ਤਿਉਹਾਰਾਂ ਦੇ ਦਿਨਾਂ ਵਿੱਚ ਪਿੰਡ ਕੋਠਾ ਗੁਰੂ ‘ਚ ਛਾਇਆ ਮਾਤਮ

Dhuri News

ਦਿਨ ਚੜ੍ਹਦਿਆਂ ਹੀ ਹੋਈਆਂ ਤਿੰਨ ਮੌਤਾਂ | Bathinda Murder News

ਬਠਿੰਡਾ (ਸੁਖਜੀਤ ਮਾਨ)। ਇਹਨੀਂ ਦਿਨੀਂ ਜਦੋਂ ਲੋਕ ਦੀਵਾਲੀ ਆਦਿ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਤਾਂ ਇਸੇ ਦਰਮਿਆਨ ਪਿੰਡ ਕੋਠਾ ਗੁਰੂ ਵਿੱਚ ਮਾਤਮ ਛਾ ਗਿਆ। ਇਸ ਪਿੰਡ ਵਿੱਚ ਅੱਜ ਇੱਕ ਨੌਜਵਾਨ ਵੱਲੋਂ ਕੋਠੇ ਚੜ ਕੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ 2 ਜਣਿਆਂ ਦੀ ਮੌਤ ਹੋ ਗਈ ਤੇ ਇਸ ਮਗਰੋਂ ਉਸਨੇ ਖੁਦ ਵੀ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮੌਤਾਂ ਦੀ ਪੁਸ਼ਟੀ ਡੀਐਸਪੀ ਫੂਲ ਮੋਹਿਤ ਅਗਰਵਾਲ ਨੇ ਕੀਤੀ ਹੈ। (Bathinda Murder News)

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮਾਮਲਾ ਕਈ ਦਹਾਕੇ ਪੁਰਾਣੀ ਦੁਸ਼ਮਣੀ ਦਾ ਹੈ ਜਿਸਦੇ ਸਿੱਟੇ ਵਜੋਂ ਅੱਜ ਇਹ ਵੱਡੀ ਘਟਨਾ ਸਾਹਮਣੇ ਆਈ ਹੈ।ਮੁਢਲੇ ਤੌਰ ਤੇ ਹਾਸਲ ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਵਾਲੇ ਨੌਜਵਾਨ ਦਾ ਨਾਮ ਗੁਰਸ਼ਰਨ ਦੱਸਿਆ ਜਾ ਰਿਹਾ ਹੈ। ਪਿੰਡ ਵਾਲਿਆਂ ਮੁਤਾਬਿਕ ਗੋਲੀਆਂ ਚਲਾਉਣ ਵਾਲੇ ਨੌਜਵਾਨ ਕੋਲ ਕਈ ਤਰ੍ਹਾਂ ਦਾ ਅਸਲਾ ਹੈ।ਪਿੰਡ ਦੇ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਪਿੰਡ ਵਾਸੀ ਗੁਰਸ਼ਾਂਤ ਸਿੰਘ ਦੇ ਘਰ ਅੱਜ ਕੁਝ ਮਹੀਨੇ ਪਹਿਲਾਂ ਹੋਈ ਮੌਤ ਕਾਰਨ ਪਾਠ ਦਾ ਭੋਗ ਪਾਇਆ ਜਾਣਾ ਸੀ। ਇਸ ਕਾਰਨ ਵੱਡੀ ਗਿਣਤੀ ਪਿੰਡ ਵਾਸੀ ਵੀ ਮੌਕੇ ਤੇ ਗਏ ਸਨ।

Also Read : ਪਿੰਡ ਕੋਠਾ ਗੁਰੂ ’ਚ ਦਿਨ ਚੜ੍ਹਦਿਆਂ ਹੀ ਕਿਉਂ ਬਣਿਆ ਦਹਿਸ਼ਤ ਦਾ ਮਹੌਲ

ਉਹਨਾਂ ਦੱਸਿਆ ਕਿ ਇਸੇ ਦੌਰਾਨ ਗੁਰਸ਼ਰਨ ਸਿੰਘ ਉਰਫ ਸ਼ਰਨੀ ਨੇ ਗੁਰਸ਼ਾਂਤ ਸਿੰਘ ਦੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨਾਂ ਦੱਸਿਆ ਕਿ ਫਾਇਰਿੰਗ ਇਨੀ ਜਬਰਦਸਤ ਹੈ ਕਿ ਕਿਸੇ ਨੂੰ ਉਹ ਨਜ਼ਦੀਕ ਆਉਣ ਹੀ ਨਹੀਂ ਦੇ ਰਿਹਾ ਸੀ। ਪਤਾ ਲੱਗਿਆ ਹੈ ਕਿ ਇਸ ਗੋਲੀਬਾਰੀ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਹਮਲਾਵਰ ਨੇ ਵੀ ਗੋਲੀ ਮਾਰ ਕੇ ਖ਼ੁਦਕਸ਼ੀ ਕਰ ਲਈ ।

ਡੀਐਸਪੀ ਫੂਲ ਮੋਹਿਤ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਮਿਰਤਕਾਂ ਵਿੱਚ ਨੌਜਵਾਨ ਗੁਰਸ਼ਰਨ ਸਿੰਘ ਵੀ ਸ਼ਾਮਿਲ ਹੈ, ਜਿਸ ਵੱਲੋਂ ਇਹ ਫਾਇਰਇੰਗ ਕੀਤੀ ਗਈ ਸੀ। ਉਸ ਨੌਜਵਾਨ ਨੇ ਫਾਇਰਇੰਗ ਕਰਨ ਮਗਰੋਂ ਅੰਦਰ ਜਾ ਕੇ ਲਾਇਸੰਸੀ 12 ਬੋਰ ਰਾਇਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀ, ਜਿਸ ਦੀ ਐਫਆਈਆਰ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਤੇ ਚਲਾਨ ਪੇਸ਼ ਹੋ ਗਿਆ। ਉਹਨਾਂ ਦੱਸਿਆ ਕਿ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਵੀ ਜਵਾਬੀ ਫਾਇਰਇੰਗ ਕੀਤੀ ਗਈ ਹੈ। ਹਮਲਾਵਾਰ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ, ਜੋ ਵੇਰਵੇ ਸਾਂਝੇ ਕੀਤੇ ਗਏ ਹਨ ਇਹ ਹਾਲੇ ਮੁੱਢਲੇ ਵੇਰਵੇ ਹਨ।