rajinder kaur bhattal ਕਰ ਸਕਦੀ ਐ ਨਰਾਜ਼ ਵਿਧਾਇਕਾਂ ਦੀ ਅਗਵਾਈ

rajinder kaur bhattal

rajinder kaur bhattal | ਸਰਕਾਰ ਖ਼ਿਲਾਫ਼ ਬੋਲਣ ਵਾਲੇ ਨਰਾਜ਼ ਵਿਧਾਇਕਾਂ ਨੂੰ ਦਿੱਤਾ ਰਾਜਿੰਦਰ ਕੌਰ ਭੱਠਲ ਨੇ ਜਾਇਜ਼ ਕਰਾਰ

ਚੰਡੀਗੜ(ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਿੱਚ ਜਲਦ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਅਮਰਿੰਦਰ ਸਿੰਘ ਤੋਂ ਨਰਾਜ਼ ਚਲ ਰਹੇ ਵਿਧਾਇਕਾਂ ਦੀ ਅਗਵਾਈ ਜਲਦ ਹੀ ਰਾਜਿੰਦਰ ਕੌਰ ਭੱਠਲ ਕਰ ਸਕਦੀ ਹੈ ਅਤੇ ਇਸ ਸਬੰਧੀ ਦਿੱਲੀ ਦਰਬਾਰ ਤੱਕ ਜਾਣ ਦੀ ਤਿਆਰੀ ਤੱਕ ਕੀਤੀ ਜਾ ਰਹੀਂ ਹੈ। ਰਾਜਿੰਦਰ ਕੌਰ ਭੱਠਲ ਵਲੋਂ ਪਟਿਆਲਾ ਜ਼ਿਲੇ ਦੇ ਨਰਾਜ਼ 4 ਵਿਧਾਇਕਾਂ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਸੰਗਰੂਰ ਤੋਂ ਲੈ ਕੇ ਅਬੋਹਰ ਤੱਕ ਨਰਾਜ਼ਗੀ ਜ਼ਾਹਿਰ ਕਰਨ ਵਾਲੇ ਵਿਧਾਇਕਾਂ ਦੀ ਨਰਾਜ਼ਗੀ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ ਅਤੇ ਸਾਫ਼ ਕਿਹਾ ਕਿ ਪਿਛਲੀ ਕਾਂਂਗਰਸ ਸਰਕਾਰ ਦੌਰਾਨ ਵਿਧਾਇਕਾਂ ਦੀ ਪੂਰੀ ਵੱਕਅਤ ਹੁੰਦੀ ਸੀ ਪਰ ਇਸ ਸਰਕਾਰ ਵਿੱਚ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਹੈ। ਉਨਾਂ ਕਿਹਾ ਸਮੇਂ ਸਮੇਂ ਦੀ ਗਲ ਹੁੰਦੀ ਹੈ, ਉਸ ਸਮੇਂ ਅਤੇ ਹੁਣ ਦੇ ਸਮੇਂ ਵਿੱਚ ਜਮੀਨ ਆਸਮਾਨ ਦਾ ਫਰਕ ਹੈ। ਰਾਜਿੰਦਰ ਕੌਰ ਭੱਠਲ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਥੇ ਹੀ ਰਾਜਿੰਦਰ ਕੌਰ ਭੱਠਲ ਵਲੋਂ ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਹੋਏ ਸਰਕਾਰ ਵੱਲ ਧਿਆਨ ਦੇਣ ਲਈ ਕਿਹਾ ਹੈ ਪਰ ਇਸ ਨਾਲ ਹੀ ਇੱਕ ਸਲਾਹਕਾਰ ਕਮੇਟੀ ਬਣਾਉਣ ਦੀ ਵੀ ਮੰਗ ਰੱਖ ਦਿੱਤੀ ਹੈ, ਜਿਸ ਵਿੱਚ ਪਿਛਲੀ ਕਾਂਗਰਸ ਦੀ ਸਰਕਾਰ ‘ਚ ਮੰਤਰੀ ਰਹੇ ਕਾਂਗਰਸੀ ਲੀਡਰਾਂ ਨੂੰ ਸ਼ਾਮਲ ਕਰਦੇ ਹੋਏ ਸਰਕਾਰ ਚਲਾਉਣ ਸਬੰਧੀ ਸਲਾਹ ਲਈ ਜਾ ਸਕੇ। ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਹ ਸਮੇਂ ਸਮੇਂ ‘ਤੇ ਅਮਰਿੰਦਰ ਸਿੰਘ ਨੂੰ ਆਪਣੀ ਸਲਾਹ ਦਿੰਦੇ ਰਹੇ ਹਨ ਅਤੇ ਹੁਣ ਵੀ ਉਹ ਮੁੱਖ ਮੰਤਰੀ ਨੂੰ ਜਰੂਰ ਸਲਾਹ ਦੇਣਗੇ ਕਿ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਕੇ ਉਨਾਂ ਦੇ ਕੰਮ ਕਰਵਾਏ ਜਾਣ।

ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਅਮਰਿੰਦਰ ਸਿੰਘ ਖ਼ਿਲਾਫ਼ ਵਿਧਾਇਕਾਂ ਨੂੰ ਲੈ ਕੇ ਲਾਮਬੰਦ ਹੋ ਚੁੱਕੀ ਐ ਰਾਜਿੰਦਰ ਕੌਰ ਭੱਠਲ

ਰਾਜਿੰਦਰ ਕੌਰ ਭੱਠਲ ਵੱਲੋਂ ਨਰਾਜ਼ ਵਿਧਾਇਕਾਂ ਦੇ ਹੱਕ ਵਿੱਚ ਨਾਅਰਾ ਮਾਰਨ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ 2004 ਦੀ ਮੁੜ ਤੋਂ ਯਾਦ ਆਉਣੀ ਸ਼ੁਰੂ ਹੋ ਗਈ ਹੈ, ਜਦੋਂ ਇਸੇ ਤਰਾਂ ਦੇ ਮਾਹੌਲ ਵਿੱਚ ਅਮਰਿੰਦਰ ਸਿੰਘ ਤੋਂ ਕਾਫ਼ੀ ਜਿਆਦਾ ਵਿਧਾਇਕ ਨਰਾਜ਼ ਚਲਦੇ ਹੋਏ ਦਿੱਲੀ ਤੱਕ ਪਹੁੰਚ ਗਏ ਸਨ।

ਉਸ ਸਮੇਂ ਵੀ ਨਰਾਜ਼ ਵਿਧਾਇਕਾਂ ਦੀ ਅਗਵਾਈ ਰਾਜਿੰਦਰ ਕੌਰ ਭੱਠਲ ਨੇ ਕਰਦੇ ਹੋਏ ਦਿੱਲੀ ਵਿਖੇ ਲਗਾਤਾਰ ਡੇਰਾ ਤੱਕ ਜਮਾ ਕੇ ਰੱਖਿਆ ਸੀ। ਜਿਸ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਉਪ ਮੁੱਖ ਮੰਤਰੀ ਵੀ ਨਿਯੁਕਤ ਕੀਤੇ ਗਏ ਸਨ ਤਾਂ ਕਿ ਆਮ ਵਰਕਰਾਂ ਤੋਂ ਲੈ ਕੇ ਵਿਧਾਇਕਾਂ ਦੇ ਕੰਮ ਉਨਾਂ ਰਾਹੀਂ ਸਰਕਾਰ ਵਿੱਚ ਹੋ ਸਕਣ। ਹੁਣ ਮੁੜ ਤੋਂ ਉਹੋ ਜਿਹੀ ਸਥਿਤੀ ਪੈਦਾ ਹੁੰਦੀ ਜਾ ਰਹੀਂ ਹੈ। ਨਰਾਜ਼ ਵਿਧਾਇਕ ਮੁੜ ਰਾਜਿੰਦਰ ਕੌਰ ਭੱਠਲ ਦੇ ਗੁਣਗਾਣ ਕਰ ਰਹੇ ਹਨ ਅਤੇ ਭੱਠਲ ਉਨਾਂ ਦੇ ਹੱਕ ਵਿੱਚ ਖੜੇ ਹੋਣ ਲਈ ਤਿਆਰ ਨਜ਼ਰ ਆ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।