ਦਿੱਲੀ ਹਵਾਈ ਅੱਡੇ ਤੱਕ ਬੱਸ ਸ਼ੁਰੂ ਕਰਨਾ ਚਾਹੁੰਦੇ ਹਨ ਰਾਜਾ ਵੜਿੰਗ, ਕੇਜਰੀਵਾਲ ਨੂੰ ਮਿਲਣ ਲਈ ਮੰਗਿਆ ਸਮਾਂ

Raja Warring

ਟਰਾਂਸਪੋਰਟ ਮੰਤਰੀ ਨੇ ਮਸਲੇ ਦੇ ਤੁਰੰਤ ਹੱਲ ਲਈ ਮੀਟਿੰਗ ਦਾ ਸਮਾਂ ਮੰਗਿਆ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਰਾਜ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਲੰਮੇ ਸਮੇਂ ਤੋਂ ਲਟਕਦੇ ਇਸ ਮਸਲੇ ਦੇ ਛੇਤੀ ਹੱਲ ਲਈ ਮੀਟਿੰਗ ਦਾ ਸਮਾਂ ਮੰਗਿਆ ਹੈ। ਦਿੱਲੀ ਟਰਾਂਸਪੋਰਟ ਵਿਭਾਗ ਨੇ ਨਵੰਬਰ 2018 ਵਿੱਚ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਹਵਾਈ ਅੱਡੇ ਤੱਕ ਜਾਣ ‘ਤੇ ਰੋਕ ਲਾ ਦਿੱਤੀ ਸੀ, ਜੋ ਸੂਬੇ ਦੇ ਵੱਖ-ਵੱਖ ਸਹਿਰਾਂ ਤੋਂ ਹਵਾਈ ਅੱਡੇ ਜਾਣ ਵਾਲੇ ਯਾਤਰੀਆਂ ਨੂੰ ਕਿਫ਼ਾਇਤੀ ਦਰਾਂ ‘ਤੇ ਸਫ਼ਰ ਮੁਹੱਈਆ ਕਰਾਉਣ ਲਈ ਚਲਾਈ ਜਾ ਰਹੀ ਸੀ।

ਉਨਾਂ ਕਿਹਾ ਕਿ ਦਿੱਲੀ ਸਰਕਾਰ ਦੀ ਆਮ ਲੋਕਾਂ ਪ੍ਰਤੀ ਬੇਰੁਖੀ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਹੋਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦਾ ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ ਲੋਕਾਂ ਨੂੰ ਸਸਤਾ ਅਤੇ ਵਧੀਆ ਸੇਵਾਵਾਂ ਦੇਣਾ ਮੇਰਾ ਮੁੱਢਲਾ ਫਰਜ ਬਣਦਾ ਹੈ ਅਤੇ ਮੈਂ ਪਹਿਲੇ ਦਿਨ ਤੋਂ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹਾਂ। ਮੈਂ, ਦਿੱਲੀ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਾਏ ਜਾ ਰਹੇ ਇਸ ਮੁੱਦੇ ਦੇ ਹੱਲ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੋਂ ਨਿੱਜੀ ਤੌਰ ‘ਤੇ ਮਿਲਣ ਲਈ ਢੁਕਵੀਂ ਤਰੀਕ ਅਤੇ ਸਮਾਂ ਮੰਗਿਆ ਹੈ ਤਾਂ ਜੋ ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਸਰਕਾਰੀ ਬੱਸ ਸੇਵਾ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਫੈਸਲੇ ਨੂੰ ਰੱਦ ਕਰਵਾ ਸਕਾਂ।


ਉਨਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪਹਿਲਾਂ ਵੀ ਦਿੱਲੀ ਟਰਾਂਸਪੋਰਟ ਅਥਾਰਿਟੀ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਕਈ ਪੱਤਰ ਲਿਖਣ ਸਮੇਤ ਕਈ ਵਾਰ ਬੇਨਤੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਲਾਭ ਨਹੀਂ ਹੋਇਆ। ਵੜਿੰਗ ਨੇ ਵਿਭਾਗ ਦੇ ਪੱਤਰਾਂ ਦਾ ਮੁਕੰਮਲ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ 29.11.2019 ਅਤੇ 16.03.2020 ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ 24.09.2019 ਅਤੇ 24.02.2021 ਨੂੰ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ ਗਹਿਲੋਤ ਨੂੰ ਪੱਤਰ ਲਿਖੇ ਸਨ। ਇਸ ਤੋਂ ਇਲਾਵਾ ਦਿੱਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਈ ਬੇਨਤੀਆਂ ਵੀ ਭੇਜੀਆਂ ਗਈਆਂ।

ਟਰਾਂਸਪੋਰਟ ਮੰਤਰੀ ਨੇ ਜਿਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਪੱਖੀ ਕਾਰਜ ਨੂੰ ਨੇਪਰੇ ਚਾੜਨ ਲਈ ਉਨਾਂ ਨਾਲ ਖੜਨ ਅਤੇ ਨਿਰੰਤਰ ਸਹਿਯੋਗ ਕਰਦੇ ਰਹਿਣ, ਉਥੇ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਸੂਬਾ ਵਾਸੀਆਂ ਲਈ ਸਸਤੀਆਂ ਦਰਾਂ ‘ਤੇ ਸਫ਼ਰ ਮੁਹੱਈਆ ਕਰਵਾਉਂਦੀ ਪੰਜਾਬ ਰਾਜ ਬੱਸ ਸੇਵਾ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਮੁੜ ਚਲਾਉਣ ਦੇ ਮੁੱਦੇ ਦਾ ਛੇਤੀ ਹੱਲ ਕੱਢਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ