ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਹਾਦਰੀ ਨੂੰ ਯਾਦ ਕਰਦਿਆਂ…

Saragarhi

ਸਾਰਾਗੜ੍ਹੀ (Saragarhi) ਸਮੁੰਦਰੀ ਤਲ ਤੋਂ 6000 ਫੁੱਟ ਦੀ ਉੱਚਾਈ ’ਤੇ ਪੈਂਦਾ ਇੱਕ ਪਿੰਡ ਹੈ। ਇਹ ਇਲਾਕਾ ਵਜੀਰੀਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ, ਜਿਸ ਦੇ ਪਹਾੜ ਉੱਤਰ-ਪੱਛਮੀ ਫਰੰਟੀਅਰ ਸੂਬਾ ਤੇ ਅਫ਼ਗ਼ਾਨਿਸਤਾਨ ਦੀ ਵੰਡ ਕਰਦੇ ਸਨ। ਸਾਰਾਗੜ੍ਹੀ ਸਮਾਨਾ ਘਾਟੀ ’ਚ ਕੋਹਾਟ ਜ਼ਿਲ੍ਹੇ (ਹੁਣ ਪਾਕਿਸਤਾਨ), ਦਾ ਪਿੰਡ ਹੈ, ਜਿੱਥੋਂ ਕੁਹਾਟ 35 ਮੀਲ ਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ’ਤੇ ਪੈਂਦਾ ਹੈ। ਇਸ ਚੌਂਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਪਰ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਕਿਨਾਰਾ ਕਰ ਲਿਆ ਤੇ ਇਹ ਲੋਕ ਅੰਗਰੇਜ਼ਾਂ ਖਿਲਾਫ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਵੀ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲੱਗਦਾ, ਪਠਾਣ, ਵਪਾਰੀਆਂ ਤੇ ਛੋਟੀਆਂ-ਛੋਟੀਆਂ ਅੰਗਰੇਜ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਕਾਬੁਲ ਨੂੰ ਵਪਾਰ ਕਰਨ ਵਾਲੀ ਕੁਰਮ ਘਾਟੀ ਹੁਣ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ’ਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ।

ਚੋਟੀ ’ਤੇ ਕਬਜਾ ਕਰਨ ਦਾ ਹੁਕਮ | Saragarhi

31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ’ਤੇ ਕਬਜਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲੋਕਹਾਰਟ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ’ਤੇ ਤਾਇਨਾਤ ਸਨ।

ਉੱਪਰ 8 ਜਨਵਰੀ ਨੂੰ ਲੈਫਟ ਵਿੰਗ, ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ’ਤੇ ਕਬਜ਼ਾ ਕਰ ਲਿਆ। 27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ’ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ। ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ’ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਂਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ।

ਕਮਾਂਡਰ ਨੂੰ ਬਹੁਤ ਲਾਲਚ ਦਿੱਤੇ | Saragarhi

ਇਸ ਹਮਲੇ ਨਾਲ ਇਸ ਚੌਂਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸਰ ਸਿੰਘ ਗਿੱਲ ਹੌਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਂਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ, ਪਰ ਈਸਰ ਸਿੰਘ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ।

ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ। 9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ’ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ’ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ।

ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ।

ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ

ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਭਾਰਤੀ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ’ਚ ਦਮ ਕਰੀ ਰੱਖਿਆ। ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬਿ੍ਰਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ’ਤੇ ਸਰਧਾਂਜਲੀਆਂ ਭੇਟ ਕੀਤੀਆਂ।

ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਇੰਗਲੈਂਡ ਦੀ ਰਾਣੀ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ। ਬਰਤਾਨੀਆ ਦੀ ਸਰਕਾਰ ਨੇ ਸਨਮਾਨ ਦੇ ਤੌਰ ’ਤੇ ਸਭ ਤੋਂ ਵੱਡਾ ਸਨਮਾਨ ‘ਇੰਡੀਅਨ ਆਡਰ ਆਫ ਮੈਰਿਟ’ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ ਦੋ-ਦੋ ਮੁਰੱਬੇ ਜਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ, ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ।

ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ

‘ਇੰਡੀਅਨ ਆਡਰ ਆਫ ਮੈਰਿਟ’ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰੌਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ। ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ ਕੀਤਾ ਹੈ।

ਇਹ ਵੀ ਪੜ੍ਹੋ : ਲੋਕ ਜਾਗ ਪਏ ਹਨ…

ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ ਅਫਸੋਸ ਭਾਰਤ ਦੀਆਂ ਸਰਕਾਰਾਂ ਨੇ ਇਸ ਇਤਿਹਾਸ ਨੂੰ ਅਣਗੌਲਿਆ ਕਰ ਦਿੱਤਾ ਹੈ ਤੇ ਕਿਸੇ ਵੀ ਸਕੂਲ ਵਿਚ ਨਾ ਤਾਂ ਇਸ ਇਤਿਹਾਸ ਬਾਰੇ ਪੜ੍ਹਾਇਆ ਜਾਂਦਾ ਹੈ ਤੇ ਨਾ ਕਿਸੇ ਨੂੰ ਇਸ ਇਤਿਹਾਸ ਬਾਰੇ ਪਤਾ ਹੈ ਫਿਰ ਵੀ ਪੰਜਾਬ ਸਰਕਾਰ ਇਸ ਦਿਨ ਨੂੰ ਮਨਾਉਂਦੀ ਆ ਰਹੀ ਹੈ ਫਿਰੋਜ਼ਪੁਰ ਛਾਉਣੀ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਹਰ ਸਾਲ ਵਾਂਗ ਇਸ ਸਾਲ ਵੀ 12 ਸਤੰਬਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਫੁੱਲ ਭੇਟ ਕੀਤੇ ਜਾਣਗੇ ਇਨ੍ਹਾਂ ਸਿੱਖ ਸ਼ਹੀਦਾਂ ਦੇ ਇਤਿਹਾਸ ਬਾਰੇ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ।

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ ਮੋ. 75891-55501