ਵੱਡੀ ਘਟਨਾ ਨੂੰ ਟਾਲਣ ਲਈ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਰਿਹਾ ਮੌਜ਼ੂਦ
ਸੜਕ ਵਿਚਾਲੇ ਪੁਲੀ ਪਾ ਕੇ ਪ੍ਰਸ਼ਾਸਨ ਨੇ ਕੱਢਿਆ ਹੱਲ
ਰਾਜਵਿੰਦਰ ਬਰਾੜ, ਗਿੱਦੜਬਾਹਾ/ਕੋਟਭਾਈ
ਮੀਂਹ ਦੇ ਪਾਣੀ ਕਾਰਨ ਦੋ ਪਿੰਡਾਂ ‘ਚ ਸਾਰਾ ਦਿਨ ਰੌਲਾ ਰੱਪਾ ਚੱਲਦਾ ਰਿਹਾ ਜੋ ਕਿ ਪ੍ਰਸ਼ਾਸਨ ਨੇ ਸ਼ਾਮ ਤੱਕ ਹੱਲ ਕਰਵਾ ਕੇ ਮਸਲੇ ਨੂੰ ਸੁਲਝਾਇਆ ਜਾਣਕਾਰੀ ਅਨੁਸਾਰ ਪਿੰਡ ਚੋਟੀਆਂ ਦੀ ਪੰਚਾਇਤ ਵੱਲੋਂ ਜੇਸੀਬੀ ਦੀ ਮੱਦਦ ਨਾਲ ਚੋਟੀਆਂ-ਭਲਾਈਆਣਾ ਸੜਕ ਨੂੰ ਤੋੜ ਕੇ ਮੀਂਹ ਦਾ ਜਮ੍ਹਾ ਹੋਇਆ ਪਾਣੀ ਪਿੰਡ ਕੋਟਭਾਈ ਵੱਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਪਤਾ ਲੱਗਦਿਆਂ ਹੀ ਪਿੰਡ ਕੋਟਭਾਈ ਦੇ ਸਰਪੰਚ ਬਾਬੂ ਸਿੰਘ ਮਾਨ ਅਤੇ ਪਿੰਡ ਦੇ ਵਿਅਕਤੀਆਂ ਨੇ ਮੌਕੇ ‘ਤੇ ਪਹੁੰਚ ਕੇ ਸੜਕ ਤੋੜਨ ਦਾ ਵਿਰੋਧ ਕੀਤਾ। ਇਸ ਗੱਲ ਦਾ ਪਤਾ ਲੱਗਦਿਆਂ ਹੀ ਐੱਸਡੀਐੱਮ ਗਿੱਦੜਬਾਹਾ ਓਮ ਪ੍ਰਕਾਸ਼ ਤੋਂ ਇਲਾਵਾ ਥਾਣਾ ਕੋਟਭਾਈ ਦੇ ਐੱਸਐੱਸਓ ਅੰਗਰੇਜ ਸਿੰਘ ਦੀ ਅਗਵਾਈ ‘ਚ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ।
ਪੁਲਿਸ ਵੱਲੋਂ ਰੌਲੇ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਆਪਣੇ ਕਬਜੇ ਵਿੱਚ ਲੈ ਕੇ ਦੋਵਾਂ ਪਿੰਡ ਦੇ ਲੋਕਾਂ ਨੂੰ ਉਥੋਂ ਪਾਸੇ ਕਰ ਦਿੱਤਾ ਗਿਆ। ਇਸ ਸਮੇਂ ਪਿੰਡ ਚੋਟੀਆਂ ਦੇ ਸਰਪੰਚ ਜਸਵਿੰਦਰ ਸਿੰਘ ਤੇ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਕਿਲੀ, ਕੋਠੇ ਛਪੜੀ ਵਾਲੇ ਆਦਿ ਕਈ ਪਿੰਡਾਂ ਦੇ ਪਾਣੀ ਦਾ ਕੁਦਰਤੀ ਵਹਾਅ ਪਿੰਡ ਚੋਟੀਆਂ ਵੱਲ ਨੂੰ ਹੈ, ਅਤੇ ਇਹ ਪਾਣੀ ਅੱਗੇ ਪਿੰਡ ਕੋਟਭਾਈ ਵੱਲ ਚਲਾ ਜਾਂਦਾ ਹੈ ਪਰ ਚੋਟੀਆਂ-ਭਲਾਈਆਣਾ ਸੜਕ ਉੱਚੀ ਕਰਕੇ ਬਣਾਏ ਜਾਣ ਕਾਰਨ ਮੀਂਹਾਂ ਦੇ ਪਾਣੀ ਨੂੰ ਡਾਫ (ਬੰਨ੍ਹ) ਲੱਗ ਗਿਆ ਹੈ, ਜਿਸ ਨਾਲ ਸਾਡੇ ਪਿੰਡ ਦੀ ਸੈਂਕੜੇ ਏਕੜ ਫਸਲ ਅਤੇ 60-70 ਘਰ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਸੜਕ ਤੋੜ ਕੇ ਪਾਣੀ ਦਾ ਕੁਦਰਤੀ ਵਹਾਅ ਚਾਲੂ ਕੀਤੇ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਹੈ।
ਦੂਜੇ ਪਾਸੇ ਪਿੰਡ ਕੋਟਭਾਈ ਦੇ ਸਰਪੰਚ ਬਾਬੂ ਸਿੰਘ ਮਾਨ ਨੇ ਆਪਣੇ ਪਿੰਡ ਦੇ ਕਿਸਾਨਾਂ ਦੀ ਫਸਲ ਤੇ ਮੀਂਹ ਦੇ ਪਾਣੀ ਨਾਲ ਨੁਕਸਾਨੇ ਗਏ ਘਰ ਦਿਖਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਜੇਸੀਬੀ ਨਾਲ ਸੜਕ ਨੂੰ ਤੋੜ ਕੇ ਮੀਂਹ ਦਾ ਜਮ੍ਹਾ ਹੋਇਆ ਪਾਣੀ ਉਨ੍ਹਾਂ ਦੇ ਪਿੰਡ ਵੱਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਨਾਲ ਪਿੰਡ ਕੋਟਭਾਈ ਦੀਆਂ ਫਸਲਾਂ ਤੇ ਘਰਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਾਣੀ ਦੇ ਕੁਦਰਤੀ ਵਹਾਅ ਦੇ ਵਿਰੁੱਧ ਨਹੀਂ, ਪਰ ਪਾਣੀ ਇੱਕ ਲਿਮਟ ਨਾਲ ਹੌਲੀ-ਹੌਲੀ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਇਕ ਦਮ ਛੱਡਿਆ ਗਿਆ ਪਾਣੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਦਾ ਵੱਡਾ ਨੁਕਸਾਨ ਕਰ ਦੇਵੇਗਾ।
ਜਦ ਇਸ ਸਬੰਧੀ ਐੱਸਡੀਐੱਮ ਗਿੱਦੜਬਾਹਾ ਓਮ ਪ੍ਰਕਾਸ਼ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਗੱਲਬਾਤ ਕਰਨ ਤੋਂ ਹੀ ਟਾਲਾ ਵੱਟ ਗਏ। ਬਾਅਦ ਵਿੱਚ ਪਤਾ ਲੱਗਾ ਹੈ ਕਿ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਵਿਅਕਤੀ ਇਸ ਗੱਲ ‘ਤੇ ਸਹਿਮਤ ਹੋ ਗਏ, ਕਿ ਸੜਕ ਹੇਠਾਂ ਦੀ ਵੱਡੇ ਪਾਈਪ ਦੱਬਕੇ ਪੁਲੀ ਬਣਾਈ ਜਾਵੇ। ਜਿਸ ਨਾਲ ਇੱਕ ਮਿਕਦਾਰ ਵਿੱਚ ਪਾਣੀ ਅੱਗੇ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।