿ ਇੱਕ ਜਵਾਨ ਰਾਜੌਰੀ ਦੇ ਆਰਮੀ ਹਸਪਤਾਲ ਵਿੱਚ ਇਲਾਜ਼ ਅਧੀਨ ਹੈ। ਐਸ.ਡੀ.ਐਮ. ਪਾਇਲ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ਦਾ 22 ਅਪਰੈਲ ਨੂੰ ਉਹਨਾਂ ਦੇ ਪਿੰਡ ਚਣਕੋਈਆਂ ਕਲਾਂ ਵਿਖੇ ਕਰੀਬ 11 ਵਜੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ