ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੂੰ 4-0 ਦਾ ਵਾਧਾ

ਚੇਸਟਰ ਲੀ ਸਟਰੀਟ (ਏਜੰਸੀ)। ਓਪਨਰ ਜੇਸਨ ਰਾਏ (101) ਦੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੇ ਆਸਟਰੇਲੀਆ ਨੂੰ ਲੜੀ ਦੇ ਚੌਥੇ ਇੱਕ ਰੋਜ਼ਾ ‘ਚ 32 ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਹਰਾ ਦਿੱਤਾ। ਜਿਸ ਦੇ ਨਾਲ ਹੀ ਉਹ ਪਹਿਲੀ ਵਾਰ ਪੁਰਾਣੀ ਵਿਰੋਧੀ ਟੀਮ ਵਿਰੁੱਧ 5-0 ਦੀ ਕਲੀਨ ਸਵੀਪ ਦੇ ਕਰੀਬ ਪਹੁੰਚ ਗਿਆ ਹੈ।ਪੰਜ ਮੈਚਾਂ ਦੀ ਲੜੀ ਪਹਿਲਾਂ ਹੀ ਗੁਆ ਚੁੱਕੀ ਆਸਟਰੇਲੀਆ ਦੀ ਟੀਮ ਨੇ ਚੌਥੇ ਮੈਚ ‘ਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ‘ਚ ਆਰੋਨ ਫਿੰਚ (100) ਅਤੇ ਸ਼ਾਨ ਮਾਰਸ਼ (101) ਦੇ ਸੈਂਕੜਿਆਂ ਦੀ ਬਦੌਲਤ 8 ਵਿਕਟਾਂ ‘ਤੇ 310 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਇੰਗਲੈਂਡ ਨੇ 44.4 ਓਵਰਾਂ ‘ਚ ਚਾਰ ਵਿਕਟਾਂ ‘ਤੇ ਹੀ 314 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਤੇ ਲੜਂ ‘ਚ 4-0 ਦਾ ਵਾਧਾ ਬਣਾ ਲਿਆ।

ਇੰਗਲੈਂਡ ਦੀ ਆਸਟਰੇਲੀਆ ਵਿਰੁੱਧ ਆਖ਼ਰੀ ਨੌਂ ਮੈਚਾਂ ‘ਚ ਇਹ ਅੱਠਵੀਂ ਜਿੱਤ ਵੀ ਹੈ ਜਦੋਂਕਿ ਬਾਲ ਟੈਂਪਰਿੰਗ ਤੋਂ ਬਾਅਦ ਬਦਨਾਮ ਹੋਈ ਆਸਟਰੇਲੀਆਈ ਟੀਮ ਨੇ ਆਪਣੇ ਆਖ਼ਰੀ 17 ਇੱਕ ਰੋਜ਼ਾ ‘ਚ ਸਿਰਫ਼ ਦੋ ਹੀ ਜਿੱਤੇ ਹਨ। ਇੰਗਲੈਂਡ ਜੇਕਰ ਆਖ਼ਰੀ ਇੱਕ ਰੋਜ਼ਾ ਵੀ ਜਿੱਤ ਜਾਂਦਾ ਹੈ ਤਾਂ ਉਹ ਪਹਿਲੀ ਵਾਰ ਆਸਟਰੇਲੀਆ ਵਿਰੁੱਧ 5-0 ਦੀ ਕਲੀਨ ਸਵੀਪ ਕਰ ਲਵੇਗਾ। ਆਖ਼ਰੀ ਵਾਰ 2012 ‘ਚ ਉਸਨੇ ਪੰਜ ਮੈਚਾਂ ਦੀ ਲੜੀ 4-0 ਨਾਲ ਜਿੱਤੀ ਸੀ ਜਦੋਂਕਿ ਇੱਕ ਮੈਚ ਰੱਦ ਰਿਹਾ ਸੀ ਇਸ ਮੈਚ ‘ਚ ਜਿੱਤ ਦੇ ਨਾਲ ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ‘ਚ ਦੂਸਰੀ ਵਾਰ ਸਭ ਤੋਂ ਵੱਡੇ ਟੀਚੇ ਦਾ ਸਫ਼ਲ ਪਿੱਛਾ ਵੀ ਕੀਤਾ ਇਸ ਤੋਂ ਪਹਿਲਾਂ ਸਾਲ 2015 ‘ਚ ਨਾਟਿੰਘਮ ‘ਚ ਉਸਨੇ ਨਿਊਜ਼ੀਲੈਂਡ ਵਿਰੁੱਧ 350 ਦੌੜਾਂ ਬਣਾਈਆਂ ਸਨ।