ਰਮਾਇਣ ਦੇ ਰਚੇਤਾ ਤੇ ਕਾਵਿ ਦੇ ਮੋਢੀ ਸਨ ਮਹਾਂਰਿਸ਼ੀ ਵਾਲਮੀਕਿ ਜੀ

Ramayana, MaharishiValmiki

ਇੰਜੀ. ਸਤਨਾਮ ਸਿੰਘ ਮੱਟੂ

ਭਾਰਤ ਦੀ ਧਰਤੀ ਨੂੰ ਇਹ ਸ਼ੁੱਭ ਮਾਣ ਪ੍ਰਾਪਤ ਹੈ ਕਿ ਇਸ ਧਰਤੀ ‘ਤੇ ਚਾਰ ਵੇਦਾਂ ਸਮੇਤ ਰਮਾਇਣ, ਮਹਾਂਭਾਰਤ ਅਤੇ ਭਗਵਤ ਗੀਤਾ ਦੀ ਸਿਰਜਣਾ ਹੋਈ ਹੈ। ਇਹਨਾਂ ‘ਚੋਂ ਰਮਾਇਣ ਦੇ ਸਿਰਜਣਹਾਰ ਮਹਾਂਰਿਸ਼ੀ ਵਾਲਮੀਕਿ ਜੀ ਹਨ ਅਤੇ ਮਹਾਂਭਾਰਤ ਦੀ ਰਚਨਾ ਵੇਦ ਵਿਆਸ ਜੀ ਨੇ ਇਸੇ ਨੂੰ ਆਧਾਰ ਬਣਾ ਕੇ ਕੀਤੀ ਸੀ। ਮਹਾਂਰਿਸ਼ੀ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਕਰਦਿਆਂ ਸੰਸਕ੍ਰਿਤ ਭਾਸ਼ਾ ਨੂੰ ਕਾਵਿ ਰੂਪ ਵਿਚ ਪੇਸ਼ ਕੀਤਾ ਸੀ, ਇਸੇ ਕਰਕੇ ਸੰਸਕ੍ਰਿਤ ਸਾਹਿਤ ਵਿੱਚ ਉਚਾਰੀ ਰਮਾਇਣ ਇੱਕ ਮਹਾਨ ਆਦਿ ਕਾਵਿ ਹੈ। ਰਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ‘ਚ ਹੋਈ ਹੋਣ ਕਾਰਨ ਮਹਾਂਰਿਸ਼ੀ ਵਾਲਮੀਕਿ ਜੀ ਨੂੰ ਸੰਸਕ੍ਰਿਤ ਭਾਸ਼ਾ ਦਾ ਜਨਮਦਾਤਾ ਮੰਨਿਆ ਜਾਂਦਾ ਹੈ।

ਮਹਾਂਰਿਸ਼ੀ ਵਾਲਮੀਕਿ ਜੀ ਦਾ ਪੁਰਾਣਾਂ ਮੁਤਾਬਿਕ ਪੂਰਾ ਨਾਂਅ ਰਤਨਾਕਰ ਪ੍ਰਚੇਤਾ ਵਾਲਮੀਕਿ ਸੀ। ਭਾਵੇਂ ਉਹਨਾਂ ਦੇ ਜਨਮ ਸਬੰਧੀ ਇਤਿਹਾਸਕਾਰਾਂ ‘ਚ ਮੱਤਭੇਦ ਹਨ, ਉਂਜ ਉਹਨਾਂ ਦਾ ਜਨਮ ਅੱਸੂ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਮੰਨਿਆ ਜਾਂਦਾ ਹੈ।

ਇਸ ਤਰ੍ਹਾਂ ਹਰ ਸਾਲ ਮਹਾਨ ਤਪੱਸਵੀ, ਵਿਦਵਾਨ, ਧਰਮ ਦੇ ਗਿਆਤਾ, ਸੰਸਕ੍ਰਿਤ ਦੇ ਮੋਢੀ, ਮਹਾਂਕਵੀ, ਰਮਾਇਣ ਦੇ ਸਿਰਜਕ ਮਹਾਂਰਿਸ਼ੀ ਵਾਲਮੀਕਿ ਦਾ ਜਨਮ ਅੱਸੂ ਦੀ ਪੂਰਨਮਾਸ਼ੀ ਨੂੰ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰਮਾਇਣ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਗ੍ਰੰਥ ਦੀ ਰਚਨਾ ਸੰਸਕ੍ਰਿਤ ਅਤੇ ਕਾਵਿ ਰੂਪ ‘ਚ ਹੋਈ ਹੋਵੇ। ਇਸ ਵਾਲਮੀਕਿ ਭਾਈਚਾਰੇ ਦੇ ਗੁਰੂ, ਸਰਬ ਗਿਆਤਾ, ਤੇਜੱਸਵੀ ਦੇ ਜਨਮ ਸਥਾਨ ਬਾਰੇ ਇਤਿਹਾਸਕ ਪੁਸ਼ਟੀ ਨਹੀਂ ਮਿਲਦੀ, ਪਰ ਉਹਨਾਂ ਦਾ ਬੁੰਦੇਲਖੰਡ ਦੀਆਂ ਚਿੱਤਰਕੂਟ ਪਹਾੜੀਆਂ ‘ਚ ਭਗਤੀ ਸਥਾਨ ਮੰਨਿਆ ਜਾਂਦਾ ਹੈ। ਮਹਾਂਰਿਸ਼ੀ ਵਾਲਮੀਕਿ ਤ੍ਰੇਤੇ ਯੁੱਗ ਦੇ ਸਰਵਸ੍ਰੇਸ਼ਟ ਅਤੇ ਭਗਵਾਨੀ ਦਿੱਬ ਦ੍ਰਿਸ਼ਟੀ ਵਾਲੇ ਮਹਾਨ ਰਿਸ਼ੀ ਹੋਏ ਹਨ। ਉਹਨਾਂ ਦੇ ਜੀਵਨ ਸਬੰਧੀ ਜਾਣਕਾਰੀ ਉਹਨਾਂ ਦੁਆਰਾ ਰਚਿਤ ਗ੍ਰੰਥ ਰਮਾਇਣ ‘ਚੋਂ ਮਿਲਦੀ ਹੈ। ਰਮਾਇਣ ਦੇ ਉੱਤਰ ਕਾਂਡ ਸਲੋਕ 24 ਅਧਿਆਏ 19 ਮੁਤਾਬਿਕ ਮਹਾਂਰਿਸ਼ੀ ਵਾਲਮੀਕਿ ਜੀ ਨੇ ਫੁਰਮਾਇਆ ਹੈ:-

ਪ੍ਰਚੇਤੇ ਸੋਹੰ ਦਸਮ ਪੁਤਰ ਰਾਘਵ ਨੰਦਨ।

ਨਾ ਸਿੰਗਰਾਮ ਯੰਤ੍ਰ ਵਾਕ ਮਮੋਤੇ ਤਵ ਪੁਤਰੋ।।

ਇਸ ਸਲੋਕ ਮੁਤਾਬਿਕ ਉਹ ਪ੍ਰਚੇਤਾ ਜੀ ਦੇ ਦਸਵੇਂ ਪੁੱਤਰ ਅਤੇ ਮਾਤਾ ਦਾ ਨਾਂਅ ਚਰਸ਼ਨੀ ਜੀ ਹੈ। ਕੁੱਝ ਵਿਦਵਾਨ ਇਹ ਸੁਝਾਅ ਦਿੰਦੇ ਹਨ ਕਿ ਪ੍ਰਚੇਤਾ ਜੀ ਰਤਨਾਪੁਰੀ (ਮੁਲਤਾਨ) ਦੇ ਰਾਜਾ ਸਨ।

ਮਹਾਂਰਿਸ਼ੀ ਵੇਦ ਵਿਆਸ ਨੇ ‘ਸਕੰਦ ਪੁਰਾਣ’ ‘ਚ ਮਹਾਂਰਿਸ਼ੀ ਵਾਲਮੀਕਿ ਦੀ ਜੀਵਨੀ ਦਾ ਵਰਣਨ ਕਰਦਿਆਂ ਉਹਨਾਂ ਨੂੰ ਪੁਰਾਣੇ ਗੁਰੂ ਅਤੇ ਇਸ ਜੀਵ ਬ੍ਰਹਿਮੰਡ ਦੇ ਗੁਰੂ ਮੰਨਿਆ ਹੈ। ਉਹ ਭਗਤੀ ਵਿੱਚ ਇਤਨੇ ਲੀਨ ਹੋਏ ਕਿ ਉਹਨਾਂ ਦੀ ਪਰਮਾਤਮਾ ਨਾਲ ਲਿਵ ਲੱਗ ਗਈ ਸੀ। ਉੱਥੋਂ ਜੰਗਲ ‘ਚੋਂ ਗੁਜਰਦੇ ਸਾਧੂਆਂ ਦੀ ਟੋਲੀ ਨੇ ਉਹਨਾਂ ਨੂੰ ਵਰਮੀ ‘ਚੋਂ ਕੱਢ ਕੇ ਉਜਾਗਰ ਕੀਤਾ ਸੀ। ਉਹਨਾਂ ਉਸ ਵੇਲੇ ਇਸ ਧਰਤੀ ‘ਤੇ ਅਵਤਾਰ ਧਾਰਿਆ, ਜਦੋਂ ਹਿੰਦੂਵਾਦੀ ਤਾਕਤਾਂ ਦੇ ਜ਼ੋਰ ਗਰੀਬਾਂ , ਸ਼ੂਦਰਾਂ, ਮਰਜੀਵੜਿਆਂ ‘ਤੇ ਧਰਮ ਦੇ ਨਾਂਅ ‘ਤੇ ਜ਼ੁਲਮ ਅਤੇ ਵਿਤਕਰੇ ਭਰਿਆ ਵਿਵਹਾਰ ਕੀਤਾ ਜਾਂਦਾ ਸੀ। ਹਰ ਪਾਸੇ ਕੂੜ ਪ੍ਰਧਾਨ ਅਤੇ ਅੱਤਿਆਚਾਰ ਦਾ ਬੋਲਬਾਲਾ ਸੀ। ਉਹਨਾਂ ਰਮਾਇਣ ਦੀ ਸਿਰਜਣਾ ਕਰਕੇ ਇੱਕ ਨਵੇਂ ਅਧਿਆਏ ਦੀ ਸ਼ੂਰੁਆਤ ਕੀਤੀ।

ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਇ ਪਰ ਬਚਨ ਨਾ ਜਾਈ, ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇੱਕ ਆਮ ਵਿਆਕਤੀ ਦੇ ਮਿਹਣਾ ਮਾਰਨ ‘ਤੇ ਸ੍ਰੀ ਰਾਮ ਵੱਲੋਂ ਸੀਤਾ ਨੂੰ ਘਰੋਂ ਕੱਢ ਦੇਣ ‘ਤੇ ਉਸਨੂੰ ਆਪਣੀ ਗਰੀਬ ਅਤੇ ਭਗਤੀ ਵਾਲੀ ਕੁਟੀਆ ‘ਚ ਨਿਵਾਸ ਦੇ ਕੇ ਇਸਤਰੀ ਜਾਤੀ ਦੀ ਇੱਜ਼ਤ ਆਬਰੂ ਨੂੰ ਬਰਕਰਾਰੀ ਦਾ ਸੰਦੇਸ਼ ਦਿੱਤਾ।

ਉਹਨਾਂ ਦੁਆਰਾ ਰਚਿਤ ਰਮਾਇਣ ਦੇ ਅਧਿਐਨ ਨਾਲ ਧਰਮ, ਕਰਮ, ਸੰਸਕ੍ਰਿਤੀ, ਪਿਆਰ, ਸੰਯੋਗ, ਵਿਯੋਗ, ਯੋਗ, ਪਤੀ-ਪਤਨੀ, ਮਾਤਾ-ਪਿਤਾ, ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ, ਧਾਰਮਿਕ ਅਤੇ ਰਾਜਨੀਤਕ ਰਣਨੀਤੀਆਂ ਦੀ ਸੂਝ-ਬੂਝ ਲਈ ਜਾ ਸਕਦੀ ਹੈ। ਇਸ ਦੇ ਡੂੰਘਾਈ ਨਾਲ ਕੀਤੇ ਅਧਿਐਨ ਨਾਲ ਮਾਨਵਤਾਵਾਦੀ, ਗੁਰੂ-ਚੇਲਾ, ਸੇਵਾ ਭਾਵਨਾ, ਤਿਆਗ ਦੀ ਭਾਵਨਾ ਅਤੇ ਮਿੱਤਰਤਾ ਦੀ ਨੀਂਹ ਨੂੰ ਪ੍ਰਫੁਲਿਤ ਕਰਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ। ਜਗਤ ਗੁਰੂ, ਮਹਾਂਪੁਰਸ਼ ਗਿਆਨੀ ਮਹਾਂਰਿਸ਼ੀ ਵਾਲਮੀਕਿ ਮਨੁੱਖੀ ਜੀਵਨ ਦਾ ਕਲਿਆਣ ਕਰਨ, ਦੀਨ-ਦੁਖੀਆਂ ਦੇ ਦੁੱਖ ਹਰਨ, ਸੱਤਿਅਮ ਸ਼ਿਵਮ ਸੁੰਦਰਮ ਆਦਿ ਦਾ ਸੰਦੇਸ਼ ਦੇਣ ਇਸ ਧਰਤੀ ‘ਤੇ ਆਏ ਸਨ। ਉਹਨਾਂ ਦੀ ਕਰੜੀ ਅਤੇ ਘੋਰ ਤਪੱਸਿਆ ਕਾਰਨ ਹੀ ਉਹਨਾਂ ਨੂੰ ਰਿਧੀਆਂ-ਸਿਧੀਆਂ ਅਤੇ ਪਰਮਾਤਮਾ ਦਾ ਗਿਆਨ ਹੋਇਆ ਸੀ ਵਾਲਮੀਕਿ ਜੀ ਨੂੰ ਹਿੰਦੁਸਤਾਨ ਦੇ ਪਹਿਲੇ ਮਹਾਂਰਿਸ਼ੀ ਹੋਣ ਦਾ ਮਾਣ ਪ੍ਰਾਪਤ ਹੈ।

ਇੱਕ ਦਿਨ ਉਹ ਤਮਸਾ ਨਦੀ ਵੱਲ ਸੰਘਣੇ ਜੰਗਲ ‘ਚੋਂ ਗੁਜਰ ਰਹੇ ਸਨ। ਸ਼ਿਕਾਰੀ ਦੇ ਤੀਰ ਨਾਲ ਨਰ ਪੰਛੀ ਦੇ ਮੂਰਛਿਤ ਹੋਣ ‘ਤੇ ਮਾਦਾ ਪੰਛੀ ਦੀ ਦਰਦਨਾਕ ਆਵਾਜ਼ ਨੇ ਉਹਨਾਂ ਦੇ ਦਿਲ ਨੂੰ ਵਲੂੰਧਰ ਦਿੱਤਾ। ਉਹਨਾਂ ਆਪਣੇ ਕੋਮਲ ਵਲੂੰਧਰੇ ਮਨ ਦੇ ਸ਼ਬਦਾਂ ਨਾਲ ਸ਼ਿਕਾਰੀ ਨੂੰ ਜੋ ਸਰਾਪ ਦਿੱਤਾ, ਉਹ ਸ਼ਬਦ ਸੰਸਕ੍ਰਿਤ ਦਾ ਪਹਿਲਾ ਸਲੋਕ ਬਣੇ ਸਨ। ਮਿੱਥ ਮੁਤਾਬਿਕ ਬ੍ਰਹਮਾ ਦੇਵਤਾ ਦੀ ਪ੍ਰੇਰਨਾ ਸਦਕਾ ਨਾਰਦ ਮੁਨੀ ਦੇ ਕਹਿਣ ‘ਤੇ ਉਹਨਾਂ ਅਯੁੱਧਿਆ ਦੇ ਰਾਜਾ ਰਾਮ ਚੰਦਰ ਦਾ ਜੀਵਨ ਬਿਰਤਾਂਤ ਲਿਖਿਆ, ਜਿਸਨੂੰ ਰਮਾਇਣ ਦਾ ਨਾਂਅ ਦਿੱਤਾ ਗਿਆ। ਤ੍ਰੈਕਾਲ ਦਰਸ਼ੀ ਮਹਾਂਰਿਸ਼ੀ ਨੇ ਆਪਣੀ ਦੂਰਦ੍ਰਿਸ਼ਟੀ ਨਾਲ ਸਾਰੀਆਂ ਘਟਨਾਵਾਂ ਨੂੰ ਵਾਚ ਕੇ ਹੂਬਹੂ ਪੇਸ਼ ਕੀਤਾ ਹੈ।

ਮਹਾਂਰਿਸ਼ੀ ਵਾਲਮੀਕਿ ਵਿੱਚ ਭਗਵਾਨ ਵਾਲੀਆਂ ਸਾਰੀਆਂ ਖੂਬੀਆਂ ਸਨ। ਇਸੇ ਕਰਕੇ ਉਹਨਾਂ ਨੂੰ ਭਗਵਾਨ ਵਾਲਮੀਕਿ ਦੀ ਸੰਘਿਆ ਵੀ ਦਿੱਤੀ ਜਾਂਦੀ ਹੈ। ਭਗਵਾਨ ਵਾਲਮੀਕਿ ਦੀ ਰਚੀ ਰਮਾਇਣ ਤੋਂ ਸਾਰੇ ਵਿਸ਼ਵ ਨੂੰ ਸਮਾਜਿਕ, ਰਾਜਨੀਤਕ, ਵਿਗਿਆਨਕ, ਧਾਰਮਿਕ ਦ੍ਰਿਸ਼ਟੀਕੋਣ ਤੋਂ ਵਡਮੁੱਲੀ ਸੇਧ ਮਿਲਦੀ ਹੈ। 13 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਵਸ ਵਾਲਮੀਕਿ ਭਾਈਚਾਰੇ ਵੱਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਓ! ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ‘ਚ ਧਾਰਨ ਕਰਕੇ ਸੁਚੱਜਾ, ਸਵੱਛ, ਸਮਾਜਿਕ ਕਦਰਾਂ-ਕੀਮਤਾਂ ਭਰਪੂਰ ਇਨਸਾਨੀਅਤ ਭਰਿਆ ਜੀਵਣ ਜਿਉਣ ਦਾ ਪ੍ਰਣ ਕਰੀਏ।

ਬੀਂਬੜ੍ਹ, ਸੰਗਰੂਰ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।