ਮਨਰੇਗਾ ‘ਚ ਘਪਲਾ: 14 ਮ੍ਰਿਤਕਾਂ ਨੂੰ ਹਾਜ਼ਰ ਦਿਖਾ ਕੀਤਾ ਜਾ ਰਿਹਾ ਹੈ ਭੁਗਤਾਨ

MGNREGA,

ਕਾਮਰੇਡ ਜਗਰੂਪ ਨੇ ਮਨਰੇਗਾ ਪ੍ਰੋਜੈਕਟ ‘ਚ ਵੱਡੇ ਪੱਧਰ ‘ਤੇ ਹੋ ਰਹੀ ਘਪਲੇਬਾਜ਼ੀ ਦਾ ਕੀਤਾ ਪਰਦਾਫਾਸ਼

ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ 7 ਅਕਤੂਬਰ । ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਮਨਰੇਗਾ ਪ੍ਰੋਜੈਕਟ ਵਿੱਚ ਵੱਡੇ ਪੱਧਰ ‘ਤੇ ਹੋ ਰਹੀ ਘਪਲੇਬਾਜ਼ੀ ਦਾ ਪਰਦਾਫਾਸ਼ ਕਰਦੇ ਹੋਏ 14 ਮ੍ਰਿਤਕ ਵਿਅਕਤੀਆਂ ਨੂੰ ਵੀ ਹਾਜ਼ਰ ਦਿਖਾ ਕੇ ਉਹਨਾਂ ਦੇ ਨਾਂਅ ‘ਤੇ ਕੀਤੇ ਗਏ ਕੰਮ ਦੀ ਅਦਾਇਗੀ ਕਰਨ ਦਾ ਮਾਮਲਾ ਉਜਾਗਰ ਕੀਤਾ ਹੈ। MGNREGA

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਬੀਤੀ 16 ਸਤੰਬਰ ਨੂੰ ਸੀ.ਪੀ.ਆਈ., ਸੀ.ਪੀ.ਐਮ. ਤੇ ਬੀ.ਐਸ.ਪੀ. ਦੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰਾਂ ਸਮੇਤ ਉਹਨਾਂ ਨੇ ਡੀ.ਸੀ. ਸਾਹਿਬ ਨਾਲ ਮੀਟਿੰਗ ਕਰਕੇ ਇਹ ਗੱਲ ਸਾਹਮਣੇ ਲਿਆਂਦੀ ਸੀ। ਜਿਸ ‘ਤੇ ਡੀ.ਸੀ.ਸਾਹਿਬ ਵੱਲੋਂ ਏ.ਡੀ.ਸੀ. ਸਾਹਿਬ ਨੂੰ  ਇੱਕ ਲੈਟਰ ਜਾਰੀ ਕਰਕੇ ਉਹਨਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਪੜਤਾਲ ਕਰਕੇ 15 ਦਿਨ ਵਿੱਚ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ। ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਹੈ। MGNREGA

ਜਦਕਿ ਉਕਤ ਦਿਨਾਂ ਵਿੱਚ ਯੂਨੀਅਨ ਵੱਲੋਂ ਆਪਣੇ ਪੱਧਰ ‘ਤੇ ਕੀਤੀ ਗਈ ਜਾਂਚ ਦੌਰਾਨ ਕਈ ਹੈਰਤਅੰਗੇਜ ਤੱਥ ਸਾਹਮਣੇ ਆਏ ਹਨ। ਜਗਰੂਪ ਸਿੰਘ ਨੇ 14 ਮ੍ਰਿਤਕ ਵਿਅਕਤੀਆਂ ਦੀ ਮੌਤ ਦੇ ਸਰਟੀਫਿਕੇਟ ਪੇਸ਼ ਕਰਦੇ ਹੋਏ ਕਿਹਾ ਕਿ ਇਹਨਾਂ ਲੋਕਾਂ ਦੇ ਨਾਂਅ ‘ਤੇ ਮਸਟਰੋਲ ਬਣ ਕੇ ਉਹਨਾਂ ਦੀ ਹਾਜ਼ਰੀ ਦਿਖਾ ਕੇ ਪੇਮੈਂਟ ਤੱਕ ਕੀਤੀ ਜਾ ਰਹੀ ਹੈ। ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ  ਕਿ ਮਨਰੇਗਾ ਵਿੱਚ ਪਾਰਦਰਸ਼ਤਾ ਖਤਮ ਕਰ ਦਿੱਤੀ ਗਈ ਹੈ। ਕੰਮ ਮਰਜ਼ੀ ‘ਤੇ ਨਹੀਂ ਬਲਕਿ ਹਾਜ਼ਰੀ ਲਗਵਾਉਣ ਵਿੱਚ ਬੇਇਨਸਾਫੀ ਕੀਤੀ ਜਾ ਰਹੀ  ਹੈ। ਧੱਕੇ ਨਾਲ ਗੈਰ ਹਾਜ਼ਰ  ਬਣਾ ਦਿੱਤਾ ਜਾਂਦਾ ਹੈ।

ਗੈਰ ਹਾਜ਼ਰ ਕਰਨ ਦੀ ਸਾਰਿਆਂ ਤੋਂ ਵੱੱਡੀ ਗਿਣਤੀ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਵਿੱਚ ਸਾਹਮਣੇ ਆਈ ਹੈ। ਬਿਨਾਂ ਕੰਮ ਤੋਂ ਮਸਟਰੋਲ ਦਫਤਰ ਵਿੱਚ ਬੈਠ ਕੇ ਭਰੇ ਜਾਂਦੇ ਹਨ ਅਤੇ ਹਾਜ਼ਰੀ ਲਾ ਕੇ ਆਨਲਾਈਨ ਕਰਕੇ ਅਦਾਇਗੀ ਕੀਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਆਡਿਟ ਟੀਮਾਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਪਾਸ ਕਰ ਜਾਂਦੀਆਂ ਹਨ।  ਕਾਮਰੇਡ ਜਗਰੂਪ ਸਿੰਘ ਨੇ ਪਿੰਡ ਮਿੱਡਾ, ਥਾਂਦੇਵਾਲਾ, ਡੋਹਕ, ਦਾਨੇਵਾਲਾ, ਬੋਦੀਵਾਲਾ, ਮਲੋਟ, ਉੜਾਂਗ, ਆਲਮਵਾਲਾ, ਤਰਖਾਨਵਾਲਾ, ਪੰਨੀਵਾਲਾ ਦੇ ਮਸਟਰੋਲ ਨੰਬਰਾਂ ਦੀ ਜਾਣਕਾਰੀ ਦਿੰਦੇ ਹੋਏ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੇਰਾਫੇਰੀ ਬਾਰੇ ਦੱਸਿਆ। ਉਹਨਾਂ ਪਿੰਡ ਡੋਹਕ ਵਿਖੇ ਜਾਬ ਕਾਰਡ ਨਾਲ ਛੇੜਛਾੜ ਕਰਕੇ ਕੰਪਿਊੁਟਰ ਵਿੱਚ ਨਵੇਂ ਨਾਂਅ ਸ਼ਾਮਲ ਕਰਕੇ ਹਾਜ਼ਰੀ ਲਗਾਉਣ ਅਤੇ ਭੁਗਤਾਨ ਕਰਨ ਦਾ ਮਾਮਲਾ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਬਾਰੇ ਘਰ ਦੇ ਮੁਖੀ ਤੱਕ ਨੂੰ ਜਾਣਕਾਰੀ ਨਹੀਂ ਹੈ।  ਉਹਨਾਂ ਅਨੁਸਾਰ ਪਿੰਡ ਥਾਂਦੇਵਾਲਾ ਵਿਖੇ ਇੱਕ ਸਾਲ ਵਿੱਚ ਨਵੇਂ ਜਾਬ ਕਾਰਡ ਬਣਾ ਕੇ 31 ਮਾਰਚ ਤੱਕ ਹੀ 99 ਦਿਨ ਕੰਮ ਕਰਕੇ ਭੁਗਤਾਨ ਕੀਤਾ ਗਿਆ ਹੈ। ਜਦਕਿ ਹੁਣ 6 ਮਹੀਨੇ ਵਿੱਚ ਹੀ ਉਹ ਪਰਿਵਾਰ ਫਿਰ 85 ਦਿਨ ਕੰਮ ਕਰ ਚੁੱਕੇ ਹਨ। ਜਦਕਿ ਮਨਰੇਗਾ ਕਾਮਿਆਂ ਦੀਆਂ ਅਰਜ਼ੀਆਂ ‘ਤੇ ਕੰਮ ਨਹੀਂ ਦਿੱਤਾ ਜਾਂਦਾ।

ਅੰਤ ਵਿੱਚ ਕਾਮਰੇਡ ਜਗਰੂਪ ਸਿੰਘ ਨੇ ਪਿੰਡ ਸ਼ੇਰਗੜ੍ਹ ਦੀ ਤਰ੍ਹਾਂ ਪਿੰਡ ਮਿੱਡਾ, ਤਰਖਾਣਵਾਲਾ, ਉੜਾਂਗ, ਰੁਪਾਣਾ ਤੇ ਥਾਂਦੇਵਾਲਾ ਵਿਖੇ ਵੀ ਮ੍ਰਿਤਕ ਵਿਅਕਤੀਆਂ ਦੀ ਹਾਜ਼ਰੀ ਅਤੇ ਭੁਗਤਾਣ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਕੰਮ ਜਿਲ੍ਹਾ ਦਫਤਰ ਵਿੱਚ ਐਫ.ਟੀ.ਓ. ਨਾਲ ਛੇੜਛਾੜ ਕੀਤੇ ਬਿਨਾਂ ਸੰਭਵ ਨਹੀਂ ਹੈ। ਅੰਤ ਵਿੱਚ ਉਹਨਾਂ ਨੇ ਇਸ ਸਾਰੇ ਮਾਮਲੇ ਦੀ ਪੰਜਾਬ ਵਿਜੀਲੈਂਸ ਟੀਮ ਤੋਂ ਜਾਂਚ ਕਰਵਾਉਣ ਅਤੇ ਜਾਂਚ ਇੱਕ ਮਹੀਨੇ ਵਿੱਚ ਪੂਰੀ ਕਰਵਾ ਕੇ ਕਸੂਰਵਾਰਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਏ.ਡੀ.ਸੀ. (ਵਿਕਾਸ) ਹਰਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਸਬੰਧੀ ਜਿਲ੍ਹਾ ਸਕੱਤਰ ਦੀ ਡਿਊਟੀ ਲਗਾਈ ਗਈ ਸੀ ਪਰ ਪਿਛਲੇ ਦਿਨੀਂ ਮਨਰੇਗਾ ਮੁਲਾਜਮਾਂ ਦੀ ਹੜਤਾਲ ਕਾਰਨ ਜਾਂਚ ਪ੍ਰਭਾਵਿਤ ਹੋ ਗਈ ਸੀ। ਫਿਲਹਾਲ ਜਾਂਚ ਉਪਰਾਂਤ ਡੀ.ਸੀ. ਸਾਹਿਬ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।