ਛੋਟੇ ਪਿੰਡ-ਵੱਡੀਆਂ ਪ੍ਰਾਪਤੀਆਂ : ਰਾਏ ਖਾਨਾ ਤੇ ਮਾਣਕ ਖਾਨਾ ਦੀਆਂ ਗ੍ਰਾਮ ਪੰਚਾਇਤਾਂ ਦੀ ਕੌਮੀ ਪੁਰਸਕਾਰ ਲਈ ਚੋਣ

National Award Sachkahoon

 ਵਧੀਆ ਕਾਰਜਗਾਰੀ ਕਰਕੇ ਪੁਰਸਕਾਰਾਂ ਲਈ ਹੋਈ ਚੋਣ

 ਪਿੰਡ ਮਾਣਕਖਾਨਾ ਦੀ ਪੰਚਾਇਤ ਨੇ ਲਗਾਤਾਰ ਦੂਜੀ ਵਾਰ ਪੁਰਸਕਾਰ ਲਈ ਮਾਰੀ ਬਾਜ਼ੀ

(ਸੁਖਜੀਤ ਮਾਨ) ਬਠਿੰਡਾ। ਕੇਂਦਰ ਸਰਕਾਰ ਵੱਲੋਂ ਅੱਜ ਐਲਾਨੇ ਕੌਮੀ ਪੁਰਸਕਾਰਾਂ ਵਿੱਚੋਂ ਜਿਲ੍ਹਾ ਬਠਿੰਡਾ ਦੇ ਪਿੰਡ ਰਾਏ ਖਾਨਾ ਤੇ ਮਾਣਕ ਖਾਨਾ ਦੀਆਂ ਗ੍ਰਾਮ ਪੰਚਾਇਤਾਂ ਦੀ ਝੋਲੀ ’ਚ ਦੋ ਕੌਮੀ ਪੁਰਸਕਾਰ ਪਏ ਹਨ। ਬਲਾਕ ਮੌੜ ਦੀਆਂ ਇਨ੍ਹਾਂ ਦੋਵੇਂ ਗ੍ਰਾਮ ਪੰਚਾਇਤਾਂ ਨੂੰ ਹੁਣ ਇੱਕੋ ਵੇਲੇ ਦੋ ਕੌਮੀ ਪੁਰਸਕਾਰ ਮਿਲੇ ਹਨ, ਜਦੋਂਕਿ ਗ੍ਰਾਮ ਪੰਚਾਇਤ ਮਾਣਕ ਖਾਨਾ ਨੇ ਦੂਸਰੀ ਵਾਰ ਕੌਮੀ ਪੁਰਸਕਾਰ ਲੈਣ ਵਿੱਚ ਬਾਜੀ ਮਾਰੀ । ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਬਲਾਕ ਪਿੰਡ ਰਾਏ ਖਾਨਾ ਗ੍ਰਾਮ ਪੰਚਾਇਤ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ ਅਤੇ ਗ੍ਰਾਮ ਪੰਚਾਇਤ ਮਾਣਕ ਖਾਨਾ ਨੂੰ ‘ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ’ ਲਈ ਚੋਣ ਕੀਤੀ ਗਈ ਹੈ ਇਹ ਪੁਰਸਕਾਰ ਪੰਚਾਇਤੀ ਦਿਵਸ ’ਤੇ 24 ਅਪਰੈਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ ।

ਗ੍ਰਾਮ ਪੰਚਾਇਤ ਰਾਏ ਖਾਨਾ ਦੇ ਉਸਾਰੂ ਤੇ ਅਜ਼ਾਦ ਸੋਚ ਦੇ ਮਾਲਕ ਸਰਪੰਚ ਮਲਕੀਤ ਖਾਨ ਵੱਲੋਂ ਪਿੰਡ ਦੇ ਕੀਤੇ ਗਏ ਨਿਵੇਕਲੇ ਵਿਕਾਸ ਕਾਰਜਾਂ ਦੀ ਚਰਚਾ ਪਹਿਲਾਂ ਹੀ ਛਿੜੀ ਹੋਈ ਸੀ ਪੁਰਸਕਾਰ ਐਲਾਨੇ ਜਾਣ ’ਤੇ ਪਿੰਡ ਵਾਸੀਆਂ ਨੇ ਲੱਡੂ ਵੰਡਕੇ ਖੁਸ਼ੀ ਸਾਂਝੀ ਕੀਤੀ । ਸਰਪੰਚ ਮਲਕੀਤ ਖਾਨ ਨੇ ਆਖਿਆ ਕਿ ਰਾਏ ਖਾਨਾ ਦੀ ਸਮੱੁਚੀ ਪੰਚਾਇਤ ਨੇ ਪੇਂਡੂ ਵਿਕਾਸ ’ਚ ਨਵਾਂ ਅਧਿਆਇ ਲਿਖਿਆ ਹੈ । ਉਨ੍ਹਾਂ ਕਿਹਾ ਕਿ ਕੌਮੀ ਪੁਰਸਕਾਰ ਦਾ ਸਿਹਰਾ ਪਿੰਡ ਵਾਸੀਆਂ ਨੂੰ ਜਾਂਦਾ ਹੈ, ਜਿੰਨ੍ਹਾਂ ਨੇ ਹਮੇਸ਼ਾ ਪੰਚਾਇਤ ਦਾ ਸਾਥ ਦਿੱਤਾ। ਪੁਰਸਕਾਰ ਲਈ ਚੁਣੀ ਜਾਣ ਵਾਲੀ ਰਾਏ ਖਾਨਾ ਦੀ ਪੰਚਾਇਤ ਵੱਲੋਂ ਹਕੀਕੀ ਰੂਪ ਵਿੱਚ ਗ੍ਰਾਮ ਸਭਾ ਦੇ ਆਮ ਇਜਲਾਸ ਕੀਤੇ ਜਾਂਦੇ ਹਨ ਅਤੇ ਬੌਧਿਕ ਵਿਕਾਸ ਲਈ ਲਾਇਬ੍ਰੇਰੀ , ਪਾਰਕ , ਪਸ਼ੂ ਹਸਪਤਾਲ , ਮੀਂਹ ਦੇ ਪਾਣੀ ਨੂੰ ਧਰਤੀ ’ਚ ਰੀਚਾਰਜ ਕਰਨ ਲਈ ਸੋਕਪਿਟ, ਜੈਵਿਕ ਖੇਤੀ ਲਈ ਗਰੀਨ ਹਾਊਸ , ਸੱਥ ਸ਼ੈਡ , ਪਬਲਿਕ ਪਖਾਨੇ , ਸਕੂਲ ਚਾਰਦੀਵਾਰੀ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੋਇਆ ਹੈ । ਆਮ ਇਜਲਾਸ ਵਿੱਚ ਪੰਚਾਇਤ ਦੇ ਕੰਮਾਂ ਦਾ ਲੇਖਾ ਜੋਖਾ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਪੜ੍ਹਕੇ ਸੁਣਾਇਆ ਜਾਂਦਾ ਹੈ । ਗ੍ਰਾਮ ਪੰਚਾਇਤ ਮਾਣਕ ਖਾਨਾ ਦੀ ਪੜ੍ਹੀ ਲਿਖੀ ਧੀ ਸਰਪੰਚ ਸੈਸ਼ਨਦੀਪ ਕੌਰ ਨੂੰ ਦੂਸਰੇ ਸਾਲ ਦੁਬਾਰਾ ਕੌਮੀ ਪੁਰਸਕਾਰ ਲਈ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ।

ਸਰਪੰਚ ਸੈਸਨਦੀਪ ਕੌਰ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਗ੍ਰਾਮ ਸਭਾ ਦੀਆਂ ਮੀਟਿੰਗਾਂ ਵਿੱਚ ਕੀਤੀ ਜਾਂਦੀ ਭਰਵੀਂ ਸ਼ਮੂਲੀਅਤ ਤੇ ਲੋਕਾਂ ਤਰਫ਼ੋਂ ਆਪ ਪਿੰਡ ਦੀ ਬਣਾਈ ਜਾਂਦੀ ਵਿਕਾਸ ਯੋਜਨਾ ਸਦਕਾ ਗ੍ਰਾਮ ਪੰਚਾਇਤ ਨੂੰ ਕੌਮੀ ਪੁਰਸਕਾਰ ਮਿਲਣ ਦਾ ਮਾਣ ਹਾਸਲ ਹੋਇਆ ਹੈ। ਪਿੰਡ ’ਚ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਲਾਇਬ੍ਰੇਰੀ, ਪਾਰਕ, ਕੂੜੇ ਕਰਕਟ ਦੀ ਸਾਂਭ-ਸੰਭਾਲ, ਰੇਨ ਵਾਟਰ ਰੀਚਾਰਜ ਪਿਟ, ਆਧੁਨਿਕ ਕਿਸਮ ਦਾ ਸੱਥ ਸ਼ੈਡ, ਖੂਹ ਦੀ ਨਵੀਨੀਕਰਨ, ਸਕੂਲ ਦੀ ਬਿਲਡਿੰਗ ਸ਼ਾਮਲ ਹਨ । ਇਹ ਪੁਰਸਕਾਰ ਪੰਚਾਇਤੀ ਦਿਵਸ ਮੌਕੇ ਸਮਾਗਮ ਦੌਰਾਨ ਦਿੱਤੇ ਜਾਣਗੇ ਅਤੇ ਵਿਕਾਸ ਕਾਰਜਾਂ ਲਈ ਇੰਨਾ ਪੰਚਾਇਤਾਂ ਨੂੰ ਪੁਰਸਕਾਰ ਦੇ ਨਾਲ ਲੱਖਾਂ ਰੁਪਏ ਦੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ । ਸਰਪੰਚ ਮਲਕੀਤ ਖਾਨ ਤੇ ਸੈਸਨਦੀਪ ਕੌਰ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਪਰਮਵੀਰ ਸਿੰਘ ਆਈ ਏ ਐਸ , ਨੈਸ਼ਨਲ ਐਵਾਰਡੀ ਡਾ. ਨਰਿੰਦਰ ਸਿੰਘ ਕੰਗ ਅਤੇ ਪਰਮਜੀਤ ਭੁੱਲਰ ਵੀਡੀਓ ਉਨ੍ਹਾਂ ਲਈ ਪ੍ਰੇਰਨਾਸਰੋਤ ਹਨ, ਜਿੰਨ੍ਹਾਂ ਕਰਕੇ ਉਨ੍ਹਾਂ ਨੂੰ ਨਿਵੇਕਲੇ ਵਿਕਾਸ ਕਾਰਜਾਂ ਕਰਨ ਦਾ ਮੌਕਾ ਮਿਲਿਆ । ਇਸ ਤੋਂ ਇਲਾਵਾ ਪੇਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਸਦਕਾ ਵਿਕਾਸ ਦੇ ਕੰਮ ਸਪੰਨ ਹੋਏ।

ਰਾਹ ਦਸੇਰਾ ਬਣੇ ਨੇ ਪਿੰਡ ਰਾਏ ਖਾਨਾ ਤੇ ਮਾਣਕ ਖਾਨਾ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਪਿੰਡ ਰਾਏਖਾਨਾ ਅਤੇ ਮਾਣਕਖਾਨਾ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦੋਵੇਂ ਪਿੰਡ ਬਾਕੀ ਪਿੰਡਾਂ ਲਈ ਰਾਹ ਦਸੇਰਾ ਬਣੇ ਹਨ। ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਨ੍ਹਾਂ ਪਿੰਡਾਂ ’ਚ ਜਾ ਕੇ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੇ ਪਿੰਡਾਂ ਨੂੰ ਬਿਹਤਰ ਬਣਾ ਸਕਣ ਇਸ ਤੋਂ ਇਲਾਵਾ ਪ੍ਰਸਾਸ਼ਨ ਵੀ ਉਕਤ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਾਕੀ ਪਿੰਡਾਂ ਨਾਲ ਮਿਲਾਵੇਗਾ ਤਾਂ ਜੋ ਉਹ ਆਪਣੇ ਤਜ਼ਰਬੇ ਦੂਜਿਆਂ ਨਾਲ ਸਾਂਝੇ ਕਰ ਸਕਣ ਤੇ ਹੋਰ ਪਿੰਡ ਵੀ ਤਰੱਕੀ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ