ਪੀਲੇ ਕਾਰਡਾਂ ਤੋਂ ਸੱਖਣੇ ਪੱਤਰਕਾਰਾਂ ਨੂੰ ਬੂਥਾਂ ਉੱਤੇ ਕਵਰੇਜ ਕਰਨ ਤੋਂ ਪਾਬੰਦੀ
ਨਾਭਾ, (ਤਰੁਣ ਕੁਮਾਰ ਸ਼ਰਮਾ) ਸੂਬੇ ਵਿੱਚ ਅੱਜ ਹੋ ਰਹੀਆਂ ਕੌਂਸਲ ਚੋਣਾਂ ਲਈ ਪੰਜਾਬ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਬੂਥਾਂ ਨੂੰ ਲਗਪਗ 20-30 ਕਦਮਾਂ ਤੋਂ ਹੀ ਬੈਰੀਕੇਡ ਲਗਾ ਕੇ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਪਹਿਲੀ ਵਾਰੀ ਜਿੱਥੇ ਵੋਟਰਾਂ ਨੂੰ ਆਪਣੇ ਨਾਲ ਮੋਬਾਇਲ ਲੈ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਉੱਥੇ ਪੋਲਿੰਗ ਬੂਥਾਂ ਦੀ ਕਵਰੇਜ ਨੂੰ ਸਿਰਫ਼ ਪੀਲੇ ਪੱਤਰਕਾਰਾਂ ਲਈ ਤਕ ਹੀ ਸੀਮਤ ਕਰ ਦਿੱਤਾ ਗਿਆ। ਸਭ ਤੋਂ ਵੱਧ ਪਰੇਸ਼ਾਨੀ ਵੋਟਰਾਂ ਨੂੰ ਹੋ ਰਹੀ ਹੈ ਜੋ ਕਿ ਅਜੋਕੀ ਰੁਝਾਨ ਭਰੀ ਜ਼ਿੰਦਗੀ ਦੀ ਅਤਿ ਮਹੱਤਵਪੂਰਨ ਵਸਤੂ ਵਜੋਂ ਜਾਣੇ ਜਾਂਦੇ ਮੋਬਾਇਲ ਨੂੰ ਆਪਣੇ ਨਾਲ ਹੀ ਲੈ ਕੇ ਰੁਟੀਨ ਵਾਂਗ ਪੋਲਿੰਗ ਬੂਥਾਂ ਉੱਤੇ ਆ ਰਹੇ ਹਨ ਜਿੱਥੇ ਅਚਾਨਕ ਸੁਰੱਖਿਆ ਕਰਮਚਾਰੀਆਂ ਵੱਲੋਂ ਵੋਟਰ ਨੂੰ ਮੋਬਾਇਲ ਨੂੰ ਬਾਹਰ ਹੀ ਕਿਤੇ ਰੱਖਣ ਜਾਂ ਜਮ੍ਹਾਂ ਕਰਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਜਾਂਦੀ ਹੈ।
ਮਜ਼ੇ ਦੀ ਗੱਲ ਇਹ ਹੈ ਕਿ ਵੋਟਰਾਂ ਦੇ ਮੋਬਾਇਲ ਸਾਂਭਣ ਦੀ ਜ਼ਿੰਮੇਵਾਰੀ ਦੀ ਸੇਵਾ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅੱਗੇ ਹੋ ਕੇ ਨਿਭਾ ਰਹੇ ਹਨ। ਕਮਾਲ ਦੀ ਗੱਲ ਹੈ ਕਿ ਕਈ ਪੋਲਿੰਗ ਬੂਥਾਂ ਉੱਤੇ ਮੋਬਾਇਲ ਬਾਹਰ ਹੀ ਰੱਖਣ ਸਬੰਧੀ ਕੋਈ ਵੀ ਹਦਾਇਤ ਜਨਤਕ ਤੌਰ ਉੱਤੇ ਨਜ਼ਰ ਨਹੀਂ ਆਈ। ਕਈ ਪੋਲਿੰਗ ਸਟੇਸ਼ਨ ਅਫ਼ਸਰ ਆਪਣੇ ਪੈੱਨ ਨਾਲ ਹੀ ਕਾਗਜ਼ ਉੱਤੇ ਮੋਬਾਈਲ ਸਬੰਧੀ ਪਾਬੰਦੀ ਦੀ ਹਦਾਇਤ ਨੂੰ ਜਨਤਕ ਤੌਰ ਤੇ ਵਿਖਾਉਣ ਦਾ ਉਪਰਾਲਾ ਕਰਦੇ ਨਜ਼ਰ ਆਏ। ਦੂਜੇ ਪਾਸੇ ਪੋਲਿੰਗ ਬੂਥਾਂ ਦੀ ਕਵਰੇਜ ਨੂੰ ਪੀਲੇ ਕਾਰਡ ਧਾਰਕ ਪੱਤਰਕਾਰਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਨਾਭਾ ਦੇ ਪੱਤਰਕਾਰਾਂ ਦੀ ਗਿਣਤੀ ਬੀਤੇ ਦਿਨੀਂ ਕਾਫ਼ੀ ਜ਼ਿਆਦਾ ਵਧ ਗਈ ਹੈ ਜਿਸ ਕਾਰਨ ਕਈ ਪੱਤਰਕਾਰਾਂ ਨੂੰ ਪੀਲੇ ਕਾਰਡ ਦੀ ਸੁਵਿਧਾ ਅਜੇ ਪ੍ਰਾਪਤ ਨਹੀਂ ਹੋਈ। ਅਜਿਹੇ ਵਿੱਚ ਪ੍ਰਸ਼ਾਸਨਿਕ ਹਦਾਇਤਾਂ ਕੌਂਸਲ ਚੋਣਾਂ ਦੀਆਂ ਕਵਰੇਜ ਕਰਨ ਲਈ ਪੱਤਰਕਾਰਾਂ ਦੇ ਰਾਹ ਵਿੱਚ ਦਿੱਕਤਾਂ ਪੇਸ਼ ਕਰ ਰਹੀਆਂ ਹਨ। ਜਦੋਂ ਇਹ ਗੱਲ ਪੱਤਰਕਾਰਾਂ ਵੱਲੋਂ ਹਲਕੇ ਦੇ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਕਾਲਾ ਰਾਮ ਕਾਂਸਲ ਨੂੰ ਦੱਸੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਹੀ ਮੋਬਾਇਲ ਬਾਹਰ ਰੱਖਣ ਦੀ ਹਦਾਇਤ ਨੂੰ ਲਿਖਤੀ ਤੌਰ ਜਨਤਕ ਕਰਨ ਦੀ ਹਦਾਇਤ ਜਾਰੀ ਕਰ ਰਹੇ ਹਨ। ਦੂਜੇ ਪਾਸੇ ਪੱਤਰਕਾਰਾਂ ਨੂੰ ਪੇਸ਼ ਆ ਰਹੀ ਔਕੜਾਂ ਸਬੰਧੀ ਡੀ ਪੀ ਆਰ ਓ ਪਟਿਆਲਾ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕੀ ਇਹ ਸਹੀ ਹੈ ਕਿ ਪੋਲਿੰਗ ਬੂਥਾਂ ਅੰਦਰ ਸਿਰਫ਼ ਪੀਲੇ ਕਾਰਡ ਵਾਲੇ ਪੱਤਰਕਾਰ ਹੀ ਕਵਰੇਜ ਕਰ ਸਕਦੇ ਹਨ ਪ੍ਰੰਤੂ ਉਹ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਜ਼ਰੂਰ ਲਿਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.